ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ ਪੰਜਾਬੀ ਸਾਹਿਤ ਜਗਤ ਅਤੇ ਗੁਰਮਤਿ ਵਿਆਖਿਆ ਦੇ ਖੇਤਰ ਵਿਚ ਭਾਈ ਕ੍ਹਾਨ ਸਿੰਘ ਨਾਭਾ ਇਕ ਅਜਿਹਾ ਨਾਂ ਹੈ ਜਿਸਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਕੀਤੀ ਜਾ ਸਕਦੀ।ਆਪ ਦਾ ਜਨਮ ਮਾਤਾ ਹਰਿ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਉਨ੍ਹਾਂ ਦੇ ਘਰ 30ਅਗਸਤ 1861 ਈ: ਨੂੰ ਹੋਇਆ।
ਬੱਚਪਨ ਵਿਚ ਆਪਣੇ ਪਿਤਾ ਬਾਬਾ ਨਾਰਾਇਣ ਸਿੰਘ ਪਾਸੋਂ ਨਾਭਾ ਵਿਖੇ ਤੇ ਬਾਅਦ ਵਿਚ ਸਮੇਂ ਦੇ ਹੋਰ ਪ੍ਰਮੁੱਖ ਵਿਦਵਾਨਾਂ ਪਾਸੋਂ ਬਹੁਪੱਖੀ ਵਿਦਿਆ ਗ੍ਰਹਿਣ ਕੀਤੀ।ਉਹ ਸ਼ਿਕਾਰ ਦੇ ਸੌਕੀਨ ਤੇ ਸੰਗੀਤ ਪ੍ਰੇਮੀ ਵੀ ਸਨ।ਆਪ ਦਾ ਵਿਆਹ ਰਿਆਸਤ ਪਟਿਆਲਾ ਦੇ ਪਿੰਡ ਰਾਮਗੜ੍ਹ ਵਿਚ ਸ੍ਰ ਹਰਦਮ ਸਿੰਘ ਦੀ ਸਪੁੱਤਰੀ ਬਸੰਤ ਕੌਰ ਨਾਲ ਹੋਇਆ ,ਜਿਸਦੀ ਕੁੱਖੋਂ ਉਨ੍ਹਾਂ ਦੇ ਇਕਲੌਤੇ ਬੇਟੇ ਭਗਵੰਤ ਸਿੰਘ (ਹਰੀ ਜੀ) ਦਾ ਜਨਮ 1892ਈ: ਵਿਚ ਹੋਇਆ।ਭਾਈ ਸਹਿਬ ਨੇ ਰਿਆਸਤ ਨਾਭਾ ਅਤੇ ਪਟਿਆਲਾ ਵਿਚ ਕਈ ਉਚੱ ਆਹੁਦਿਆਂ ਤੇ ਸੇਵਾ ਕੀਤੀ ਅਤੇ ਮਹਾਰਾਜਾ ਰਿਪੁਦਮਨ ਸਿੰਘ ,ਉਨ੍ਹਾਂ ਦੀ ਮਹਾਰਾਣੀ ਸਰੋਜਨੀ ਦੇਵੀ ਤੇ ਪ੍ਰਸਿੱਧ ਅੰਗਰੇਜ ਵਿਦਵਾਨ ਮਿਸਟਰ ਮੈਕਸ ਆਰਥਰ ਮੈਕਾਲਫ ਆਪ ਦੇ ਪ੍ਰਮੁੱਖ ਸ਼ਿਸ਼ ਬਣੇ। ਮਹਾਰਾਜਾ ਭੁਪਿੰਦਰ ਸਿੰਘ (ਰਿਆਸਤ ਪਟਿਆਲਾ) ਤੇ ਮਹਾਰਾਜਾ ਰਿਆਸਤ ਕਪੂਰਥਲਾ ਵੀ ਉਨ੍ਹਾਂ ਦੇ ਬੜੇ ਕਦਰਦਾਨ ਸਨ। ਉਸ ਮੌਕੇ ਦੀਆਂ ਸੁਧਾਰਕ ਲਹਿਰਾਂ ‘ਸਿੰਘ ਸਭਾ ਲਹਿਰ’ ਆਦਿ ਦੇ ਆਗੂ ਵੀ ਉਨ੍ਹਾਂ ਦੀ ਵਿਦਵਤਾ ਤੋਂ ਬਹੁਤ ਪ੍ਰਭਾਵਿਤ ਸਨ।
