ਅੰਮ੍ਰਿਤਸਰ : ਜੰਮੂ–ਕਸ਼ਮੀਰ ਵਿਖੇ ਆਈ ਕੁਦਰਤੀ ਆਫਤ (ਭਿਆਨਕ ਹੜ੍ਹਾਂ) ਮੌਕੇ ਹਜ਼ਾਰਾਂ ਲੋਕ ਘਰੋਂ ਬੇ-ਘਰ ਤੇ ਰੋਟੀ ਤੋਂ ਮੁਹਥਾਜ ਹੋ ਗਏ ਹਨ ਉਨ੍ਹਾਂ ਲੋਕਾਂ ਦੀ ਮਦਦ ਕਰਨਾ ਸ਼੍ਰੋਮਣੀ ਕਮੇਟੀ ਆਪਣਾ ਮੁੱਢਲਾਂ ਫਰਜ਼ ਸਮਝਦੀ ਹੈ।ਇਹਨਾਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ੍ਰੀਨਗਰ ਲਈ ਸਪਾਈਸ ਜੈੱਟ ਏਅਰ ਲਾਈਨਜ ਦੇ ਹਵਾਈ ਜਹਾਜ਼ ਰਾਹੀਂ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਸਮੱਗਰੀ ਦੀ ਪਹਿਲੀ ਖੇਪ ਰਵਾਨਾ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਸ੍ਰੀ ਨਗਰ ਲਈ ਰਾਹਤ ਸਮੱਗਰੀ ਵਿੱਚ ਦਾਲ ੧੫੦੦ ਕਿੱਲੋ, ਚਾਵਲ ੩੫੦੦ ਕਿੱਲੋ, ਖੰਡ ੫੦੦ ਕਿੱਲੋ, ਚਾਹ ਪੱਤੀ ੧੦੦ ਕਿੱਲੋ, ਸੁੱਕਾ ਦੁੱਧ ੫੦ ਕਿੱਲੋ, ਤੇਲ ਸਰ੍ਹੋਂ ੧੦੦ ਕਿੱਲੋ, ਘਿਉ ਡਾਲਡਾ ੧੦੦ ਕਿੱਲੋ, ਲੂਣ ੪੦ ਕਿੱਲੋ, ਹਲਦੀ ੨੫ ਕਿੱਲੋ, ਮਿਰਚ ੨੫ ਕਿੱਲੋ ਆਦਿ ਭੇਜੀ ਗਈ ਹੈ।ਇਹ ਰਾਹਤ ਸਮੱਗਰੀ ਸ਼੍ਰੋਮਣੀ ਕਮੇਟੀ ਤੇ ਤਿੰਨ ਅਧਿਕਾਰੀ ਸ. ਦਲਜੀਤ ਸਿੰਘ ਬੇਦੀ ਤੇ ਬਲਵਿੰਦਰ ਸਿੰਘ ਜੌੜਾ ਐਡੀ ਸਕੱਤਰ ਅਤੇ ਸ. ਭੁਪਿੰਦਰਪਾਲ ਸਿੰਘ ਮੀਤ ਸਕੱਤਰ ਦੀ ਅਗਵਾਈ ‘ਚ ਭੇਜੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਿੰਨ ਮੈਂਬਰੀ ਟੀਮ ਸ੍ਰੀਨਗਰ ਪਹੁੰਚ ਕੇ ਸਾਰੇ ਹਲਾਤਾ ਦਾ ਜਾਇਜ਼ਾ ਲਵੇਗੀ ਤੇ ਤੁਰੰਤ ਰੀਪੋਰਟ ਭੇਜੇਗੀ ਅਤੇ ਲੋੜ ਅਨੁਸਾਰ ਹੋਰ ਸਮਾਨ ਵੀ ਭੇਜਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਜਿਨ੍ਹਾਂ ਚਿਰ ਜੰਮੂ-ਕਸ਼ਮੀਰ ਦੇ ਹਾਲਾਤ ਠੀਕ ਨਹੀ ਹੋ ਜਾਂਦੇ ਉਨਾਂ ਚਿਰ ਤੀਕ ਸ਼੍ਰੋਮਣੀ ਕਮੇਟੀ ਵੱਲੋਂ ਉਥੇ ਰਾਹਤ ਸਮੱਗਰੀ ਭੇਜੀ ਜਾਂਦੀ ਰਹੇਗੀ।ਉਨ੍ਹਾਂ ਦਸਿਆ ਕਿ ਜੇਕਰ ਠੀਕ ਜਗ੍ਹਾ ਮਿਲੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀਨਗਰ ਵਿਖੇ ਵਡਾ ਲੰਗਰ ਲਗਾਇਆ ਜਾਏਗਾ ਤੇ ਲੋੜ ਅਨੁਸਾਰ ਉਥੇ ਸਟਾਫ ਵੀ ਭੇਜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਲਦੀ ਹੀ ਡਾਕਟਰਾਂ ਦੀ ਟੀਮ ਅਤੇ ਦਵਾਈਆਂ ਵੀ ਭੇਜੇਗੀ।ਜਥੇਦਾਰ ਅਵਤਾਰ ਸਿੰਘ ਨੇ ਸਪਾਇਸ ਜੈੱਟ ਏਅਰ ਲਾਈਨਜ ਦੇ ਮੈਨੇਜਰ ਸ੍ਰੀ ਦੀਪਕ ਅਨੰਦ ਦਾ ਧੰਨਵਾਦ ਕੀਤਾ ਕਿਉ ਕਿ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਭੇਜੀ ਰਾਹਤ ਸਮੱਗਰੀ ਦਾ ਏਅਰ ਲਾਈਨਜ ਵੱਲੋਂ ਕੋਈ ਕਿਰਾਇਆ ਨਹੀ ਲਿਆ ਗਿਆ।
ਜਥੇਦਾਰ ਅਵਤਾਰ ਸਿੰਘ ਨੇ ਸਮੂਹ ਸਭਾ-ਸੁਸਾਇਟੀਆਂ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ, ਟਕਸਾਲਾਂ, ਸਮਾਜ ਸੇਵੀ ਜਥੇਬੰਦੀਆਂ ਤੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਜੰਮੂ-ਕਸ਼ਮੀਰ ਵਿਖੇ ਆਈ ਕੁਦਰਤੀ ਆਫਤ ਦਾ ਮੁਕਾਬਲਾ ਸਮੁੱਚੇ ਤੌਰ ‘ਤੇ ਰਲ ਮਿਲ ਕੇ ਕੀਤਾ ਜਾਵੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਗੁਰਦੁਆਰਾ ਸੀ ਨਾਢਾ ਸਾਹਿਬ ਪੰਚਕੂਲਾ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ, ਗੁਰਦੁਆਰਾ ਅੰਬ ਸਾਹਿਬ ਮੁਹਾਲੀ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਗੁਰਦੁਆਰਾ ਪਾਤਿਸ਼ਾਹੀ ਨੌਵੀ ਬਾਬਾ ਬਕਾਲਾ ਸਾਹਿਬ, ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਲੁਧਿਆਣਾ, ਗੁਰਦੁਆਰਾ ਸ੍ਰੀ ਗੁਰੂ ਸਿੰਘ-ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ,ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਲੁਧਿਆਣਾ ਆਦਿ ਗੁਰਦੁਆਰਾ ਸਾਹਿਬਾਨ ਵਿਖੇ ਰਾਹਤ ਸਮੱਗਰੀ ਚਾਵਲ, ਦਾਲ, ਖੰਡ, ਚਾਹਪੱਤੀ, ਘਿਉ, ਸੁੱਕਾ ਦੁੱਧ, ਤੇਲ, ਕੰਬਲ ਆਦਿ ਜਮ੍ਹਾ ਕਰਵਾਉਣ ਤਾਂ ਜੋ ਸ਼੍ਰੋਮਣੀ ਕਮੇਟੀ ਇਹ ਰਾਹਤ ਸਮੱਗਰੀ ਹਵਾਈ ਜਹਾਜ਼ ਰਾਹੀ ਲੋੜ-ਵੰਦਾਂ ਤੀਕ ਤੁਰੰਤ ਪਹੁੰਚਾ ਸਕੇ।
ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰ ਪੋਰਟ ਰਾਜਾਸਾਂਸੀ ਅੰਮ੍ਰਿਤਸਰ ਵਿਖੇ ਰਾਹਤ ਸਮੱਗਰੀ ਭੇਜਣ ਸਮੇਂ ਸ. ਮਨਜੀਤ ਸਿੰਘ ਸਕੱਤਰ, ਸ. ਪਰਮਜੀਤ ਸਿੰਘ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਆਦਿ ਮੌਜੂਦ ਸਨ।