ਕਾਬੁਲ – ਅਫ਼ਗਾਨਿਸਤਾਨ ਦੇ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਆਹੁਦੇ ਦੇ ਉਮੀਦਵਾਰ ਅਸ਼ਰਫ਼ ਗਨੀ ਨੂੰ ਐਤਵਾਰ ਨੂੰ ਜੇਤੂ ਕਰਾਰ ਦਿੱਤਾ ਹੈ। ਹੁਣ ਉਨ੍ਹਾਂ ਲਈ ਰਾਸ਼ਟਰਪਤੀ ਬਣਨ ਦਾ ਰਸਤਾ ਸਾਫ ਤਾਂ ਹੋ ਗਿਆ ਹੈ ਪਰ ਅਜੇ ਤੱਕ ਆਯੋਗ ਨੇ ਵੋਟਾਂ ਦੇ ਅੰਤਿਮ ਅੰਕੜੇ ਜਾਰੀ ਨਹੀਂ ਕੀਤੇ।
ਡਾ. ਗਨੀ ਅਤੇ ਰਾਸ਼ਟਰਪਤੀ ਆਹੁਦੇ ਦੇ ਦੂਸਰੇ ਉਮੀਦਵਾਰ ਡਾ. ਅਬਦੁੱਲਾ ਦੇ ਦਰਮਿਆਨ ਪਾਵਰ ਸਬੰਧੀ ਵੰਡ – ਵੰਡਾਈ ਦੇ ਸਮਝੌਤਾ ਹੋ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਡਾ. ਗਨੀ ਦੇ ਜੇਤੂ ਹੋਣ ਦਾ ਐਲਾਨ ਕਰ ਦਿੱਤਾ ਗਿਆ। ਦੋਵਾਂ ਨੇਤਾਵਾਂ ਵਿੱਚ ਪਹਿਲਾਂ ਹੀ ਆਪਸੀ ਸਹਿਮਤੀ ਹੋ ਗਈ ਸੀ। ਇਸ ਸਮਝੌਤੇ ਦੇ ਤਹਿਤ ਡਾ. ਗਨੀ ਇੱਕ ਹਫ਼ਤੇ ਦੇ ਅੰਦਰ ਰਾਸ਼ਟਰਪਤੀ ਦੇ ਪਦ ਦੀ ਸੌਂਹ ਚੁੱਕ ਲੈਣਗੇ ਅਤੇ ਡਾ. ਅਬਦੁੱਲਾ ਵੱਲੋਂ ਨਾਂਮਜ਼ਦ ਵਿਅਕਤੀ ‘ ਮੁੱਖ ਕਾਰਜਕਾਰੀ ਅਧਿਕਾਰੀ’ (ਸੀਈਓ) ਦਾ ਨਵਾਂ ਪਦ ਸੰਭਾਲੇਗਾ ਜੋ ਕਿ ਪ੍ਰਧਾਨਮੰਤਰੀ ਦੇ ਸਮਾਨ ਹੋਵੇਗਾ। ਇਸ ਦੇ ਬਾਵਜੂਦ ਆਯੋਗ ਨੇ ਦੰਗਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੜੀ ਹੀ ਸਾਵਧਾਨੀ ਵਰਤਦੇ ਹੋਏ ਕੇਵਲ ਗਨੀ ਦੀ ਜਿੱਤ ਦਾ ਹੀ ਐਲਾਨ ਕੀਤਾ।
ਦੋਵਾਂ ਉਮੀਦਵਾਰਾਂ ਨੇ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਇੱਕ-ਦੂਸਰੇ ਨੂੰ ਗਲੇ ਲਗਾਇਆ। ਵਰਤਮਾਨ ਰਾਸ਼ਟਰਪਤੀ ਕਰਜ਼ਈ ਨੇ ਇਸ ਸਮਾਗਮ ਵਿੱਚ ਭਾਸ਼ਣ ਦਿੱਤਾ ਅਤੇ ਇਸ ਤੋਂ ਬਾਅਦ ਸਮਝੌਤੇ ਤੇ ਦਸਤਖਤ ਕੀਤੇ ਗਏ।