ਇਕ ਲੇਖਕ ਦੇ ਤੌਰ ਤੇ ਭਾਈ ਸਾਹੇਬ ਦਾ ਆਗਮਨ 19ਵੀਂ ਸਦੀ ਦੇ ਅਖੀਰਲੇ ਦਹਾਕੇ ਵਿਚ ਹੋਇਆ।ਮੁਢਲੇ ਦੌਰ ਦੀਆਂ ਰਚਨਾਵਾਂ ‘ ਰਾਜ ਧਰਮ’,'ਟੀਕਾ ਜੈਮਨੀ ਅਸਵਮੇਧ’,ਤੇ’ਨਾਟਕ ਭਾਵਾਰਥ ਦੀਪਕਾ’ ਆਦਿ ਆਪ ਨੂੰ ਪਰੰਪਰਾਗਤ ਵਿਦਿਆ ਦਾ ਵਿਦਵਾਨ ਸਿੱਧ ਕਰਦੀਆਂ ਹਨ।ਇਸ ਉਪਰੰਤ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਲਈ ‘ਹਮ ਹਿੰਦੂ ਨਹੀਂ’,'ਗੁਰੁਮਤ ਪ੍ਰਭਾਕਰ’,'ਗੁਰੁਮਤ ਸੁਧਾਕਰ’,'ਗੁਰੁ-ਗਿਰਾ ਕਸੌਟੀ ‘,’ਸੱਦ ਕਾ ਪਰਮਾਰਥ’ ‘ਠਗ-ਲੀਲ੍ਹਾ’,‘ਚੰਡੀ ਦੀ ਵਾਰ ਸਟੀਕ’ ਤੇ ਅਨੇਕਾਂ ਹੋਰ ਪੁਸਤਕਾਂ ਦੀ ਰਚਨਾ ਸਦਕਾ ਉਹ ਸਿੱਖ ਧਰਮ ਦੇ ਮਹਾਨ ਵਿਆਖਿਆਕਾਰ ਵਜੋਂ ਸਥਾਪਤ ਹੋਏ।ਇਨ੍ਹਾਂ ਲਿਖਤਾਂ ਨਾਲ ਸਿੱਖ ਰਾਜਨੀਤੀ ਨੂੰ ਸਪੱਸ਼ਟ ਮਨੋਰਥ ਤੇ ਦਿਸ਼ਾ ਦੇਣ ਤੋਂ ਇਲਾਵਾ ,ਨਾਲ ਹੀ ਉਨ੍ਹਾਂ ਪਹਿਲੀ ਵਾਰ ਸਿੱਖ ਇਤਿਹਾਸ ,ਗੁਰਬਾਣੀ ਤੇ ਸਿੱਖ ਸਾਹਿਤ ਨੂੰ ਗੁਰਮਤਿ ਸਿਧਾਂਤਾਂ ਅਨੁਸਾਰ ਪਰਖ ਕੇ ਉਸ ਵਿਚ ਪਾਏ ਰਲਾਅ ਨੂੰ ਵਖਰਿਆ ਕੇ ਸਿੱਟਾ ਕੱਢਿਆ ਕਿ ‘ਗੁਰਬਾਣੀ ‘ਸਨਾਤਨੀ ਵਿਚਾਰਾਂ ਦੀ ਪ੍ਰੋੜਤਾ ਨਹੀਂ ਕਰਦੀ ਅਤੇ ਨਾਂ ਹੀ ਗੁਰਬਾਣੀ ਧਰਮ ਸ਼ਾਸਤਰਾਂ ਦਾ ਖੁਲਾਸਾ ਹੈ। ‘ਗੁਰੁਛੰਦ ਦਿਵਾਕਰ’ ਤੇ ਗੁਰੁਸ਼ਬਦਾਲੰਕਾਰ’ ਪੁਸਤਕਾਂ ਦੀ ਰਚਨਾ ਕਰਕੇ ਉਹ ਇਕ ਮਹਾਨ ਛੰਦ ਸ਼ਾਸਤਰੀ ਤੇ ਅਲੰਕਾਰ ਸ਼ਾਸਤਰੀ ਵਜੋਂ ਪ੍ਰਸ਼ਿੱਧ ਹੋਏ ।