ਨਵੀ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚੋ ਪੰਥਕ ਰੂਹ ਖਤਮ ਕੀਤੇ ਜਾਣ ‘ਤੇ ਗਹਿਰਾ ਅਫਸੋਸ ਪ੍ਰਗਟ ਕਰਦਿਆ ਕਿਹਾ ਕਿ ਸਿੱਖ ਪੰਥ ਨੇ ਕਦੇ ਸ਼ਾਇਦ ਸੁਫਨੇ ਵਿੱਚ ਇਹ ਨਹੀ ਸੋਚਿਆ ਹੋਵੇਗਾ ਕਿ ਸਿੱਖਾਂ ਦੇ ਕਾਤਲਾਂ ਨੂੰ ਬਾਦਲ ਅਕਾਲੀ ਦਲ ਵਿੱਚ ਆਹੁਦੇਦਾਰੀਆ ਤੇ ਅਕਾਲੀ ਸਰਕਾਰ ਵਿੱਚ ਉੱਚੇ ਮਰਤਬੇ ਵਾਲੀਆ ਕੁਰਸੀਆ ਦੇ ਕੇ ਨਿਵਾਜਿਆ ਜਾਵੇਗਾ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਭਾਂਵੇ 1995 ਵਿੱਚ ਹੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਹਿ ਕੇ ਭੋਗ ਪਾ ਦਿੱਤਾ ਸੀ ਕਿ ਅਕਾਲੀ ਦਲ ਹੁਣ ਪੰਜਾਬੀ ਪਾਰਟੀ ਬਣਾ ਦਿੱਤਾ ਗਿਆ ਹੈ ਅਤੇ ਅਕਾਲੀ ਦਲ ਬਾਦਲ ਹੁਣ ਪੰਥਕ ਪਾਰਟੀ ਨਹੀ ਸਗੋਂ ਧਰਮ ਨਿਰਪੱਖ ਸਿਆਸੀ ਪਾਰਟੀ ਬਣ ਗਿਆ ਪਰ ਕਦੇ ਕਿਸੇ ਨੂੰ ਇਹ ਆਸ ਨਹੀ ਸੀ ਕਿ ਬਾਦਲ ਸਾਹਿਬ ਆਪਣੇ ਅਕੀਦੇ ਤੋ ਇੰਨੇ ਗਿਰ ਜਾਣਗੇ ਕਿ ਅਕਾਲੀ ਦਲ ਬਾਦਲ ਵਿੱਚ ਇਜ਼ਹਾਰ ਆਲਮ ਵਰਗੇ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਆਹੁਦੇਦਾਰੀਆ ਹੀ ਨਹੀ ਸਗੋ ਸਰਕਾਰੀ ਕੁਰਸੀਆ ਦੇ ਕੇ ਵੀ ਨਿਵਾਜਣਗੇ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਪ੍ਰਕਾਸ਼ ਸਿੰਘ ਨੇ ਸੱਤਾ ਤੋ ਬਾਹਰ ਹੁੰਦਿਆ ਵੱਖ ਵੱਖ ਸਟੇਜਾਂ ਤੋ ਬਾਰ ਬਾਰ ਇਹ ਐਲਾਨ ਕੀਤਾ ਸੀ ਕਿ ਜਦੋਂ ਵੀ ਪੰਜਾਬ ਵਿੱਚ ਅਕਾਲੀ ਸਰਕਾਰ ਹੋਂਦ ਵਿੱਚ ਆਵੇਗੀ ਤਾਂ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਜਾਵਾਂ ਦਿੱਤੀਆ ਜਾਣਗੀਆ ਪਰ ਅੱਜ ਸਭ ਕੁਝ ਉਲਟ ਹੋ ਰਿਹਾ ਹੈ ਜਿਸ ਦਾ ਪੰਥਕ ਧਿਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ 1920 ਵਿੱਚ ਜਦੋ ਅਕਾਲੀ ਦਲ ਦੀ ਬੁਨਿਆਦ ਰੱਖੀ ਗਈ ਸੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਇਸ ਨੂੰ ਪੰਥਕ ਪਾਰਟੀ ਬਣਾਇਆ ਗਿਆ ਸੀ ਪਰ ਅੱਜ ਬਾਦਲ ਸਾਹਿਬ ਇੰਨੇ ਬੇਗੈਰਤ ਹੋ ਗਏ ਕਿ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਵੀ ਭੁੱਲ ਗਈ ਹੈ। ਉਹਨਾਂ ਕਿਹਾ ਕਿ ਬਾਦਲ ਦਲ ਤਾਂ ਹੁਣ ਕਾਤਲਾਂ, ਗਵੱਈਆ ਤੇ ਨਾਚਿਆ ਦਾ ਮੰਚ ਬਣ ਕੇ ਰਹਿ ਗਿਆ ਹੈ।
ਅਕਾਲੀ ਦਲ ਬਾਦਲ ਦੇ ਘਾਗ ਆਗੂ ਸ੍ਰ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਡਸਾ, ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਅਕਾਲੀਆ ਨੂੰ ਵੀ ਆੜੇ ਹੱਥੀ ਲੈਦਿਆ ਸ੍ਰ ਸਰਨਾ ਨੇ ਕਿਹਾ ਕਿ ਆਲਮ ਵਰਗੇ ਲੋਕਾਂ ਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਏ ਜਾਣ ‘ਤੇ ਉਹਨਾਂ ਦੀ ਜ਼ਮੀਰ ਕਿਉ ਨਹੀ ਜਾਗੀ? ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਆਪਣੀ ਕੌਮ ਲਈ ਕੁਰਬਾਨੀ ਕਰਨ ਵਾਲੇ ਗੈਰਤਮੰਦ ਲੋਕਾਂ ਦੇ ਨਾਮ ਦੀ ਇਤਿਹਾਸ ਦੇ ਸੁਨਿਹਰੀ ਅਖਰਾਂ ਵਿੱਚ ਲਿਖੇ ਜਾਂਦੇ ਹਨ, ਇਸ ਲਈ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਪੰਥ ਦੁਸ਼ਮਣਾਂ ਨੂੰ ਅਕਾਲੀ ਦਲ ਬਾਦਲ ਵਿੱਚੋ ਕੱਢਣ ਲਈ ਮੋਰਚਾ ਲਗਾਉਣਾ ਚਾਹੀਦਾ ਹੈ ਤਾਂ ਕਿ ਅਕਾਲੀ ਦਲ ਨੂੰ ਕਲੰਕਿਤ ਹੋਣ ਤੋ ਬਚਾਇਆ ਜਾ ਸਕੇ।
ਉਹਨਾਂ ਕਿਹਾ ਕਿ ਸ੍ਰ ਪਰਕਾਸ਼ ਸਿੰਘ ਬਾਦਲ ਜਿਸ ਉਂਮਰ ਦੇ ਪੜਾ ਤੇ ਪਹੁੰਚ ਗਏ ਹਨ ਉਥੇ ਤਾਂ ਉਹਨਾਂ ਨੂੰ ਝੂਠ ਦੀ ਬਜਾਏ ਸੱਚ ਬੋਲ ਕੇ ਆਪਣਾ ਅੱਗਾ ਸੰਵਾਰਨਾ ਚਾਹੀਦਾ ਹੈ ਪਰ ਬਾਦਲ ਸਾਹਿਬ ਤਾਂ ਬਾਰ ਬਾਰ ਝੂਠ ਬੋਲ ਕੇ ਪਾਪਾਂ ਦੇ ਭਾਗੀ ਬਣ ਰਹੇ ਹਨ। ਸੋਸ਼ਲਿਸ਼ਟ ਪਾਰਟੀ ਦੇ ਆਗੂ ਬਲਵੰਤ ਸਿੰਘ ਖੇੜਾ ਨੇ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਅਕਾਲੀ ਦਲ ਦੇ ਦੋ ਸੰਵਿਧਾਨਾਂ ਦਾ ਕੇਸ ਦਾਇਰ ਕੀਤਾ ਹੋਇਆ ਹੈ ਜਿਸ ਦਾ ਫੈਸਲਾ ਤਾਂ ਅਦਾਲਤ ਨੇ ਕਰਨਾ ਹੈ ਪਰ ਇਹ ਕੇਸ ਬਾਦਲ ਦਲ ਦੀ ਪੂਰੀ ਤਰ•ਾ ਗਲੇ ਦੀ ਹੱਡੀ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਬਾਦਲ ਸਾਹਿਬ ਨੇ ਜਦੋਂ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਲੜਨੀਆ ਹੁੰਦੀਆ ਹਨ ਤਾਂ ਇਹ ਅਕਾਲੀ ਦਲ ਨੂੰ ਧਾਰਮਿਕ ਪਾਰਟੀ ਦੱਸਦੇ ਹਨ ਤੇ ਜਦੋ ਚੋਣ ਕਮਿਸ਼ਨ ਇੰਡੀਆ ਪਾਰਟੀ ਦਾ ਸੰਵਿਧਾਨ ਪੇਸ਼ ਕਰਨ ਲਈ ਆਦੇਸ਼ ਜਾਰੀ ਕਰਦਾ ਹੈ ਤਾਂ ਧਰਮ ਨਿਰਪੱਖਤਾ ਵਾਲਾ ਸੰਵਿਧਾਨ ਪੇਸ਼ ਕਰ ਦਿੰਦਾ ਜਾਂਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ ਵਿੱਚ ਗੈਰ ਸਿੱਖਾਂ ਨੂੰ ਟਿਕਟਾਂ ਤੇ ਆਹੁਦੇ ਦੇ ਕੇ ਬਾਦਲ ਨੇ ਅਕਾਲੀ ਦਲ ਬਾਦਲ ਦਾ ਭੋਗ ਪਾ ਦਿੱਤਾ ਹੈ ਤੇ ਹੁਣ ਬਾਦਲ ਅਕਾਲੀ ਦਲ ਪੰਥਕ ਦਲ ਨਹੀ ਸਗੋਂ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕੇ ਰਹਿ ਗਿਆ ਹੈ।
ਬਾਦਲ ਅਕਾਲੀ ਦਲ ਬਣਿਆ ਪ੍ਰਾਈਵੇਟ ਲਿਮਟਿਡ ਕੰਪਨੀ, ਸਿੱਖਾਂ ਦੇ ਕਾਤਲਾਂ ਨੂੰ ਦਿੱਤੇ ਉੱਚੇ ਆਹੁਦੇ -ਸਰਨਾ
This entry was posted in ਭਾਰਤ.