ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਪੰਥ ਦੀ ਸਿਰਮੌਰ ਜਥੇਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਓਥੇ ਨਾਲ ਹੀ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਫਲਸਫ਼ੇ ਦੇ ਨਾਲ ਜੋੜਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਬੀਤੇ ਦਿਨੀ ਆਪਣੇ ਨੇਪਾਲ ਦੌਰੇ ਦੌਰਾਨ ਕਾਠਮੰਡੂ ਵਿਖੇ ਨੇਪਾਲ ਦੇ ਰਾਸ਼ਟਰਪਤੀ ਡਾ: ਰਾਮ ਵਰਣ ਯਾਦਵ ਨਾਲ ਵਿਸ਼ੇਸ਼ ਮਿਲਣੀ ਕਰਨ ਸਮੇਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਜਾਣਕਾਰੀ ਦੇਂਦਿਆਂ ਹੋਇਆਂ ਕਿਹਾ ਕਿ ਸਿੱਖਾਂ ਦਾ ਨੇਪਾਲ ਦੇ ਨਾਲ ਬੜਾ ਪੁਰਾਣਾ ਤੇ ਡੂੰਘਾ ਸਬੰਧ ਹੈ ਕਿਉਂਕਿ ਸਮੁੱਚੀ ਮਨੁੱਖਤਾ ਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਵਾਲੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਦੇ ਲਈ ਆਪਣੇ ਸਮੇਂ ਦੌਰਾਨ ਨੇਪਾਲ ਦੀ ਧਰਤੀ ਨੂੰ ਵੀ ਭਾਗ ਲਾਏ ਸਨ। ਜਿਸ ਦੀ ਮਹੱਤਤਾ ਤੇ ਆਸਥਾ ਅੱਜ ਵੀ ਨੇਪਾਲ ਵਿੱਚ ਵਸਦੇ ਲੋਕਾਂ ਦੇ ਮਨਾ ਅੰਦਰ ਵਸੀ ਹੋਈ ਹੈ। ਇਸ ਦੌਰਾਨ ਉਨ੍ਹਾਂ ਨੇ ਨੇਪਾਲ ਦੇ ਰਾਸ਼ਟਰਪਤੀ ਡਾ: ਰਾਮ ਵਰਣ ਯਾਦਵ ਨੂੰ ਜੋਰਦਾਰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕਾਠਮੰਡੂ (ਨੇਪਾਲ) ਵਿਖੇ ਸਥਿਤ ੮ ਦੇ ਕਰੀਬ ਮੱਠਾਂ ਦੀ ਸਮੁੱਚੀ ਸੇਵਾ ਤੇ ਸਾਂਭ ਸੰਭਾਲ ਦਾ ਕਾਰਜ ਨੇਪਾਲ ਦੀਆਂ ਸਿੱਖ ਸੰਗਤਾਂ ਦੇ ਸਪੁੱਰਦ ਕੀਤਾ ਜਾਵੇ ਤਾਂ ਕਿ ਉਹ ਸਿੱਖੀ ਦੇ ਧੁਰੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜ ਕੇ ਸਮੁੱਚੇ ਮੱਠਾਂ ਅੰਦਰ ਪੂਰਨ ਰੂਪ ਵਿੱਚ ਗੁਰ ਮਰਯਾਦਾ ਕਾਇਮ ਕੀਤੀ ਜਾ ਸਕੇ। ਇਸੇ ਮਿਸ਼ਨ ਦੀ ਪ੍ਰਾਪਤੀ ਦੇ ਲਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ ਆਪਣੇ ੧੨ਵੇਂ ਸਿੱਖ ਮਿਸ਼ਨ ਦੀ ਸਥਾਪਨਾ ਕੀਤੀ ਗਈ ਹੈ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੇਪਾਲ ਦੀ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਲਈ ਇਕ ਚਾਨਣ ਮੁਨਾਰਾ ਸਾਬਤ ਹੋਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਮੌਕੇ ਤੇ ਨੇਪਾਲ ਦੇ ਰਾਸ਼ਟਰਪਤੀ ਡਾ: ਰਾਮ ਵਰਣ ਯਾਦਵ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਦੀਦਾਰੇ ਕਰਨ ਆਉਣ ਦਾ ਸੱਦਾ ਵੀ ਦਿੱਤਾ।
ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਪੁੱਜੇ ਵਫ਼ਦ ਦੇ ਮੈਂਬਰਾਂ ਜਿਨ੍ਹਾਂ ਵਿੱਚ ਸ੍ਰ: ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ੍ਰ: ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਕਮੇਟੀ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ੍ਰ: ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ, ਸ੍ਰ: ਅਵਤਾਰ ਸਿੰਘ ਸਕੱਤਰ ਸਬ-ਆਫ਼ਿਸ, ਚੰਡੀਗੜ੍ਹ, ਸ੍ਰ: ਪ੍ਰਵਿੰਦਰ ਸਿੰਘ ਇੰਚਾਰਜ, ਸ੍ਰ: ਪ੍ਰੀਤਮ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਨਾਨਕ ਸਤਿਸੰਗ ਕਾਠਮੰਡੂ, ਭਾਰਤ ਦੇ ਰਾਜਦੂਤ ਸ੍ਰੀ ਰਣਜੀਤ ਰਾਏ, ਡਿਫੈਂਸ ਅਟੈਚੀ ਕਰਨਲ ਮਾਨ, ਮਿਸਟਰ ਰੇਅ ਕੁਮਾਰ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਸ੍ਰ: ਰੰਗੀਲ ਸਿੰਘ ਸਾਬਕਾ ਮੰਤਰੀ (ਜੰਮੂ-ਕਸ਼ਮੀਰ,ਭਾਰਤ), ਪੰਮਾ ਪ੍ਰਸਾਰ ਸਾਬਕਾ ਮੰਤਰੀ, ਮਹੰਤ ਮਨਜੀਤ ਸਿੰਘ (ਡਗਿਆਣਾ ਆਸ਼ਰਮ, ਜੰਮੂ) ਆਦਿ ਸ਼ਾਮਲ ਸਨ ਦਾ ਨਿੱਘਾ ਸਵਾਗਤ ਨੇਪਾਲ ਦੇ ਰਾਸ਼ਟਰਪਤੀ ਡਾ: ਰਾਮ ਵਰਣ ਯਾਦਵ ਦੇ ਵੱਲੋਂ ਕੀਤਾ ਗਿਆ ਅਤੇ ਨਾਲ ਹੀ ਨੇਪਾਲ ਸਰਕਾਰ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਨੇਪਾਲ ਪੁੱਜੀਆਂ ਸਖ਼ਸ਼ੀਅਤਾਂ ਦਾ ਨਿੱਘਾ ਸਵਾਗਤ ਕਰਦਿਆਂ ਹੋਇਆਂ ਨੇਪਾਲ ਦੇ ਰਾਸ਼ਟਰਪਤੀ ਡਾ: ਰਾਮ ਵਰਣ ਯਾਦਵ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਬੇ-ਸ਼ੱਕ ਨੇਪਾਲ ਵਿੱਚ ਸਿੱਖ ਭਾਈਚਾਰਾ ਬਹੁਤ ਘੱਟ ਗਿਣਤੀ ਵਿੱਚ ਵਸਦਾ ਹੈ ਪਰ ਸਮੁੱਚੇ ਸਿੱਖ ਭਾਈਚਾਰੇ ਨੇ ਨੇਪਾਲ ਦੀ ਆਰਥਿਕ ਤਰੱਕੀ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾ ਕੇ ਇਕ ਨਿਵੇਕਲੀ ਪਹਿਚਾਣ ਕਾਇਮ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਲਗਾਏ ਗਏ ਸਿੱਖੀ ਦੀ ਫੁੱਲਵਾੜੀ ਨੂੰ ਹੋਰ ਮਹਿਕਾਣ ਦੇ ਵਿੱਚ ਹਮੇਸ਼ਾਂ ਨੇਪਾਲ ਦੀ ਸਰਕਾਰ ਆਪਣਾ ਭਰਵਾਂ ਸਹਿਯੋਗ ਦੇਂਦੀ ਆਈ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸੂਰਬੀਰਾਂ ਅਤੇ ਦਾਨੀਆਂ ਦੀ ਕੌਮ ਹੈ ਜਿਹੜੀ ਹਮੇਸ਼ਾਂ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਦੀਨ ਦੁਖੀਆਂ ਦੀ ਮਦਦ ਕਰਦੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਉਨ੍ਹਾਂ ਦੇ ਨਾਲ ਗਏ ਵਫ਼ਦ ਦੇ ਮੈਂਬਰਾਂ ਨੂੰ ਪੂਰਨ ਭਰੋਸਾ ਦਿੱਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਾਠਮੰਡੂ (ਨੇਪਾਲ) ਵਿਖੇ ਸਥਾਪਿਤ ਕੀਤੇ ਗਏ ਸਿੱਖ ਮਿਸ਼ਨ ਤੇ ਮੱਠਾਂ ਦੀ ਸੇਵਾ ਸੰਭਾਲ ਲਈ ਸ਼੍ਰੋਮਣੀ ਕਮੇਟੀ ਨੂੰ ਸਰਕਾਰ ਵੱਲੋਂ ਪੂਰਨ ਰੂਪ ਵਿੱਚ ਸਹਿਯੋਗ ਦਿੱਤਾ ਜਾਵੇਗਾ। ਨੇਪਾਲ ਦੇ ਰਾਸ਼ਟਰਪਤੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਉਚੇਚੇ ਯਤਨਾਂ ਸਦਕਾ ਨੇਪਾਲ ਦੇ ਲਵਾਰਿਸ ਬੱਚਿਆਂ ਨੂੰ ਸਿੱਖ ਮਿਸ਼ਨ ਵੱਲੋਂ ਅਪਨਾਉਣ ਦਾ ਜੋ ਕਾਰਜ ਅਰੰਭ ਕੀਤਾ ਹੈ ਉਹ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ।