ਫ਼ਤਹਿਗੜ੍ਹ ਸਾਹਿਬ – “ਹਿੰਦੂਤਵ ਭਾਰਤ ਨੂੰ ਅਲਕਾਇਦਾ, ਤਾਲਿਬਾਨਾਂ ਅਤੇ ਸੀਰੀਆ ਤੇ ਇਰਾਕ ਦੇ ਇਸਲਾਮਿਕ ਸਟੇਟ ਵੱਲੋ ਜੋ ਭਾਰਤ ਵਿਚ ਕਾਰਵਾਈ ਕਰਨ ਸੰਬੰਧੀ ਧਮਕੀ ਮਿਲੀ ਹੈ, ਇਸ ਦੇ ਨਾਲ ਹਿੰਦੂਤਵ ਹੁਕਮਰਾਨਾਂ ਦੇ ਪੈਰਾਂ ਥੱਲੋ ਜਮੀਨ ਖਿੱਸ ਚੁੱਕੀ ਹੈ । ਇਸ ਕਰਕੇ ਹੀ ਬਾਦਲ ਦਲ ਵਿਚ ਕੰਮ ਕਰ ਰਹੀਆਂ ਖਾੜਕੂ ਸਾਖਾਵਾਂ ਜਿਵੇ ਮਹਿਤਾ, ਚਾਵਲਾ, ਮਨਜੀਤ ਸਿੰਘ, ਹਰਮਿੰਦਰ ਸਿੰਘ ਗਿੱਲ, ਗੁਰਚਰਨ ਸਿੰਘ ਗਰੇਵਾਲ ਆਦਿ ਨੇ ਬਾਦਲ ਵਿਚ ਆਲ੍ਹਣੇ ਬਣਾ ਲਏ ਸੀ । ਇਹਨਾਂ ਨੂੰ ਸੁਖਬੀਰ ਬਾਦਲ ਵੱਲੋ ਬਣਾਏ ਗਏ ਨਵੇ ਗੱਠਬੰਧਨ ਵਿਚ ਕੋਈ ਸਥਾਨ ਨਹੀਂ ਦਿੱਤਾ, ਜੇਕਰ ਦਿੱਤਾ ਹੈ ਤਾਂ ਉਹਨਾਂ ਨੂੰ ਕੋਈ ਜਿਆਦਾ ਮਹੱਤਵ ਨਹੀਂ ਦਿੱਤਾ ਗਿਆ । ਕਿਉਂਕਿ ਇਹਨਾਂ ਨੂੰ ਖ਼ਤਰਾ ਹੈ ਕਿ ਇਹਨਾਂ ਦੇ ਰਾਹੀ ਬੀਜੇਪੀ-ਬਾਦਲ ਦਲ ਦੀ ਹਕੂਮਤ ਨੂੰ ਖ਼ਤਰਾ ਨਾ ਖੜ੍ਹਾ ਹੋ ਜਾਵੇ । ਇਹ ਅਮਲ ਉਪਰੋਕਤ ਇਸਲਾਮਿਕ ਸਟੇਟ ਦੇ ਜਹਾਦੀਆਂ ਵੱਲੋ ਦਿੱਤੀ ਗਈ ਧਮਕੀ ਦੀ ਲੜ੍ਹੀ ਦੇ ਅਸਰਾ ਦੀ ਹੀ ਇਕ ਕੜੀ ਹੈ । ਜਿਸ ਨਾਲ ਹਿੰਦੂਤਵ ਹੁਕਮਰਾਨ ਅਤੇ ਉਹਨਾਂ ਦੇ ਭਾਈਵਾਲ ਭੰਬਲਭੂਸੇ ਵਿਚ ਪਏ ਹੋਏ ਡੌਰ-ਭੌਰ ਹੋਏ ਪਏ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੌਮਾਂਤਰੀ ਪੱਧਰ ਉਤੇ ਉੱਠੇ ਇਸਲਾਮਿਕ ਜਹਾਦੀਆਂ, ਤਾਲਿਬਾਨਾਂ, ਅਲਕਾਇਦਾ, ਆਈ.ਐਸ.ਆਈ.