ਨਵੀਂ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਮੈਨੇਜਰ ਹਰਜੀਤ ਸਿੰਘ ਨੂੰ ਇੱਕ ਮਹਿਲਾ ਮੁਲਾਜਮ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਅਦਾਲਤ ਵੱਲੋ ਮਿਲੀ ਜ਼ਮਾਨਤ ਰੱਦ ਹੋਣਾ ਸਾਬਤ ਕਰਦਾ ਹੈ ਕਿ ਅਦਾਲਤ ਦੀਆਂ ਨਜ਼ਰਾਂ ਵਿੱਚ ਹਰਜੀਤ ਸਿੰਘ ਤੇ ਲੱਗੇ ਦੋਸ਼ ਕਾਫੀ ਸੰਗੀਨ ਤੇ ਗੰਭੀਰ ਹਨ ਜਿਸ ਕਾਰਨ ਉਸ ਨੂੰ ਜੇਲ ਯਾਤਰਾ ਤੇ ਵੀ ਜਾਣਾ ਪੈ ਸਕਦਾ ਹੈ ਅਤੇ ਦਿੱਲੀ ਕਮੇਟੀ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਨਮੋਸ਼ੀ ਭਰੀ ਘਟਨਾ ਹੋਵੇਗੀ ਜਦੋਂ ਕਮੇਟੀ ਦੇ ਸਭ ਤੋ ਵੱਡੇ ਆਹੁਦੇ ਤੇ ਬੈਠੇ ਵਿਅਕਤੀ ਨੂੰ ਇੱਕ ਮਹਿਲਾ ਮੁਲਾਜ਼ਮ ਨਾਲ ਛੇੜਖਾਨੀ ਕਰਨ ਦੇ ਦੋਸ਼ ਵਿੱਚ ਅਦਾਲਤਾਂ ਦੇ ਚੱਕਰ ਕੱਟਣੇ ਪੈ ਰਹੇ ਹਨ।
ਜਾਰੀ ਇੱਕ ਬਿਆਨ ਰਾਹੀ ਸ੍ਰੀ ਸਰਨਾ ਨੇ ਕਿਹਾ ਕਿ ਹਰਜੀਤ ਸਿੰਘ ਵੱਲੋਂ ਕੀਤੀ ਗਈ ਘਿਨਾਉਣੀ ਹਰਕਤ ਦੀ ਅਖਬਾਰਾਂ ਵਿੱਚ ਲੱਗੀਆ ਖਬਰਾਂ ਦੀ ਹਾਲੇ ਸਿਆਹੀ ਵੀ ਨਹੀ ਸੁੱਕੀ ਸੀ ਕਿ ਗੁਰੂ ਤੇਗ ਬਹਾਦਰ ਇੰਸਟੀਚਿਊਟ ਦੇ ਇੱਕ ਮੁਲਾਜਮ ਵੱਲੋਂ ਲੇਡੀ ਕੇਅਰ ਟੇਕਰ ਨਾਲ ਛੇੜਖਾਨੀ ਕਰਨ ਦਾ ਗੰਭੀਰ ਕੇਸ ਸਾਹਮਣੇ ਆਇਆ। ਇਹਨਾਂ ਕੇਸਾਂ ਵਿੱਚ ਜਦੋਂ ਪ੍ਰਬੰਧਕ ਕਮੇਟੀ ਨੇ ਪੀੜਤ ਮਹਿਲਾਵਾਂ ਨੂੰ ਇਨਸਾਫ ਨਾਂ ਦਿੱਤਾ ਤਾਂ ਉਹਨਾਂ ਨੂੰ ਮਜਬੂਰਨ ਪੁਲੀਸ ਕੋਲ ਜਾ ਕੇ ਕੇਸ ਦਰਜ ਕਰਾਉਣੇ ਪਏ। ਉਹਨਾਂ ਕਿਹਾ ਕਿ ਹਰਜੀਤ ਸਿੰਘ ਦੇ ਕੇਸ ਵਿੱਚ ਜਦੋਂ ਪੀੜਤ ਮਹਿਲਾਂ ਕਈ ਦਿਨ ਕਮੇਟੀ ਦੇ ਅਧਿਕਾਰੀਆਂ ਦੇ ਚੱਕਰ ਕੱਟਦੀ ਰਹੀ ਪਰ ਉਸ ਨੂੰ ਇਨਸਾਫ ਦੇਣ ਦੀ ਬਜਾਏ ਸਗੋਂ ਉਸ ‘ਤੇ ਕੇਸ ਵਾਪਸ ਲੈਣ ਦਾ ਦਬਾ ਪੈਂਦਾ ਰਿਹਾ ਕਿਉਕਿ ਹਰਜੀਤ ਸਿੰਘ ਹਾਕਮ ਧਿਰ ਦੁਆਰਾ ਕੀਤੇ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਡਾ ਗਵਾਹ ਹੈ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਉਸ ਨੂੰ ਜੇਲ ਹੁੰਦੀ ਹੈ ਤਾਂ ਉਹ ਅਧਿਕਾਰੀਆਂ ਦੇ ਸਾਰੇ ਪੋਲ ਦੇਵੇਗਾ। ਅਖੀਰ ਜਦੋ ਉਸ ਮਹਿਲਾਂ ਨੂੰ ਇਨਸਾਫ ਨਾਂ ਮਿਲਿਆ ਤਾਂ ਉਸ ਨੂੰ ਪੁਲੀਸ ਕੋਲ ਸ਼ਕਾਇਤ ਦਰਜ ਕਰਾਉਣੀ ਪਈ ਜਿਸ ਵਿੱਚ ਹਰਜੀਤ ਸਿੰਘ ਨੂੰ ਜ਼ਮਾਨਤ ਮਿਲ ਗਈ ਤੇ ਦੋ ਚਾਰ ਦਿਨ ਉਸ ਨੂੰ ਜਬਰੀ ਛੁੱਟੀ ਤੇ ਵੀ ਭੇਜ ਦਿੱਤਾ ਗਿਆ। ਉਹਨਾਂ ਕਿਹਾ ਕਿ ਹੁਣ ਜਦੋਂ ਹਰਜੀਤ ਸਿੰਘ ਦੀ ਜ਼ਮਾਨਤ ਖਾਰਜ ਹੋ ਗਈ ਤਾਂ ਦਿੱਲੀ ਕਮੇਟੀ ਦੇ ਅਧਿਕਾਰੀ ਪੂਰੀ ਤਰਾਂ ਧਰਮ ਸੰਕਟ ਵਿੱਚ ਫਸ ਗਏ ਹਨ ਤੇ ਅਗਲੇ ਦਿਨਾਂ ਵਿੱਚ ਹਰਜੀਤ ਸਿੰਘ ਕੋਈ ਅਹਿਮ ਖੁਲਾਸੇ ਵੀ ਕਰ ਸਕਦਾ ਹੈ।
ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇੰਸਟੀਚਿਊਟ ਵਿੱਚ ਵੀ ਜੋ ਕੁਝ ਹੋਇਆ ਹੈ ਉਸ ਨਾਲ ਵੀ ਦਿੱਲੀ ਕਮੇਟੀ ਦੇ ਵਕਾਰ ਨੂੰ ਕਾਫੀ ਢਾਹ ਲੱਗੀ ਹੈ। ਉਹਨਾਂ ਕਿਹਾ ਕਿ ਹਾਲਾਤ ਇਹ ਬਣ ਗਏ ਹਨ ਕਿ ਕਮੇਟੀ ਦੇ ਪ੍ਰਬੰਧਕ ਦਿੱਲੀ ਕਮੇਟੀ ਦਾ ਪ੍ਰਬੰਧ ਚਲਾਉਣ ਵਿੱਚ ਪੂਰੀ ਤਰ•ਾ ਨਾਕਾਮ ਰਹੇ ਹਨ ਅਤੇ ਉਹਨਾਂ ਦਾ ਸਿਰਫ ਇੱਕ ਨੁਕਾਤੀ ਪ੍ਰੋਗਾਰਮ ਹੈ ਕਿ ਗੁਰੂ ਦੀ ਗੋਲਕ ਨੂੰ ਕਿਵੇਂ ਲੁੱਟਣਾ ਹੈ। ਉਹਨਾਂ ਕਿਹਾ ਕਿ ਦਿੱਲੀ ਦੀਆ ਸੰਗਤਾਂ ਕਮੇਟੀ ਵਿੱਚ ਵਾਪਰੀਆ ਘਟਨਾਵਾਂ ਦੇ ਜਵਾਬ ਮੰਗਦੀਆ ਹਨ ਪਰ ਪ੍ਰਬੰਧਕ ਮਚਲੇ ਹੋਏ ਤਮਾਸ਼ਬੀਨ ਬਣੇ ਹੋਏ ਹਨ। ਉਹਨਾਂ ਕਿਹਾ ਕਿ ਚਿੰਤਾ ਦਾ ਵਿਸ਼ਾ ਇਹ ਹੈ ਕਿ ਦਿੱਲੀ ਕਮੇਟੀ ਵਿੱਚ ਪੰਜਾਬ ਵਾਲਾ ਸਭਿਆਚਾਰ ਜੋਰ ਫੜਦਾ ਜਾ ਰਿਹਾ ਹੈ ਜਿਥੇ ਇੱਕ ਥਾਣੇਦਾਰ ਆਪਣੀ ਧੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਗੁੰਡਿਆ ਤੋ ਬਚਾਉਦਾ ਹੋਇਆ ਸ਼ਹਾਦਤ ਦਾ ਜਾਮ ਪੀ ਗਿਆ ਸੀ ਅਤੇ ਪੰਜਾਬ ਦੀ ਅਕਾਲੀ ਸਰਕਾਰ ਪਹਿਲਾਂ ਮੂਕ ਦਰਸ਼ਕ ਬਣੀ ਰਹੀ ਪਰ ਜਦੋ ਮੀਡੀਆ ਨੇ ਦੁਹਾਈ ਪਾਈ ਤਾਂ ਸਰਕਾਰੀ ਮਸ਼ੀਨਰੀ ਫਿਰ ਹਰਕਤ ਵਿੱਚ ਆਈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ ਸਭ ਅੱਛਾ ਨਹੀ ਹੈ ਤੇ ਦਿੱਲੀ ਕਮੇਟੀ ਦੇ ਭਵਿੱਖ ਲਈ ਇਹ ਖਤਰੇ ਦੀ ਘੰਟੀ ਹੈ। ਉਹਨਾਂ ਕਿਹਾ ਕਿ ਜਿਹਨਾਂ ਬੀਬੀਆ ਨੂੰ ਸਿੱਖ ਗੁਰੂ ਸਾਹਿਬਾਨ ਨੇ ”ਸੋ ਮੰਦਾ ਆਖੀਐ ਜਿਤੁ ਜੰਮੈ ਰਾਜਾਨ” ਕਹਿ ਕੇ ਵਡਿਆਈ ਦਿੱਤੀ ਸੀ ਅੱਜ ਉਹਨਾਂ ਗੁਰੂ ਸਾਹਿਬਾਨ ਦੇ ਗੁਰਧਾਮਾਂ ਦੀ ਸੇਵਾ ਸੰਭਾਲ ਵਿੱਚ ਲੱਗੀਆ ਬੀਬੀਆ ਨਾਲ ਦਿੱਲੀ ਕਮੇਟੀ ਦੇ ਆਹੁਦੇਦਾਰਾਂ ਵੱਲੋ ਜੋ ਖਿਲਵਾੜ ਕੀਤਾ ਜਾ ਰਿਹਾ ਹੈ ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾ ਸਕਦਾ।