ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ-ਕਸ਼ਮੀਰ ਵਿਖੇ ਆਏ ਹੜ੍ਹਾਂ ਦੀ ਮਾਰ ਝੱਲ ਰਹੇ ਹਜ਼ਾਰਾਂ ਲੋਕਾਂ ਦੀ ਜਿੱਥੇ ਲਗਤਾਰ ਮਦਦ ਕੀਤੀ ਜਾ ਰਹੀ ਹੈ ਓਥੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਜਿਹੜੇ ਪੰਜਾਬ ਵਾਸੀਆਂ ਜਾਂ ਹੋਰਨਾਂ ਲੋਕਾਂ ਕੋਲ ਕੋਈ ਆਉਣ ਦਾ ਸਾਧਨ ਨਹੀਂ ਉਨ੍ਹਾਂ ਲੋਕਾਂ ਨੂੰ ਹਵਾਈ ਜਹਾਜ ਰਾਹੀਂ ਸੁਰੱਖਿਅਤ ਲਿਆਉਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀਨਗਰ ਤੋਂ ਹੜ੍ਹਾਂ ‘ਚ ਫਸੇ ੩੦ ਹੜ੍ਹ ਪੀੜਤਾਂ ਨੂੰ ਸਪਾਈਸ ਜੈੱਟ ਏਅਰ ਲਾਈਨਜ਼ ਰਾਹੀਂ ਸੁਰੱਖਿਅਤ ਅੰਮ੍ਰਿਤਸਰ ਪਹੁੰਚਾਇਆ। ਜਿਥੇ ਇਨ੍ਹਾਂ ਨੂੰ ਸ੍ਰ: ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ੍ਰ: ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਅਧਿਕਾਰੀਆਂ ਨੇ ਰਸੀਵ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ: ਮਨਜੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਜੀ ਦੇ ਆਦੇਸ਼ ਅਨੁਸਾਰ ਯਾਤਰੂਆਂ ਦੀ ਹਵਾਈ ਜਹਾਜ ਰਾਹੀਂ ਸੁਰੱਖਿਅਤ ਵਾਪਸੀ ਸ਼ੁਰੂ ਕੀਤੀ ਗਈ ਹੈ ਤੇ ਏਅਰ ਲਾਈਨਜ਼ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਅੱਜ ੩੦ ਟਿਕਟਾਂ ਪ੍ਰਦਾਨ ਕੀਤੀਆਂ ਸਨ ਜਿਨ੍ਹਾਂ ਤੇ ਰਣਜੋਧ ਸਿੰਘ, ਸੁਰਿੰਦਰ ਮਸੀਹ, ਵਿਜੇ ਕੁਮਾਰ, ਗੁਰਪ੍ਰੀਤ ਸਿੰਘ, ਸ਼ਿੰਗਾਰਾ ਸਿੰਘ, ਸੁਲੱਖਣ ਸਿੰਘ, ਜਗਦੀਸ਼ ਸਿੰਘ, ਸੂਰਤ ਮਸੀਹ, ਪ੍ਰੀਤ ਮਸੀਹ, ਦਲਜੀਤ ਸਿੰਘ, ਜਗਦੀਸ਼ ਰਾਜ, ਅਜੀਤ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਬਲਜਿੰਦਰ ਸਿੰਘ, ਜੋਗਿੰਦਰਪਾਲ ਸਿੰਘ, ਭਾਰਤ ਭੂਸ਼ਨ, ਨਰਿੰਦਰ ਢੋਲਾ, ਕਸ਼ਮੀਰ ਸਿੰਘ, ਜਸਬੀਰ ਸਿੰਘ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਗੁਰਪਾਲ ਸਿੰਘ, ਦਵਿੰਦਰ ਸਿੰਘ, ਗਗਨਦੀਪ ਸਿੰਘ, ਜਗਦੇਵ ਸਿੰਘ, ਜਸਵੀਰ ਸਿੰਘ, ਸੁਖਚੈਣ ਸਿੰਘ, ਹਰਦੀਪ ਸਿੰਘ ਤੇ ਕਰਨਦੀਪ ਸਿੰਘ ਨੂੰ ਸ੍ਰੀਨਗਰ ਤੋਂ ਹਵਾਈ ਜਹਾਜ ਰਾਹੀਂ ਵਾਪਸ ਅੰਮ੍ਰਿਤਸਰ ਪਹੁੰਚਾਇਆ ਗਿਆ ਹੈ। ਇਨ੍ਹਾਂ ਹੜ੍ਹ ਪੀੜਤਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਅਧਿਕਾਰੀ, ਸ੍ਰ: ਹਰਮਿੰਦਰ ਸਿੰਘ ਮੂਧਲ ਤੇ ਸ੍ਰ: ਹਰਜਿੰਦਰ ਸਿੰਘ ਕੈਰੋਂਵਾਲ ਸੁਪ੍ਰਿੰਟੈਂਡੈਂਟ, ਸ੍ਰ: ਹਰਿੰਦਰਪਾਲ ਸਿੰਘ ਚੀਫ਼ ਅਕਾਊਂਟੈਂਟ ਸ਼੍ਰੋਮਣੀ ਕਮੇਟੀ ਉਕਤ ਹੜ੍ਹ ਪੀੜਤਾਂ ਨੂੰ ਆਪ ਨਾਲ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੇ ਹਨ।
ਸ੍ਰ: ਮਨਜੀਤ ਸਿੰਘ ਸਕੱਤਰ ਨੇ ਅੱਗੇ ਦੱਸਿਆ ਕਿ ਸ਼੍ਰੋਮਣੌ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ੧੩-੯-੨੦੧੪ ਲਈ ਹੜ੍ਹ ਪੀੜਤਾਂ ਨੂੰ ਲਿਆਉਣ ਲਈ ਨਿਜੀ ਜਹਾਜ ਕੰਪਨੀ ਤੋਂ ਵੱਧ ਤੋਂ ਵੱਧ ਟਿਕਟਾਂ ਦੀ ਮੰਗ ਕੀਤੀ ਹੈ ਪ੍ਰੰਤੂ ਕੰਪਨੀ ਵੱਲੋਂ ਸ੍ਰੀਨਗਰ ਤੋਂ ਅੰਮ੍ਰਿਤਸਰ ਲਈ ੫੦ ਟਿਕਟਾਂ ਦਿੱਤੀਆਂ ਹਨ ਤੇ ਇਨ੍ਹਾਂ ਤੇ ਸ਼੍ਰੋਮਣੀ ਕਮੇਟੀ ਵੱਲੋਂ ੫੦ ਹੜ੍ਹ ਪੀੜਤ ਹੋਰ ਅੰਮ੍ਰਿਤਸਰ ਸੁਰੱਖਿਅਤ ਲਿਆਂਦੇ ਜਾਣਗੇ।