ਤਲਵੰਡੀ ਸਾਬੋ - ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਵੱਖ-ਵੱਖ ਕਾਲਜਾਂ ਅਤੇ ਅਧਿਆਪਕਾਂ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ । ਇਹ ਅਵਸਰ ਭਾਰਤ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਦੇ ਸਬੰਧ ਵਿਚ ਪੂਰੇ ਭਾਰਤ ਵਿਚ ਮਨਾਇਆ ਜਾਂਦਾ ਹੈ । ਅਧਿਆਪਕਾਂ ਦੇ ਫਰਜ਼ ਅਤੇ ਉਨ੍ਹਾਂ ਪ੍ਰਤੀ ਅਹਿਦਨਾਮੇ ਦੀ ਪਛਾਣ ਕਰਦਿਆਂ ਇਸ ਦਿਵਸ ‘ਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਭਿੰਨ ਕਾਲਜਾਂ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਦੇ ਸਨਮਾਨ ਵਿਚ ਸ਼ਾਨਦਾਰ ਸਮਾਗਮ ਆੋਜਿਤ ਕੀਤੇ ਗਏ । ਇਸ ਮੌਕੇ ਯੂਨੀਵਰਸਿਟੀ ਦੇ ਡਾਇਰੈਕਟਰ ਫਾਇਨਾਂਸ ਅਤੇ ਸਭ ਤੋਂ ਵੱਡੀ ਉਮਰ ਦੇ ਅਧਿਆਪਕ ਡਾ. ਨਰਿੰਦਰ ਸਿੰਘ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋਏ ।
ਯੂਨੀਵਰਸਿਟੀ ਕਾਲਜ ਆਫ ਬੇਸਿਕ ਸਾਇੰਸਜ਼ ਦੇ ਡਿਪਟੀ ਡੀਨ ਡਾ. ਰਾਮਨਿਵਾਸ ਨੇ ਸਭ ਨੂੰ ਜੀ ਆਇਆਂ ਆਖਦਿਆਂ ਇਸ ਦਿਵਸ ਦੀ ਮਹੱਤਤਾ ਉਪਰ ਚਾਨਣਾ ਪਾਇਆ ।ਉਪਰੰਤ ਡਾ. ਨਰਿੰਦਰ ਸਿੰਘ ਜੀ ਨੇ ਅਜੋਕੇ ਦੌਰ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਆਪਸੀ ਸਬੰਧਾਂ ਨੂੰ ਵਧੇਰੇ ਦ੍ਰਿੜ੍ਹ ਕਰਨ ਉੱਪਰ ਜੋਰ ਦਿੱਤਾ । ਉਨ੍ਹਾਂ ਵਿਦਿਆਰਥੀਆਂ ਦੇ ਜੀਵਨ ਵਿਚ ਸਹੀ ਸੇਧ ਲਈ ਅਧਿਆਪਕ ਦੇ ਚਰਿੱਤਰ ਦੇ ਮਹੱਤਵ ਨੂੰ ਦ੍ਰਿੜ੍ਹ ਕਰਵਾਇਆ ।
ਪੰਜਾਬੀ ਵਿਭਾਗ ਦੇ ਮੁਖੀ ਡਾ. ਜਗਵਿੰਦਰ ਸਿੰਘ ਜੋਧਾ ਨੇ ਡਾ. ਰਾਧਾ ਕ੍ਰਿਸ਼ਨਨ ਦੇ ਆਦਰਸ਼ਾਂ ਦੇ ਮਹੱਤਵ ਬਾਰੇ ਬੋਲਦਿਆਂ ਸਮਕਾਲ ਵਿਚ ਅਧਿਆਪਕ ਦੇ ਯੋਗਦਾਨ ‘ਤੇ ਗੱਲ ਕੀਤੀ । ਵਿਦਿਆਰਥੀਆਂ ਨੇ ਇਸ ਮੌਕੇ ਵਿਭਿੰਨ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ।
ਡਾ. ਨਛੱਤਰ ਸਿੰਘ ਮੱਲ੍ਹੀ, ਉਪ ਕੁਲਪਤੀ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਪ੍ਰੋਤਸ਼ਾਹਨ ਭਰੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਅਤੇ ਆਪਣੇ ਅਧਿਆਪਕਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਚੰਗੇ ਅਧਿਆਪਕੀ ਗੁਣ ਧਾਰਨ ਕਰਨ ਲਈ ਪ੍ਰੇਰਨਾ ਦਿੱਤੀ ।
ਮੈਨੇਜਿੰਗ ਡਾਇਰੈਕਟਰ ਸ੍ਰ. ਸੁਖਰਾਜ ਸਿੰਘ ਸਿੱਧੂ ਨੇ ਵਿਦਿਆਰਥੀਆਂ ਦੇ ਸਮਾਜੀਕਰਨ ਵਿਚ ਅਧਿਆਪਕਾਂ ਦੇ ਵਧਰੇ ਮਹੱਤਵ ਦੀ ਚਰਚਾ ਕਰਦਿਆਂ ਅਜੋਕੇ ਅਧਿਆਪਕਾਂ ਨੂੰ ਰੋਲ ਮਾਡਲ ਬਣਨ ਲਈ ਕਿਹਾ ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਡੀਨ, ਡਾਇਰੈਕਟਰ, ਸਟਾਫ਼ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਮੌਜੂਦ ਸਨ । ਸਮਾਗਮ ਦੀ ਕਾਰਵਾਈ ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਨੇ ਬਾਖੂਬੀ ਨਿਭਾਈ ।
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਅਧਿਆਪਕ ਦਿਵਸ ਤਲਵੰਡੀ ਸਾਬੋ
This entry was posted in ਪੰਜਾਬ.