ਫ਼ਤਹਿਗੜ੍ਹ ਸਾਹਿਬ – “ਭਾਰਤ ਵਰਸ਼ ਉਤੇ ਹਿੰਦੂਤਵਾਂ ਦਾ ਰਾਜ ਹੋਣ ਕਾਰਨ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਚੀਨੀ ਸਦਰ ਸ੍ਰੀ ਜੀ. ਜਿਨਪਿੰਗ ਨਾਲ ਗੱਲਬਾਤ ਕਰਕੇ ਹਿੰਦੂਆਂ ਦੀ ਲੰਮੇਂ ਸਮੇਂ ਤੋ ਲਟਕਦੀ ਕੈਲਾਸ ਮਾਨਸਰੋਵਰ ਦੀ ਯਾਤਰਾ ਲਈ ਇਕ ਹੋਰ ਲਾਂਘਾ ਖੋਲ੍ਹਣ ਦੀ ਮੰਗ ਮਨਵਾਉਣ ਵਿਚ ਸਫ਼ਲਤਾ ਹਾਸਿ਼ਲ ਕਰ ਲਈ ਹੈ । ਜਿਸ ਨਾਲ ਦੇਸ਼ ਦਾ ਹਰ ਹਿੰਦੂ ਅਸਾਨੀ ਨਾਲ ਕੈਲਾਸ ਮਾਨਸਰੋਵਰ ਦੇ ਦਰਸ਼ਨ ਕਰ ਸਕੇਗਾ ਜੋ ਇਕ ਚੰਗੀ ਗੱਲ ਹੈ । ਪਰ ਹਿੰਦੂ ਰਾਸ਼ਟਰ ਦੇ ਆਗੂਆਂ ਨੇ ਅੱਜ ਤੱਕ ਸਿੱਖਾਂ ਦੇ ਗੰਭੀਰ ਮਸਲਿਆ ਉਤੇ ਕੋਈ ਤਵੱਜੋ ਨਹੀਂ ਦਿੱਤੀ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕੀਤਾ । ਉਹਨਾਂ ਕਿਹਾ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਸਿੱਖਾਂ ਦੀਆਂ ਜ਼ਮੀਨਾਂ ਜ਼ਬਰੀ ਖੋਹਕੇ ਉਥੇ ਇਕ ਢਾਕਾ ਯੂਨੀਵਰਸਿਟੀ ਦੀ ਸਥਾਪਨਾ ਕਰਨੀ, ਜਿਥੇ ਸਿੱਖਾਂ ਦੀ ਪਹਿਲੀ ਅਤੇ ਨੌਵੀਂ ਪਾਤਸ਼ਾਹੀ ਨੇ ਆਪਣੇ ਚਰਨ ਪਾਏ ਹੋਣ, ਉਥੇ ਸਿੱਖਾਂ ਨੂੰ ਉਜਾੜ ਦੇਣ ਦੇ ਵਿਰੁੱਧ ਸ੍ਰੀ ਨਰਿੰਦਰ ਮੋਦੀ ਵੱਲੋ ਕੁਝ ਨਾ ਕਰਨਾ ਅਤੇ ਬਾਦਲ ਦਲ ਦੇ ਆਗੂ ਸ. ਪ੍ਰਕਾਸ਼ ਸਿੰਘ ਬਾਦਲ ਦਾ ਚੁੱਪ ਰਹਿਣਾ ਵੀ ਹਿੰਦੂ ਰਾਸ਼ਟਰ ਦੇ ਹੱਕ ਵਿਚ ਖੜ੍ਹਨ ਦੇ ਬਰਾਬਰ ਹੈ ।”
