ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਹਰਿਆਣਾ ਅਤੇ ਮਹਾਂਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਰਾਜਾਂ ਵਿੱਚ 15 ਅਕਤੂਬਰ ਨੂੰ ਮੱਤਦਾਨ ਹੋਵੇਗਾ ਅਤੇ 19 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
ਮੁੱਖ ਚੋਣ ਕਮਿਸ਼ਨਰ ਵੀਐਸ ਸੰਪਤ ਨੇ ਸ਼ੁਕਰਵਾਰ ਨੂੰ ਦੱਸਿਆ ਕਿ ਮਹਾਂਰਾਸ਼ਟਰ ਅਤੇ ਹਰਿਆਣਾ ਵਿੱਚ ਇੱਕੋ ਦਿਨ 15 ਅਕਤੂਬਰ ਨੂੰ ਚੋਣਾਂ ਕਰਵਾਈਆਂ ਜਾਣਗੀਆਂ। ਚੋਣ ਨਤੀਜੇ 19 ਅਕਤੂਬਰ ਨੂੰ ਆ ਜਾਣਗੇ। ਉਨ੍ਹਾਂ ਨੇ ਕਿਹਾ ਕਿ ਨਿਰਪੱਖ ਅਤੇ ਸ਼ਾਂਤੀਪੂਰਣ ਚੋਣਾਂ ਕਰਵਾਉਣ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ।
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ 16 ਹਜ਼ਾਰ 234 ਪੋਲਿੰਗ ਸਟੇਸ਼ਨ ਬਣਾਏ ਜਾਣਗੇ, ਜਿਨ੍ਹਾਂ ਵਿੱਚ ਇੱਕ ਕਰੋੜ 61 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਮਹਾਂਰਾਸ਼ਟਰ ਵਿੱਚ 90 ਹਜ਼ਾਰ 403 ਪੋਲਿੰਗ ਸਟੇਸ਼ਨ ਬਣਾਏ ਜਾਣਗੇ ਅਤੇ 8 ਕਰੋੜ 25 ਲੱਖ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਮਹਾਂਰਾਸ਼ਟਰ ਦੀ ਬੀੜ ਅਤੇ ਓੜੀਸਾ ਦੀ ਕੰਧਮਾਲ ਲੋਕਸਭਾ ਸੀਟ ਲਈ ਵੀ 15 ਅਕਤੂਬਰ ਨੂੰ ਹੀ ਵੋਟਿੰਗ ਹੋਵੇਗੀ।