ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਬੀਜੇਪੀ ਦਰਮਿਆਨ ਹਰਿਆਣਾ ਚੋਣਾਂ ਨੂੰ ਲੈ ਕੇ ਅਜੀਬ ਕਸ਼ਮਕਸ਼ ਚੱਲ ਰਹੀ ਹੈ। ਭਾਜਪਾ ਦੀ ਹਰਿਆਣਾ ਯੂਨਿਟ ਨੇ ਪਾਰਟੀ ਹਾਈ ਕਮਾਨ ਨੂੰ ਕਿਹਾ ਹੈ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖਮੰਤਰੀ ਬਾਦਲ ਨੂੰ ਇੰਡੀਅਨ ਨੈਸ਼ਨਲ ਲੋਕ ਦਲ ਦੇ ਲਈ ਪਰਚਾਰ ਤੋਂ ਦੂਰ ਰੱਖਿਆ ਜਾਵੇ। ਓਧਰ ਹਰਿਆਣਾ ਦੇ ਸਾਬਕਾ ਮੁੱਖਮੰਤਰੀ ਅਤੇ ਬਾਦਲ ਦੇ ਪੁਰਾਣੇ ਸਾਥੀ ਓਮ ਪ੍ਰਕਾਸ਼ ਚੌਟਾਲਾ ਦੀ ਅਗਵਾਈ ਵਾਲੀ ਆਈਐਨਐਲਡੀ ਨੇ ਅਕਤੂਬਰ ਵਿੱਚ ਹੋ ਰਹੀਆਂ ਹਰਿਆਣਾ ਵਿਧਾਨਸਭਾ ਚੋਣਾਂ ਦੇ ਲਈ 86 ਸਾਲਾ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਆਪਣਾ ਸਟਾਰ ਪਰਚਾਰਕ ਐਲਾਨਿਆ ਹੈ।
ਹਰਿਆਣਾ ਵਿੱਚ ਆਈਐਨਐਲਡੀ ਇਸ ਸਮੇਂ ਮੁੱਖ ਵਿਰੋਧੀ ਪਾਰਟੀ ਹੈ। ਰਾਜ ਦੇ ਬੀਜੇਪੀ ਦਲ ਦੇ ਨੇਤਾ ਅਨਿਲ ਵਿਜ ਨੇ ਕਿਹਾ ਹੈ ਕਿ ਅਸਾਂ ਹਾਈ ਕਮਾਨ ਨੂੰ ਇਹ ਮਸਲਾ ਸੁਲਝਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਬਾਦਲ ਨੂੰ ਆਈਐਨਐਲਡੀ ਦੇ ਲਈ ਪਰਚਾਰ ਕਰਨ ਤੋਂ ਰੋਕਿਆ ਜਾਵੇ। ਉਹ ਇਨੈਲੋ ਲਈ ਵੋਟ ਮੰਗਣ ਨਾਂ ਜਾਣ। ਜਿਕਰਯੋਗ ਹੈ ਕਿ ਲੋਕਸਭਾ ਚੋਣਾਂ ਦੌਰਾਨ ਵੀ ਬਾਦਲ ਦਲ ਨੇ ਚੌਟਾਲਾ ਪ੍ਰੀਵਾਰ ਦੀ ਹੀ ਮੱਦਦ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਸਾਡਾ ਚੌਟਾਲਾ ਦੀ ਪਾਰਟੀ ਨਾਲ ਪੁਰਾਣੇ ਅਤੇ ਮਜ਼ਬੂਤ ਸਬੰਧ ਹਨ।
ਬੀਜੇਪੀ ਦਾ ਹਾਲ ਹੀ ਵਿੱਚ ਹਜਕਾਂ ਨਾਲ ਤਿੰਨ ਸਾਲ ਪੁਰਾਣਾ ਗਠਬੰਧਨ ਟੁੱਟ ਗਿਆ ਹੈ। ਇਸ ਲਈ ਹੁਣ ਬੀਜੇਪੀ ਰਾਜ ਵਿੱਚ ਇੱਕਲਿਆਂ ਹੀ ਵਿਧਾਨ ਸਭਾ ਚੋਣਾਂ ਲੜ ਰਹੀ ਹੈ।ਪੰਜਾਬ ਵਿੱਚ ਸ਼ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੀ ਗਠਬੰਧਨ ਸਰਕਾਰ ਹੈ।ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਵਿੱਚੋਂ ਆਈਐਨਐਲਡੀ ਨੇ ਅਕਾਲੀ ਦਲ ਬਾਦਲ ਨੂੰ 2 ਸੀਟਾਂ ਦਿੱਤੀਆਂ ਹਨ। ਐਮਪੀ ਦੁਸ਼ੰਤ ਚੌਟਾਲ ਦਾ ਕਹਿਣਾ ਹੈ ਕਿ ਬਾਦਲ ਹਰਿਆਣਾ ਵਿੱਚ ਇਨੈਲੋ ਦੇ ਉਮੀਦਵਾਰਾਂ ਲਈ ਵੀ ਚੋਣ ਪਰਚਾਰ ਕਰਨਗੇ।