ਐਸ. ਅਤੇ ਬੋਕੋ ਹਰਮ ਦੀਆਂ ਸਾਂਝੀਆਂ ਗਤੀਵਿਧੀਆਂ ਉਤੇ ਉਤਪੰਨ ਹੋਏ ਹਾਲਾਤਾਂ ਅਤੇ ਭਾਰਤ ਦੀ ਹਿੰਦੂਤਵ ਹਕੂਮਤ ਅਤੇ ਉਹਨਾਂ ਦੇ ਭਾਈਵਾਲਾ ਦੇ ਅੰਦਰੂਨੀ ਪ੍ਰਬੰਧਾਂ ਉਤੇ ਪਏ ਡੂੰਘੇ ਅਸਰ ਦਾ ਵੇਰਵਾ ਦਿੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਹੁਣ ਹਿੰਦੂਤਵ ਹੁਕਮਰਾਨ ਇਸ ਵੱਡੇ ਖ਼ਤਰੇ ਨੂੰ ਭਾਂਪਦੇ ਹੋਏ ਨਾ ਤਾਂ ਆਪਣੇ ਭਾਈਵਾਲ ਬਾਦਲ ਦਲੀਆਂ ਉਤੇ ਵਿਸ਼ਵਾਸ ਕਰ ਰਹੇ ਹਨ ਅਤੇ ਨਾ ਹੀ ਸ. ਬਾਦਲ, ਬਰਨਾਲਾ, ਕੈਪਟਨ ਅਮਰਿੰਦਰ ਸਿੰਘ ਵਰਗੇ ਸਿੱਖਾਂ ਉਤੇ । ਕਿਉਂਕਿ ਇਹ ਆਗੂ ਕਦੀ ਆਪਣੇ ਸਵਾਰਥਾਂ ਲਈ ਖ਼ਾਲਿਸਤਾਨ ਦੀ ਗੱਲ ਕਰਨ ਲੱਗ ਪੈਦੇ ਹਨ ਅਤੇ ਕਦੀ ਹਿੰਦ ਦੀ ਮੁੱਖ ਧਾਰਾ ਦੀ । ਇਹੀ ਕਾਰਨ ਹੈ ਕਿ ਛਪਾਰ ਦੇ ਮੇਲੇ ‘ਤੇ ਬਾਦਲ ਦਲੀਆਂ ਵੱਲੋ ਆਪਣੀ ਸਟੇਜ਼ ਤੋ ਮੁਸਲਿਮ ਅਤੇ ਸਿੱਖ ਕੌਮ ਦੇ ਕਾਤਲ ਅਤੇ 60 ਹਜ਼ਾਰ ਸਿੱਖਾਂ ਨੂੰ ਉਜਾੜਨ ਵਾਲੇ ਮੋਦੀ ਅਤੇ ਜੇਟਲੀ ਵਰਗੇ ਮੁਤੱਸਵੀਆਂ ਦੀ ਨਿਰਅਧਾਰ ਤੌਰ ਤੇ ਵਡਿਆਈ ਅਤੇ ਪ੍ਰਸ਼ੰਸ਼ਾਂ ਦੀ ਗੱਲ ਇਸ ਕਰਕੇ ਕੀਤੀ ਗਈ ਤਾਂ ਕਿ ਅੰਦਰੋ ਧਾਰਮਿਕ, ਇਖ਼ਲਾਕੀ, ਸਮਾਜਿਕ ਅਤੇ ਰਾਜਨੀਤਿਕ ਤੌਰ ਤੇ ਖੋਖਲੇ ਹੋਏ ਬਾਦਲ ਦਲੀਆਂ ਦੀ ਸਿੱਖਾਂ ਅਤੇ ਪੰਜਾਬੀਆਂ ਵਿਚ ਝੂਠੀ-ਸੱਚੀ ਸਾਂਖ ਨੂੰ ਕਾਇਮ ਰੱਖਿਆ ਜਾ ਸਕੇ । ਜਦੋਕਿ ਸੈਟਰ ਵਾਲੇ ਹੁਣ ਇਹਨਾਂ ਤੇ ਬਿਲਕੁਲ ਇਤਬਾਰ ਨਹੀ ਕਰਦੇ ।
ਦੂਸਰਾ 1947 ਤੋ ਜੋ ਇਹ ਪ੍ਰੰਪਰਾ ਚੱਲਦੀ ਆ ਰਹੀ ਹੈ ਕਿ ਸਿੱਖ ਕੌਮ ਨੂੰ ਸੈਟਰ ਵਿਚ ਰੱਖਿਆ, ਗ੍ਰਹਿ, ਵਿਦੇਸ਼ ਜਾਂ ਵਿੱਤੀ ਵਿਜ਼ਾਰਤ ਵਿਚੋ ਇਕ ਵਿਜ਼ਾਰਤ ਦਿੱਤੀ ਜਾਂਦੀ ਹੈ । ਬਾਦਲ ਦਲੀਆਂ ਨੂੰ ਇਹਨਾਂ ਵਿਚੋ ਕੋਈ ਵੀ ਵੱਡਾ ਵਿਭਾਗ ਨਾ ਦੇਣਾ ਇਹਨਾਂ ਉਤੇ ਹਿੰਦੂ ਹੁਕਮਰਾਨਾਂ ਦੀ ਬੇਵਿਸ਼ਵਾਸੀ ਨੂੰ ਪ੍ਰਤੱਖ ਜ਼ਾਹਰ ਕਰ ਰਿਹਾ ਹੈ । ਫਿਰ ਜੋ ਵਿਭਾਗ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਨੇ ਸੈਟਰ ਦੇ ਹੁਕਮਰਾਨਾਂ ਦੀਆਂ ਦੇਹਲੀਆਂ ਚੱਟਕੇ ਅਤੇ ਵਾਰ-ਵਾਰ ਚਾਪਲੂਸੀ ਦੀ ਹੱਦ ਟੱਪਕੇ ਲਿਆ ਹੈ, ਉਹ ਕੇਵਲ ਖੇਤੀਬਾੜੀ ਵਿਭਾਗ ਵਿਚੋ ਇਕ ਛੋਟਾ ਜਿਹਾ ਹਿੱਸਾ ਫੂਡ ਪ੍ਰੋਸੈਸਿੰਗ ਦਾ ਬੀਬੀ ਹਰਸਿਮਰਤ ਕੌਰ ਨੂੰ ਦਿਵਾਕੇ ਖੁਸ਼ ਹੋ ਗਏ ਹਨ । ਇਹਨਾਂ ਦੀ ਹਿੰਦੂਤਵ ਮੋਦੀ ਹਕੂਮਤ ਵਿਚ ਕੀ ਸਾਂਖ ਅਤੇ ਸਤਿਕਾਰ ਹੈ ਉਹ ਇਸ ਗੱਲ ਤੋ ਵੀ ਸਪੱਸਟ ਹੋ ਜਾਂਦਾ ਹੈ ਕਿ ਜੋ ਸੈਟਰ ਵੱਲੋ ਕੈਬਨਿਟ ਸਕਿਊਰਟੀ ਕਮੇਟੀ ਬਣਾਈ ਜਾਂਦੀ ਹੈ, ਜਿਸ ਵਿਚ ਸਾਰੇ ਬਾਹਰਲੇ ਮੁਲਕਾਂ ਨਾਲ ਸੰਬੰਧ ਜਾਂ ਜੰਗ ਵਗੈਰਾ ਲਗਾਉਣ ਦੇ ਮਹੱਤਵਪੂਰਨ ਫੈਸਲੇ ਲਏ ਜਾਂਦੇ ਹਨ, ਉਸ ਕਮੇਟੀ ਵਿਚ ਵੀ ਇਹਨਾਂ ਬਾਦਲ ਦਲੀਆਂ ਸਿੱਖਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ । ਭਾਵੇ ਕਿ ਇਹ ਬਾਦਲ ਦਲੀਏ ਇਹਨਾਂ ਮੁਤੱਸਵੀ ਹੁਕਮਰਾਨਾਂ ਨੂੰ ਖੁਸ਼ ਕਰਨ ਲਈ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਫੈਸਲਿਆ ਉਤੇ ਬਿਨ੍ਹਾਂ ਸੋਚੇ-ਸਮਝੇ ਸਹੀਆ ਪਾਉਦੇ ਆ ਰਹੇ ਹਨ ਅਤੇ ਉਹਨਾਂ ਦੀਆਂ ਸਿੱਖ ਅਤੇ ਪੰਜਾਬ ਵਿਰੋਧੀ ਨੀਤੀਆਂ ਦੀ ਹਾਮੀ ਭਰਦੇ ਆ ਰਹੇ ਹਨ । ਪਰ ਸਾਨੂੰ ਇਸ ਗੱਲ ਦਾ ਗਹਿਰਾ ਦੁੱਖ ਅਤੇ ਅਫਸੋਸ ਹੈ ਕਿ ਸਿੱਖ ਕੌਮ ਇਹ ਸਭ ਕੁਝ ਆਪਣੀ ਨਜ਼ਰੀ ਵੇਖਦੀ ਹੋਈ ਅਤੇ ਅਜਿਹੇ ਰਵੈਤੀ ਸਿੱਖਾਂ ਦੇ ਪੰਥ ਵਿਰੋਧੀ ਅਮਲਾਂ ਨੂੰ ਘੋਖਣ ਦੇ ਬਾਵਜੂਦ ਵੀ ਕੇਜਰੀਵਾਲ, ਕਾਂਗਰਸ, ਬੀਜੇਪੀ ਜਾਂ ਬਾਦਲ ਦਲੀਆਂ ਨੂੰ ਵੋਟਾਂ ਕਿਸ ਸੋਚ ਅਧੀਨ ਪਾ ਦਿੰਦੇ ਹਨ ?
ਉਹਨਾਂ ਕਿਹਾ ਕਿ ਜਦੋ ਪਾਕਿਸਤਾਨ ਨਾਲ ਭਾਰਤ ਨੇ ਗੱਲਬਾਤ ਕਰਨ ਲਈ ਹੂਰੀਅਤ ਦਾ ਬਹਾਨਾ ਬਣਾਕੇ ਗੱਲ ਤੋੜ ਦਿੱਤੀ ਤਾਂ ਵੀ ਇਹੀ ਵਜਹ ਸੀ ਕਿ ਸਿੱਖਾਂ ਨੂੰ ਇਸ ਸੰਬੰਧੀ ਵਿਸ਼ਵਾਸ ਵਿਚ ਨਹੀਂ ਲਿਆ ਗਿਆ ਕਿਉਂਕਿ ਸਾਡੇ ਅੱਜ ਵੀ ਪਾਕਿਸਤਾਨ ਵਿਚ ਗੁਰੂਘਰਾਂ ਦੀ ਵੱਡੀ ਗਿਣਤੀ ਹੈ, ਸਾਡੀ ਬੋਲੀ, ਸੱਭਿਆਚਾਰ, ਰੀਤੀ-ਰਿਵਾਜ ਸਭ ਉਥੇ ਹਨ ਅਤੇ ਸਾਡਾ ਵਿਰਸਾ ਉਥੇ ਸੁਰੱਖਿਅਤ ਹੈ । ਇਹ ਗੱਲ ਤੋੜਨ ਉਪਰੰਤ ਜੋ ਅਸੀਂ ਦੋਵੇ ਸਮੇਂ ਅਰਦਾਸ ਵਿਚ ਪਾਕਿਸਤਾਨ ਵਿਚ ਰਹਿ ਚੁੱਕੇ ਗੁਰਧਾਮਾਂ ਦੇ ਦਰਸ਼ਨ ਦਿਦਾਰਾਂ ਦੀ ਗੱਲ ਕਰਦੇ ਹਾਂ, ਉਸਦਾ ਕੀ ਮਹੱਤਵ ਰਹਿ ਗਿਆ ? ਹਿੰਦ ਹਕੂਮਤ ਨੇ ਇਹ ਗੱਲ ਇਸ ਕਰਕੇ ਵੀ ਤੋੜੀ ਹੈ ਕਿ ਪੰਜਾਬ ਦੀਆਂ ਸਰਹੱਦਾਂ ਹੂਸੈਨੀਵਾਲਾ, ਸੁਲੇਮਾਨਕੀ, ਵਾਹਗਾ, ਡੇਰਾ ਬਾਬਾ ਨਾਨਕ, ਪੰਜਾਬ ਦੇ ਵਪਾਰੀਆਂ ਦੇ ਲਈ ਅਤੇ ਜਿ਼ੰਮੀਦਾਰਾਂ ਲਈ ਨਾ ਖੁੱਲ੍ਹ ਸਕੇ ਅਤੇ ਸਾਰਾ ਵਪਾਰ ਗੁਜਰਾਤ ਦੀ ਕੱਛ ਦੇ ਇਲਾਕੇ ਵਿਚ ਬਣੀ ਨਵੀ ਬੰਦਰਗਾਹ ਕਾਂਡਲਾ ਰਾਹੀ ਹੋਵੇ । ਸਿੱਖ ਕੌਮ ਅਤੇ ਪੰਜਾਬੀ ਮਾਲੀ ਤੌਰ ਤੇ ਮਜ਼ਬੂਤ ਨਾ ਹੋ ਸਕਣ । ਕਾਂਡਲਾ ਵਿਖੇ ਹਿੰਦੂ ਵਪਾਰੀ ਅਤੇ ਲੋਕ ਆਪਣੀਆਂ ਫੈਕਟਰੀਆਂ ਵੀ ਲਗਾ ਸਕਣ ਅਤੇ ਕਾਰੋਬਾਰ ਵੀ ਵਧਾ ਸਕਣ । ਜੋ 60 ਹਜ਼ਾਰ ਸਿੱਖ ਜਿ਼ੰਮੀਦਾਰਾਂ ਨੂੰ ਜ਼ਬਰੀ ਗੈਰ ਕਾਨੂੰਨੀ ਤਰੀਕੇ ਕੱਛ ਇਲਾਕੇ ਵਿਚੋ ਉਜਾੜਿਆ ਗਿਆ ਹੈ, ਉਹਨਾਂ ਦੀਆਂ ਜ਼ਮੀਨਾਂ-ਜ਼ਾਇਦਾਦਾਂ ਬਹੁਤ ਕੀਮਤੀ ਹੋ ਗਈਆਂ ਸਨ ਅਤੇ ਇਹ ਸਿੱਖ ਪ੍ਰਫੁੱਲਿਤ ਹੁੰਦੇ ਜਾ ਰਹੇ ਸਨ । ਇਸੇ ਕਾਰਨ ਮੋਦੀ ਵੱਲੋ ਇਹ ਸਿੱਖ ਵਿਰੋਧੀ ਅਮਲ ਕੀਤਾ ਗਿਆ ਹੈ । ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਹਿੰਦੂਤਵ ਹੁਕਮਰਾਨਾਂ ਦੀ ਪੰਜਾਬ ਸੂਬੇ ਅਤੇ ਸਿੱਖ ਮਾਰੂ ਸੋਚ ਨੂੰ ਸਮਝਦੇ ਹੋਏ, ਪੰਜਾਬ ਅਤੇ ਸਿੱਖ ਕੌਮ ਹਿਤੈਸੀ ਅਤੇ ਸਿੱਖ ਕੌਮ ਵਿਰੋਧੀ ਤਾਕਤਾਂ ਦੀ ਪਹਿਚਾਣ ਕਰਕੇ ਆਉਣ ਵਾਲੇ ਸਮੇਂ ਵਿਚ ਅਮਲ ਕਰਨੇ ਪੈਣਗੇ । ਅਜਿਹਾ ਅਮਲ ਕਰਕੇ ਹੀ ਸਮੁੱਚੀ ਸਿੱਖ ਕੌਮ ਅਤੇ ਪੰਜਾਬੀ ਆਪਣੇ ਮਹਾਨ ਵਿਰਸੇ, ਸਮਾਜਿਕ ਕਦਰਾ-ਕੀਮਤਾ ਅਤੇ ਇਨਸਾਨੀ ਮਨੁੱਖਤਾ ਪੱਖੀ ਸੋਚ ਨੂੰ ਅੱਗੇ ਲਿਜਾ ਸਕਣਗੇ।