ਪੇਚਿੰਗ – ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੇ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨੂੰ ਖੇਤਰੀ ਯੁੱਧ ਜਿੱਤਣ ਦ ਤਿਆਰੀ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਪ੍ਰਤੀ ਸੰਪੂਰਨ ਭਰੋਸਾ ਅਤੇ ਸਾਰੇ ਆਦੇਸ਼ਾਂ ਦਾ ਪਾਲਣ ਕਰਨ ਲਈ ਕਿਹਾ ਹੈ। ਰਾਸ਼ਟਰਪਤੀ ਨੇ ਪੀਐਲਏ ਦੇ ਤਿੰਨ ਜਨਰਲਾਂ ਦੀ ਪਰਮੋਸ਼ਨ ਵੀ ਕੀਤੀ ਹੈ।
ਸਰਕਾਰੀ ਸਮਾਚਾਰ ਏਜੰਸੀ ਸਿ਼ਨਹੂਆ ਦੀ ਰਿਪੋਰਟ ਅਨੁਸਾਰ ਐਤਵਾਰ ਨੂੰ ਪੀਪਲਜ਼ ਲਿਬਰੇਸ਼ਨ ਆਰਮੀ ਦੇ ਸੈਨਿਕ ਕਮਾਂਡਰਾਂ ਦੀ ਬੈਠਕ ਵਿੱਚ ਜਿਨਪਿੰਗ ਨੇ ਸੈਨਾ ਨੂੰ ਅਨੁਸ਼ਾਸਨ ਦਾ ਸਖਤੀ ਨਾਲ ਪਾਲਣ ਕਰਨ ਅਤੇ ਅੰਤਰਰਾਸ਼ਟਰੀ ਅਤੇ ਘਰੇਲੂ ਸੁਰੱਖਿਆ ਪ੍ਰਸਿਥਿਤੀਆਂ ਦੇ ਪ੍ਰਤੀ ਬੇਹਤਰ ਸਮਝ ਵਿਕਸਤ ਕਰਨ ਲਈ ਕਿਹਾ। ਉਨ੍ਹਾਂ ਨੇ ਆਪਣੀ ਚੇਨ ਆਫ਼ ਕਮਾਂਡ ਨੂੰ ਵੀ ਦਰੁਸੱਤ ਰੱਖਣ ਦੀ ਸਲਾਹ ਦਿੱਤੀ। ਰਾਸ਼ਟਰਪਤੀ ਜਿਨਪਿੰਗ ਕੇਂਦਰੀ ਸੈਨਾ ਆਯੋਗ ਦੇ ਪ੍ਰਮੁੱਖ ਅਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਮੁੱਖ ਸਕੱਤਰ ਵੀ ਹਨ।
ਚੀਨੀ ਰਾਸ਼ਟਰਪਤੀ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕਿ ਚੀਨੀ ਸੈਨਿਕ ਨਿਯੰਤਰਣ ਰੇਖਾ ਤੇ ਭਾਰਤੀ ਸਰਹੱਦ ਅੰਦਰ ਵਾਰ-ਵਾਰ ਘੁਸਪੈਠ ਕਰ ਰਹੇ ਹਨ। ਭਾਰਤ ਸਰਕਾਰ ਵੱਲੋਂ ਚੀਨੀ ਰਾਸ਼ਟਰਪਤੀ ਕੋਲ ਇਹ ਮੁੱਦਾ ਉਠਾਇਆ ਗਿਆ ਸੀ। ਲਦਾਖ ਦੇ ਚੁਮਾਰ ਖੇਤਰ ਵਿੱਚ ਪੀਐਲਏ ਅਤੇ ਭਾਰਤੀ ਸੈਨਾ ਦਰਮਿਆਨ ਪਹਿਲਾਂ ਹੀ ਤਣਾਅ ਦੀ ਸਥਿਤੀ ਬਣੀ ਹੋਈ ਹੈ। ਇਸ ਲਈ ਰਾਸ਼ਟਰਪਤੀ ਦੇ ਇਸ ਬਿਆਨ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।