ਜੰਮੂ – ਰਾਜ ਵਿੱਚ ਪਿੱਛਲੇ ਤਿੰਨ ਦਿਨਾਂ ਤੋਂ ਜਾਰੀ ਭਾਰੀ ਵੱਰਖਾ ਨੇ ਪਿੱਛਲੇ 60 ਸਾਲਾਂ ਵਿੱਚ ਸੱਭ ਤੋਂ ਵੱਧ ਕਹਿਰ ਵਰਤਾਇਆ ਹੈ। ਮੀਂਹ ਅਤੇ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਸੰਖਿਆ 200 ਦੇ ਪਾਰ ਪਹੁੰਚ ਗਈ ਹੈ।
ਰਾਜ ਵਿੱਚ ਸੰਚਾਰ ਅਤੇ ਬਿਜਲੀ ਸੇਵਾਵਾਂ ਅੱਸਤ-ਵਿਅੱਸਤ ਹੋ ਗਈਆਂ ਹਨ। ਸ਼ਹਿਰ ਦੀਆਂ ਸੜਕਾਂ ਨਦੀ ਵਿੱਚ ਤਬਦੀਲ ਹੋ ਗਈਆਂ ਹਨ। 2100 ਤੋਂ ਵੱਧ ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ ਅਤੇ ਕੁਝ ਖੇਤਰਾਂ ਨਾਲ ਸੰਪਰਕ ਨਹੀਂ ਹੋ ਰਿਹਾ। ਬਹੁਤ ਸਾਰੇ ਮਕਾਨ, ਸਕੂਲ ਅਤੇ ਹੋਰ ਸਰਕਾਰੀ ਇਮਾਰਤਾਂ ਢਹਿਢੇਰੀ ਹੋ ਚੁੱਕੀਆਂ ਹਨ। ਰਜੌਰੀ ਵਿੱਚ ਬਰਾਤ ਨੂੰ ਲੈ ਜਾ ਰਹੀ ਲਾਪਤਾ ਹੋਈ ਬੱਸ ਵਿੱਚ ਸਵਾਰ ਸਾਰੇ 50 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ।
ਜੇਲ੍ਹਮ ਅਤੇ ਚਨਾਬ ਸਮੇਤ ਤਕਰੀਬਨ ਸਾਰੀਆਂ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉਪਰ ਵੱਗ ਰਹੀਆਂ ਹਨ। ਸੈਨਾ ਨੇ ਜੰਮੂ ਵਿੱਚ ਅਪਰੇਸ਼ਨ ‘ਮੇਘ ਰਾਹਤ’ ਅਤੇ ਕਸ਼ਮੀਰ ਵਿੱਚ ‘ਮਿਸ਼ਨ ਸਹਾਇਤਾ’ ਸ਼ੁਰੂ ਕੀਤਾ ਹੈ। ਮੁੱਖਮੰਤਰੀ ਉਮਰ ਅਬਦੁੱਲਾ ਰਾਤ ਦੇ ਸਮੇਂ ਹੀ ਹਾਲਾਤ ਦਾ ਜਾਇਜ਼ਾ ਲੈਣ ਲਈ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਪਹੁੰਚੇ। ਉਨ੍ਹਾਂ ਨੇ ਇੱਕ ਤਿੰਨ ਮਹੀਨੇ ਦੇ ਬੱਚੇ ਅਤੇ ਉਸ ਦੇ ਪ੍ਰੀਵਾਰ ਦੀ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਪੰਜਾਬ ਵਿੱਚ ਵੀ ਭਾਰੀ ਵੱਰਖਾ ਹੋ ਰਹੀ ਹੈ।