ਅੰਮ੍ਰਿਤਸਰ – ਬੀਬੀ ਸੁਰਜੀਤ ਕੌਰ ਮੁੰਬਈ ਨਿਵਾਸੀ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੇਰਣਾ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਤੇ ਹੀਰਿਆਂ ਨਾਲ ਜੜਿਆ ਚੌਰ ਸਾਹਿਬ ਭੇਟ ਕੀਤਾ ਗਿਆ।ਉਨ੍ਹਾਂ ਦੇ ਨਾਲ ਸ। ਰੂਪ ਸਿੰਘ ਸਕੱਤਰ, ਸ। ਜਗਜੀਤ ਸਿੰਘ ਮੀਤ ਸਕੱਤਰ ਤੇ ਸ੍ਰੀ ਅਸ਼ਵਨੀ ਕੁਮਾਰ ਜਿਊਲਰ ਹਾਜ਼ਰ ਸਨ।ਇਸ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਬੀਬੀ ਸੁਰਜੀਤ ਕੌਰ ਤੇ ਉਨ੍ਹਾਂ ਦੇ ਪ੍ਰੀਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਥੋਂ ਜਾਰੀ ਪ੍ਰੈਸ ਨੋਟ ‘ਚ ਜਾਣਕਾਰੀ ਦੇਂਦਿਆਂ ਸ।ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਬੀਬੀ ਸੁਰਜੀਤ ਕੌਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਤੇ ਆਸਥਾ ਰੱਖਦੇ ਹਨ।ਇਸ ਤੋਂ ਪਹਿਲਾਂ ਵੀ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਸੋਨੇ ਦਾ ਚੌਰ ਸਾਹਿਬ, ਛੱਬੇ ਤੇ ਝਾਲਰਾਂ, ਚਾਂਦੀ ਦੇ ਦਰਵਾਜਿਆਂ ਦੀ ਸੇਵਾ ਅਤੇ ੧੫ ਲੱਖ ਰੁਪਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਖਾਤੇ ‘ਚ ਜਮ੍ਹਾਂ ਕਰਵਾ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੇ ‘ਧੰਨੁ ਧੰਨੁ ਰਾਮਦਾਸ ਗੁਰੂ ਜਿਨਿ ਸਿਰਿਆ ਤਿਨੈ ਸਵਾਰਿਆ’ ਪਾਵਨ-ਪਵਿੱਤਰ ਗੁਰਬਾਣੀ ਦੀਆਂ ਪੰਕਤੀਆ ਸੋਨੇ ਨਾਲ ਉਕਰਵਾਉਣ ਦੀ ਸੇਵਾ ਵੀ ਬੀਬੀ ਸੁਰਜੀਤ ਕੌਰ ਵੱਲੋਂ ਹੀ ਕਰਵਾਈ ਗਈ ਹੈ।ਸੋਨੇ ਤੇ ਹੀਰਿਆਂ ਨਾਲ ਜੜੇ ਇਸ ਚੌਰ ਸਾਹਿਬ ਤੇ ੪੩੨ ਗ੍ਰਾਮ ੮੦੦ ਮਿਲੀ ੨੨ ਕੈਰਟ ਦਾ ਸੋਨਾ ਚੜ੍ਹਿਆ ਹੈ ਤੇ ੩ ਲੱਖ ੪੮ ਹਜ਼ਾਰ ੨੬੭ ਰੁਪਏ ਦੇ ਹੀਰੇ (ਡਾਇਮੰਡ) ਜੜੇ ਹਨ ਤੇ ਇਸ ਚੌਰ ਸਾਹਿਬ ਦੀ ਕੁੱਲ ਕੀਮਤ ਸੋਲਾਂ ਲੱਖ ਸਤਾਨਵੇਂ ਹਜ਼ਾਰ ਪੰਜ ਸੌ ਬੱਤੀ ਰੁਪਏ ਹੈ।