ਸ. ਮਾਨ ਨੇ ਅੱਗੇ ਕਿਹਾ ਕਿ ਇਸਲਾਮਿਕ ਮੁਲਕ ਇਰਾਕ ਵਿਚੋ ਕੇਰਲਾ ਸਟੇਟ ਦੇ ਬੰਦਿਆਂ ਨੂੰ ਤਾਂ ਰਿਹਾਅ ਕਰਵਾ ਲਿਆ ਗਿਆ ਹੈ । ਪਰ ਸਿੱਖ ਵੱਡੀ ਗਿਣਤੀ ਵਿਚ ਅੱਜ ਵੀ ਬੰਦੀ ਬਣੇ ਹੋਏ ਹਨ, ਜਿਹੜੇ ਨਰਕ ਵਰਗੀ ਜਿ਼ੰਦਗੀ ਬਤੀਤ ਕਰਨ ਲਈ ਮਜ਼ਬੂਰ ਹਨ ਉਨ੍ਹਾਂ ਨੂੰ ਸਹੀ ਸਲਾਮਤ ਵਾਪਸ ਮੰਗਵਾਉਣ ਲਈ ਸ੍ਰੀ ਨਰਿੰਦਰ ਮੋਦੀ ਨੇ ਘੇਸਲ ਵੱਟੀ ਹੋਈ ਹੈ । ਜਦੋ ਕਿ ਤੁਰਕੀ ਹਕੂਮਤ ਨੇ ਇਸਲਾਮਿਕ ਸਟੇਟ ਇਰਾਕ ਦੇ ਮੁੱਖ ਖਲੀਫ਼ਾ ਬਗਦਾਦੀ ਤੋ ਆਪਣੇ ਸਾਰੇ ਕਾਮੇ ਸੁਰੱਖਿਅਤ ਵਾਪਿਸ ਲੈ ਲਏ ਹਨ । ਪਰ ਸਿੱਖ ਕਾਮਿਆ ਦਾ ਅਜੇ ਵੀ ਉਥੇ ਫਸੇ ਹੋਣਾ ਸਿੱਖ ਕੌਮ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਣਾ ਹੈ ।
ਸ. ਮਾਨ ਨੇ ਕਿਹਾ ਕਿ ਸਿੱਖ ਕੌਮ ਕਦੋ ਤੱਕ ਗੂੜ੍ਹੀ ਨੀਦੇ ਸੁੱਤੀ ਪਈ ਰਹੇਗੀ ? ਕਦੋ ਤੱਕ ਆਪਣੇ ਉਤੇ ਧੱਕੇਸਾਹੀ, ਜ਼ਬਰ-ਜੁਲਮ ਅਤੇ ਵਿਤਕਰੇਬਾਜੀ ਨੂੰ ਬਰਦਾਸਤ ਕਰਦੀ ਰਹੇਗੀ ? ਕੀ ਸਿੱਖ ਕੌਮ ਨੂੰ ਵੀ ਆਪਣੇ ਆਜ਼ਾਦ ਮੁਲਕ ਸਿੱਖ ਸਟੇਟ ਦੀ ਜ਼ਰੂਰਤ ਨਹੀਂ ? ਜੇਕਰ ਸਿੱਖਾਂ ਦਾ ਆਪਣਾ ਖਿੱਤਾ ਹੋਵੇ, ਜਿਥੇ ਉਹ ਆਪਣੇ ਅਧਿਕਾਰਾਂ ਦੀ ਵਰਤੋ ਕਰਕੇ ਜਿਵੇ ਹਿੰਦੂਸਤਾਨੀ ਹਕੂਮਤ ਅਤੇ ਤੁਰਕੀ ਹਕੂਮਤ ਨੇ ਆਪਣੇ ਮਸਲੇ ਹੱਲ ਕਰ ਲਏ ਹਨ, ਕੀ ਉਸੇ ਤਰ੍ਹਾਂ ਸਿੱਖ ਕੌਮ ਵੀ ਆਪਣੇ ਮਸਲੇ ਆਪ ਹੱਲ ਕਰਨ ਦੇ ਸਮਰੱਥ ਨਹੀਂ ਹੋਵੇਗੀ ?