ਫ਼ਤਹਿਗੜ੍ਹ ਸਾਹਿਬ – “ਅਮਰੀਕਾ ਅਤੇ ਹੋਰ ਕਈ ਮੁਲਕਾਂ ਵਿਚ ਸਿੱਖਾਂ ਉਤੇ ਹੋ ਰਹੇ ਨਸ਼ਲੀ ਹਮਲਿਆ ਅਤੇ ਵਿਤਕਰੇ ਭਰੇ ਅਮਲਾਂ ਲਈ ਮੋਦੀ ਦੀ ਮੁਤੱਸਵੀ ਹਕੂਮਤ ਜਿੰਮੇਵਾਰ ਹੈ । ਜੋ ਸਿੱਖ ਕੌਮ ਨੂੰ ਅਫ਼ਗਾਨੀਆਂ ਅਤੇ ਤਾਲਿਬਾਨਾਂ ਨਾਲੋ ਵੱਖਰੇ ਤੌਰ ਤੇ ਕੌਮਾਂਤਰੀ ਪੱਧਰ ਉਤੇ ਸਿੱਖ ਕੌਮ ਦੀ ਵੱਖਰੀ ਪਹਿਚਾਣ ਦਾ ਪ੍ਰਚਾਰ ਕਰਨ ਦੀਆਂ ਜਿ਼ੰਮੇਵਾਰੀਆਂ ਜਾਣਬੁੱਝ ਕੇ ਨਹੀਂ ਨਿਭਾ ਰਹੀ । ਦੂਸਰਾ ਜਦੋ ਵੀ ਕਿਸੇ ਮੁਲਕ ਦੇ ਨਾਗਰਿਕ ਕਿਸੇ ਦੂਜੇ ਮੁਲਕ ਵਿਚ ਇਸ ਤਰ੍ਹਾਂ ਨਸ਼ਲੀ ਹਮਲਿਆ ਜਾਂ ਗਲਤ ਫਹਿਮੀਆਂ ਕਾਰਨ ਉਥੋ ਦੇ ਨਿਵਾਸੀਆਂ ਦੇ ਸਿ਼ਕਾਰ ਹੋਣ ਤਾਂ ਸੰਬੰਧਤ ਨਾਗਰਿਕ ਮੁਲਕ ਵਿਦੇਸ਼ੀ ਮੁਲਕ ਦੀ ਹਕੂਮਤ ਨਾਲ ਫੋਰਨ ਸੰਪਰਕ ਕਰਕੇ ਆਪਣੇ ਨਾਗਰਿਕਾਂ ਦੀ ਹਰ ਪੱਖੋ ਹਿਫਾਜਤ ਕਰਨ ਜਾਂ ਫਿਰ ਉਹਨਾਂ ਨੂੰ ਸੁਰੱਖਿਅਤ ਵਾਪਿਸ ਪਹੁੰਚਾਉਣ ਦੀ ਜੋਰਦਾਰ ਗੁਜ਼ਾਰਿਸ ਕਰਦਾ ਹੈ । ਪ੍ਰੰਤੂ ਹਿੰਦੂਤਵ ਮੋਦੀ ਹਕੂਮਤ ਵੱਲੋ ਨਾ ਤਾਂ ਅਮਰੀਕਾ ਵਿਚ, ਨਾ ਫਿਲਪਾਇਨਜ਼, ਮਨੀਲਾ, ਸਾਊਥ ਅਫਰੀਕਾ, ਪਾਕਿਸਤਾਨ, ਨਿਊਜੀਲੈਡ ਆਦਿ ਵਿਚ ਸਿੱਖਾਂ ਉਤੇ ਹੋ ਰਹੇ ਨਸ਼ਲੀ ਹਮਲਿਆ ਨੂੰ ਰੋਕਣ ਲਈ ਕੋਈ ਉਪਾਅ ਨਹੀਂ ਕਰ ਰਹੀ । ਜੋ ਮੋਦੀ ਹਕੂਮਤ ਦੀ ਸਿੱਖਾਂ ਪ੍ਰਤੀ ਮੰਦਭਾਵਨਾ ਨੂੰ ਸਪੱਸਟ ਰੂਪ ਵਿਚ ਜ਼ਾਹਰ ਕਰਦੀ ਹੈ । ਜਿਸ ਤੋ ਸਮੁੱਚੀ ਸਿੱਖ ਕੌਮ ਨੂੰ ਸੁਚੇਤ ਵੀ ਰਹਿਣਾ ਚਾਹੀਦਾ ਹੈ ਅਤੇ ਮੋਦੀ ਹਕੂਮਤ ਦੇ ਗੈਰ ਇਨਸਾਨੀ ਅਮਲਾਂ ਨੂੰ ਬਿਲਕੁਲ ਬਰਦਾਸਤ ਨਹੀਂ ਕੀਤਾ ਜਾਣਾ ਚਾਹੀਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦ ਦੇ ਵਜ਼ੀਰ-ਏ-ਆਜ਼ਮ ਮੋਦੀ ਵੱਲੋ ਆਉਣ ਵਾਲੇ ਹਫਤੇ ਅਮਰੀਕਾ ਦਾ ਦੌਰਾ ਕਰਨ ਸਮੇਂ ਅਮਰੀਕਨ ਸਿੱਖਾਂ ਨੂੰ ਮੋਦੀ ਵਿਰੁੱਧ ਜੋਰਦਾਰ ਰੋਸ਼ ਵਿਖਾਵੇ ਅਤੇ ਵਿਰੋਧਤਾ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਮੋਦੀ ਦੀ ਹਕੂਮਤ ਵਿਚ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਦੀ ਜਾਨ-ਮਾਲ ਦੀ ਕੋਈ ਸੁਰੱਖਿਅਤ ਨਹੀਂ । ਇਹ ਮੁਤੱਸਵੀ ਲੋਕ ਅਤੇ ਹਕੂਮਤਾਂ ਸਿੱਖਾਂ ਅਤੇ ਮੁਸਲਮਾਨਾਂ ਨੂੰ ਦਬਾਉਣ ਹਿੱਤ ਡੂੰਘੀਆਂ ਸਾਜਿ਼ਸਾਂ ਦੇ ਕੰਮ ਕਰ ਰਹੇ ਹਨ । ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ ਮੋਦੀ ਨੇ 2002 ਵਿਚ 2000 ਮੁਸਲਮਾਨਾਂ ਦਾ ਕਤਲੇਆਮ ਕਰਕੇ ਅਤੇ 60 ਹਜ਼ਾਰ ਸਿੱਖ ਜਿ਼ੰਮੀਦਾਰਾਂ ਨੂੰ ਉਹਨਾਂ ਦੀਆਂ ਮਲਕੀਅਤ ਜ਼ਮੀਨਾਂ ਤੋ ਜ਼ਬਰੀ ਬੇਦਖਲ ਕਰਕੇ ਆਪਣੀਆਂ ਮੰਦਭਾਵਨਾਵਾਂ ਨੂੰ ਪਹਿਲੇ ਹੀ ਜ਼ਾਹਰ ਕਰ ਦਿੱਤਾ ਸੀ । ਇਸ ਲਈ ਅਜਿਹੇ ਮੁਤੱਸਵੀ ਵਜ਼ੀਰ-ਏ-ਆਜ਼ਮ ਤੋ ਮੁਸਲਿਮ, ਸਿੱਖ ਅਤੇ ਹੋਰ ਘੱਟ ਗਿਣਤੀ ਕੌਮਾਂ ਨੂੰ ਕਿਸੇ ਤਰ੍ਹਾਂ ਦੀ ਵੀ ਇਨਸਾਫ਼ ਦੀ ਉਮੀਦ ਨਹੀਂ ਰਹੀ । ਬਲਕਿ ਆਉਣ ਵਾਲੇ ਸਮੇਂ ਵਿਚ ਇਹ ਹੁਕਮਰਾਨ ਘੱਟ ਗਿਣਤੀ ਕੌਮਾਂ ਉਤੇ ਹਮਲੇ ਤੇਜ ਕਰਨਗੇ । ਇਸ ਲਈ ਅਮਰੀਕਨ ਸਿੱਖਾਂ ਨੂੰ ਆਪਣੀ ਕੌਮੀ ਜਿ਼ੰਮੇਵਾਰੀ ਸਮਝਦੇ ਹੋਏ, ਜਦੋ ਵੀ ਮੋਦੀ ਅਮਰੀਕਾ ਦੇ ਹਵਾਈ ਅੱਡੇ ਤੇ ਉਤਰੇ ਤਾਂ ਉਥੋ ਹੀ ਕਾਲੀਆਂ ਝੰਡੀਆਂ, ਸਿੱਖ ਅਤੇ ਮੁਸਲਿਮ ਕੌਮ ਦਾ ਕਾਤਲ, ਮੋਦੀ ਗੋ ਬੈਕ, ਮੋਦੀ ਮੁਰਦਾਬਾਦ ਆਦਿ ਦੇ ਨਾਅਰਿਆ ਨਾਲ ਜਿਥੇ ਮਜ਼ਬੂਤੀ ਨਾਲ ਰੋਸ ਵਿਖਾਵੇ ਕਰਨੇ ਚਾਹੀਦੇ ਹਨ, ਉਥੇ ਅਮਰੀਕਾ ਦੀ ਓਬਾਮਾ ਹਕੂਮਤ ਨੂੰ ਇਸ ਸੰਬੰਧੀ ਯਾਦ-ਪੱਤਰ ਦਿੰਦੇ ਹੋਏ ਮੋਦੀ ਵਰਗੇ ਮਨੁੱਖਤਾ ਵਿਰੋਧੀ ਇਨਸਾਨ ਅਤੇ ਹਿੰਦੂਤਵ ਹਾਕਮਾਂ ਨਾਲ ਆਪਣੇ ਸੰਬੰਧਾਂ ਨੂੰ ਫਿਰ ਤੋ ਵਿਚਾਰਣ ਅਤੇ ਮੋਦੀ ਵਰਗੇ ਕਾਤਲਾਂ ਨੂੰ ਸੱਦਾ ਨਾ ਦੇਣ ਦੀ ਅਪੀਲ ਕਰਦੇ ਹੋਏ ਯਾਦ-ਪੱਤਰ ਦੇਣੇ ਚਾਹੀਦੇ ਹਨ । ਜੇਕਰ ਬਾਹਰਲੇ ਮੁਲਕਾਂ ਦੇ ਸਿੱਖ ਆਪਣੀ ਇਹ ਕੌਮੀ ਜਿ਼ੰਮੇਵਾਰੀ ਨਿਭਾ ਸਕਣ ਤਾਂ ਉਸ ਨਾਲ ਕੌਮਾਂਤਰੀ ਪੱਧਰ ਉਤੇ ਸਿੱਖ ਕੌਮ ਦੀ ਵੱਖਰੀ ਪਹਿਚਾਣ, ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਜੂਝਣ ਦੀ ਸੋਚ ਨੂੰ ਹੋਰ ਵਧੇਰੇ ਮਜ਼ਬੂਤੀ ਵੀ ਮਿਲ ਸਕਦੀ ਹੈ ਅਤੇ ਸਿੱਖ ਕੌਮ ਉਤੇ ਹੋਣ ਵਾਲੇ ਨਸ਼ਲੀ ਹਮਲਿਆ ਨੂੰ ਰੋਕਿਆ ਵੀ ਜਾ ਸਕਦਾ ਹੈ ।