ਨਵੀਂ ਦਿੱਲੀ – ਦਿੱਲੀ ਦੇ ਉਪਰਾਜਪਾਲ ਵੱਲੋਂ ਰਾਸ਼ਟਰਪਤੀ ਨੂੰ ਭੇਜੀ ਗਈ ਚਿੱਠੀ ਗ੍ਰਹਿ ਵਿਭਾਗ ਨੂੰ ਭੇਜ ਦਿੱਤੀ ਗਈ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਬਣਾਉਣ ਲਈ ਸੱਭ ਤੋਂ ਵੱਡੀ ਪਾਰਟੀ ਨੂੰ ਸਦਨ ਵਿੱਚ ਬਹੁਮੱਤ ਸਾਬਿਤ ਕਰਨ ਲਈ ਨਿਓਤਾ ਦਿੱਤਾ ਜਾ ਸਕਦਾ ਹੈ। ਗ੍ਰਹਿ ਵਿਭਾਗ ਜਲਦ ਹੀ ਦਿੱਲੀ ਵਿੱਚ ਸਰਕਾਰ ਬਣਾਉਣ ਸਬੰਧੀ ਫੈਂਸਲਾ ਲਿਆ ਜਾ ਸਕਦਾ ਹੈ। ਬੀਜੇਪੀ ਨੂੰ ਇਹ ਮੌਕਾ ਮਿਲਣ ਦੀ ਪੂਰੀ ਸੰਭਾਵਨਾ ਹੈ।
ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਦੀ ਸਿਫਾਰਸ਼ ਕੀਤੀ ਹੈ। ਬੀਜੇਪੀ ਦੇ ਕੋਲ ਸੱਭ ਤੋਂ ਵੱਧ 31 ਵਿਧਾਇਕ ਹਨ ਅਤੇ ਇੱਕ ਅਕਾਲੀ ਦਲ ਦੇ ਵਿਧਾਇਕ ਦਾ ਸਮਰਥਣ ਹਾਸਿਲ ਹੈ। ਆਪ ਦੇ ਕੋਲ 27,ਕਾਂਗਰਸ ਦੇ ਕੋਲ 8, ਜਦਯੂ ਦਾ ਇੱਕ ਅਤੇ 2 ਆਜ਼ਾਦ ਵਿਧਾਇਕ ਹਨ। ਬੀਜੇਪੀ ਦੇ ਤਿੰਨ ਵਿਧਾਇਕ ਲੋਕਸਭਾ ਵਿੱਚ ਜਾ ਚੁੱਕੇ ਹਨ, ਪਰ ਉਨ੍ਹਾਂ ਨੇ ਅਜੇ ਤੱਕ ਅਸਤੀਫ਼ਾ ਨਹੀਂ ਦਿੱਤਾ।
ਆਪ ਵੱਲੋਂ ਬੀਜੇਪੀ ਤੇ ਆਰੋਪ ਲਗਾਏ ਜਾ ਰਹੇ ਹਨ ਕਿ ਇਸ ਨਾਲ ਵਿਧਾਇਕਾਂ ਦੀ ਖ੍ਰੀਦੋ ਫਰੋਖਤ ਹੋਵੇਗੀ। ਆਪ ਨੇਤਾ ਸਿਸੌਦਿਆ ਦਾ ਕਹਿਣਾ ਹੈ ਕਿ ਭਾਜਪਾ ਵਿੱਚ ਦਮ ਨਹੀਂ ਹੈ ਕਿ ਉਹ ਦਿੱਲੀ ਵਿੱਚ ਦੁਬਾਰਾ ਚੋਣ ਲੜ ਸਕੇ। ਅਗਰ ਉਹ ਇਸ ਤਰ੍ਹਾਂ ਸਰਕਾਰ ਬਣਾਉਂਦੀ ਹੈ ਤਾਂ ਇਹ ਲੋਕਤੰਤਰ ਦਾ ਮਜ਼ਾਕ ਹੋਵੇਗਾ।