ਆਪ ਦੀ ਪੂਰੀ ਜਿੰਦਗੀ ਦੀ ਮਿਹਨਤ ਦਾ ਸਿੱਟਾ ਅਤੇ ਆਪ ਦਾ ਸਭ ਤੋਂ ਮਹਾਨ ਗ੍ਰੰਥ ‘ਗੁਰੁਸ਼ਬਦ ਰਤਨਾਕਰ ਮਹਾਨ ਕੋਸ਼’ ਹੈ,ਜਿਸਨੂੰ ਸਿੱਖ ਸਾਹਿਤ ਦਾ ਵਿਸ਼ਵਕੋਸ਼ ਜਾਂ ਇਨਸਾਈਕਲੋਪੀਡੀਆ ਕਿਹਾ ਜਾਂਦਾ ਹੈ,ਜੋ ਕਿ ਪੰਜਾਬੀ ਕੋਸ਼ਕਾਰੀ ਦੇ ਖੇਤਰ ਵਿਚ ਇਕ ਮੀਲ ਪੱਥਰ ਹੈ।ਇਸ ਅਨੁਪਮ ਗ੍ਰੰਥ ਵਿਚ ਸਾਹਿਤ,ਇਤਿਹਾਸ,ਭੁਗੋਲ,ਚਕਿਤਸਾ ਆਦਿ ਅਨੇਕ ਵਿਸ਼ਿਆਂ ਤੋਂ ਇਲਾਵਾ ਭਾਰਤੀ ਸ਼ਾਸਤਰੀ ਸੰਗੀਤ ਬਾਰੇ ਵੀ ਵਡਮੁੱਲੀ ਜਾਣਕਾਰੀ ਉਪਲਬਧ ਹੈ।ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਇਸਦਾ ਅੰਗਰੇਜੀ ਵਿਚ ਅਨੁਵਾਦ ਕੀਤਾ ਗਿਆ ਹੈ,ਅਤੇ ਪੰਜਾਬੀ ਸੇਵੀ ਵਾਈਸ-ਚਾਂਸਲਰ ਡਾ.ਜਸਪਾਲ ਸਿੰਘ, ਭਾਈ ਕਾਨ੍ਹ ਸਿੰਘ ਦੀਆਂ ਕੁਝ ਹੋਰ ਦੁਰਲੱਭ ਰਚਨਾਵਾਂ ਦੇ ਹਿੰਦੀ ਅਨੁਵਾਦ ਲਈ ਵੀ ਯਤਨਸ਼ੀਲ ਹਨ।
‘ਸ਼ਰਾਬ-ਨਿਸ਼ੇਧ’ ਵਰਗੀਆਂ ਸਮਾਜ ਸੁਧਾਰਕ ਪੁਸਤਕਾਂ ਲਿਖਣ ਦੇ ਨਾਲ ਨਾਲ ਭਾਈ ਕ੍ਹਾਨ ਸਿੰਘ ਨਾਭਾ ਨੇ ਪੰਜਾਬੀ ਟੀਕਾਕਾਰੀ ਨੂੰ ਵੀ ਵਿਗਿਆਨਕ ਲੀਹਾਂ ਤੇ ਤੋਰਿਆ ਅਤੇ ਸਮਕਾਲੀ ਅਖਬਾਰਾਂ ਤੇ ਰਸਾਲਿਆਂ ਲਈ ਅਨੇਕ ਨਿਬੰਧ ਲਿਖਕੇ ਪੰਜਾਬੀ ਨਿਬੰਧ ਦੇ ਆਰੰਭ ਵਿਚ ਵਡਮੁੱਲਾ ਯੋਗਦਾਨ ਪਾਇਆ।ਪ੍ਰਸਿੱਧ ਅੰਗਰੇਜ ਵਿਦਵਾਨ ਮਿਸਟਰ ਮੈਕਸ ਆਰਥਰ ਮੈਕਾਲਫ ਦੀ ਵਿਸ਼ਵ ਪ੍ਰਸਿੱਧ ਪੁਸਤਕ ‘ਦੀ ਸਿੱਖ ਰਿਲੀਜਨ’ ਨੂੰ ਸੰਪੂਰਨ ਕਰਾਉਨ ਲਈ ਅਤੇ ਖਾਲਸਾ ਕਾਲਿਜ ਅੰਮ੍ਰਿਤਸਰ ਦੀ ਸਥਾਪਨਾ ਲਈ ਵੀ ਆਪ ਦਾ ਅਹਿਮ ਯੋਗਦਾਨ ਹੈ। 23 ਨਵੰਬਰ1938 ‘ਚ 77 ਸਾਲ ਦੀ ਉਮਰ ਵਿਚ ਦਿਲ ਦੀ ਧੜਕਨ ਬੰਦ ਹੋਣ ਨਾਲ ਨਾਭੇ ਵਿਖੇ ਭਾਈ ਸਾਹੇਬ ਦਾ ਦੇਹਾਂਤ ਹੋਇਆ।ਆਪ ਜੀ ਨੂੰ ਸਰਬਪੱਖੀ ਵਿਦਵਤਾ ਅਤੇ ਸਰਬਾਂਗੀ ਸ਼ਖਸੀਅਤ ਕਰਕੇ ਸਿੱਖ ਕੌਮ ਵਿਚ ‘ਭਾਈ ਸਾਹਿਬ’ ਜਾਂ ‘ਪੰਥ ਰਤਨ’ ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ। ਨਾਭੇ ਦੇ ਇਸ ਵਿਦਵਾਨ ਘਰਾਣੇ ਵਿਚੋਂ ਭਾਈ ਸਾਹੇਬ ਦੇ ਸਪੁੱਤਰ ਭਗਵੰਤ ਸਿੰਘ ਹਰੀ ਜੀ,ਨੂੰ ਬੀਬੀ ਹਰਨਾਮ ਕੌਰ ਅਤੇ ਪੋਤ-ਨੂੰਹ ਡਾ.ਰਛਪਾਲ ਕੌਰ ਨੇ ਵੀ ਪੰਜਾਬੀ ਸਾਹਿਤ ਸੇਵਾ ਲਈ ਯੋਗਦਾਨ ਪਾਇਆ।ਵਰਤਮਾਨ ‘ਚ ਭਾਈ ਸਾਹੇਬ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਵੀ ਸਮਾਜ ਸੇਵਾ ਤੇ ਸਾਹਿਤੱਕ ਰੁਚੀਆਂ ਦੇ ਧਾਰਨੀ ਹਨ।
ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ ਦੀ ਦ੍ਰਿਸ਼ਟੀ ਵਿਸ਼ਵਵਿਆਪੀ,ਆਦਰਸ਼ਵਾਦੀ ਤੇ ਵਿਗਿਆਨਕ ਹੈ।ਉਨ੍ਹਾਂ ਦੁਆਰਾ ਰਚਿਆ ਗਿਆ ਧਾਰਮਿਕ ਸਾਹਿਤ ,ਭਾਈ ਸਾਹਿਬ ਨੂੰ ਭਾਈ ਗੁਰਦਾਸ ਤੋਂ ਪਿਛੋਂ ਗੁਰਮਤਿ ਦਾ ਅਦੁਤੀ ਤੇ ਨਿਪੁੰਨ ਮਰਯਾਦਾ ਨਿਰਧਾਰਕ ਸਿੱਧ ਕਰਦਾ ਹੈ।ਉਨ੍ਹਾਂ ਵਲੋਂ ਰਚੇ ਮਹਾਨ ਗ੍ਰੰਥਾਂ ਦੀ ਸਾਰਥਿਕਤਾ ਜਿੰਨੀ ਪਿਛਲੇ ਸਮੇ ਵਿਚ ਸੀ,ਉਨੀ ਅੱਜ ਵੀ ਬਰਕਰਾਰ ਹੈ ਅਤੇ ਭਵਿੱਖ ਵਿਚ ਵੀ ਬਰਕਰਾਰ ਰਹੇਗੀ।