ਏਡਿਨਬਰਗ – ਸਕਾਟਲੈਂਡ ਦੇ ਲੋਕਾਂ ਨੇ ਬ੍ਰਿਟੇਨ ਤੋਂ ਵੱਖਰੇ ਸੁਤੰਤਰ ਦੇਸ਼ ਬਣਾਉਣ ਦੀ ਸੋਚ ਰੱਖਣ ਵਾਲਿਆਂ ਨੂੰ ਨਕਾਰਦੇ ਹੋਏ ਕੈਮਰਨ ਸਰਕਾਰ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ। 55 ਫੀਸਦੀ ਲੋਕਾਂ ਨੇ ਬ੍ਰਿਟੇਨ ਦੇ ਨਾਲ ਰਹਿਣ ਦੇ ਪੱਖ ਵਿੱਚ ਵੋਟ ਦਿੱਤਾ ਹੈ ਅਤੇ 45 ਫੀਸਦੀ ਲੋਕਾਂ ਨੇ ਸਕਾਟਲੈਂਡ ਦੀ ਆਜ਼ਾਦੀ ਦਾ ਸਮਰਥਨ ਕਰਦੇ ਹੋਏ ਆਪਣੇ ਵੋਟ ਦਾ ਇਸਤੇਮਾਲ ਕੀਤਾ।
300 ਸਾਲਾਂ ਤੋਂ ਬ੍ਰਿਟੇਨ ਦਾ ਹਿੱਸਾ ਰਹੇ ਸਕਾਟਲੈਂਡ ਦੇ 42 ਲੱਖ ਦੇ ਕਰੀਬ ਨਿਵਾਸੀਆਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣਾ ਅੰਤਿਮ ਫੈਂਸਲਾ ਸੁਣਾਇਆ। ਸਕਾਟਲੈਂਡ ਦੀ ਆਜ਼ਾਦੀ ਦੇ ਖਿਲਾਫ਼ 1,877,252 ਵੋਟ ਪਾਏ ਗਏ ਅਤੇ ਸੁਤੰਤਰਤਾ ਦੇ ਪੱਖ ਵਿੱਚ 1,512,688 ਦੇ ਕਰੀਬ ਵੋਟ ਪਾਏ ਗਏ। ਆਜ਼ਾਦੀ ਲਈ ‘ਯੈਸ’ ਕੈਂਪੇਨ ਚਲਾਉਣ ਵਾਲੇ ਸਕਾਟਿਸ਼ ਨੈਸ਼ਨਲ ਪਾਰਟੀ ਦੇ ਨੇਤਾ ਅਲੈਕਸ ਸਲੈਮੰਡ ਨੇ ਜਨਤਾ ਦੇ ਫੈਂਸਲੇ ਨੂੰ ਕਬੂਲ ਕੀਤਾ। ਉਨ੍ਹਾਂ ਨੇ ਕਿਹਾ ਕਿ 16 ਲੱਖ ਸਕਾਟਿਸ਼ ਲੋਕ ਆਜ਼ਾਦੀ ਚਾਹੁੰਦੇ ਸਨ, ਇਹ ਇੱਕ ਮੌਕਾ ਸੀ, ਦੇਸ਼ ਨੂੰ ਆਜ਼ਾਦ ਕਰਵਾਉਣ ਦਾ, ਪਰ ਨਤੀਜੇ ਸਾਡੀ ਮਰਜ਼ੀ ਅਨੁਸਾਰ ਨਹੀਂ ਆਏ। ਪਿੱਛਲੇ ਦੋ ਸਾਲਾਂ ਤੋਂ ਸਕਾਟਲੈਂਡ ਦੀ ਆਜ਼ਾਦੀ ਦੇ ਲਈ ਮੁਹਿੰਮ ਚਲਾਈ ਜਾ ਰਹੀ ਸੀ।