ਫ਼ਤਹਿਗੜ੍ਹ ਸਾਹਿਬ – “ਆਰ.ਐਸ.ਐਸ. ਵਰਗੇ ਫਿਰਕੂ ਸੰਗਠਨ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਹਿੰਦੂਤਵ ਵਿਚ ਜਜਬ ਕਰਨ ਅਤੇ ਪੱਕੇ ਤੌਰ ਤੇ ਹਿੰਦੂਤਵ ਏਜੰਡਾ ਲਾਗੂ ਕਰਨ ਲਈ ਸਰਗਰਮ ਹਨ ਤਾਂ ਕਿ ਇਥੋਂ ਦੇ ਨਿਵਾਸੀ ਹਿੰਦੀ, ਹਿੰਦੂਸਤਾਨ ਅਤੇ ਹਿੰਦੂਤਵ ਸੋਚ ਦੇ ਪੈਰੋਕਾਰ ਬਣ ਸਕਣ । ਅਜਿਹੇ ਅਮਲ ਹਿੰਦ ਦੇ ਵਿਧਾਨ ਦੀ ਧਾਰਾ 14, 19 ਅਤੇ 21 ਜੋ ਇਥੋ ਦੇ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ, ਆਜ਼ਾਦੀ ਨਾਲ ਆਪਣੇ ਖਿਆਲਾਤ ਪ੍ਰਗਟ ਕਰਨ, ਆਪਣੀ ਸੋਚ ਦਾ ਪ੍ਰਚਾਰ ਕਰਨ ਇਸ ਸੰਬੰਧੀ ਸਮੱਗਰੀ ਛਪਵਾਕੇ ਪ੍ਰਕਾਸਿ਼ਤ ਕਰਨ, ਆਦਿ ਦੇ ਅਧਿਕਾਰ ਅਤੇ ਹੱਕਾਂ ਦੀ ਘੋਰ ਉਲੰਘਣਾ ਕਰਨ ਅਤੇ ਵੱਖ-ਵੱਖ ਕੌਮਾਂ ਦੇ ਮਨਾਂ ਅਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੇ ਤੁੱਲ ਅਮਲ ਹਨ । ਬੇਸ਼ੱਕ ਇਹ ਫਿਰਕੂ ਸੰਗਠਨ ਕਾਫ਼ੀ ਲੰਮੇਂ ਸਮੇਂ ਤੋਂ ਅਜਿਹੇ ਸਮਾਜ ਵਿਰੋਧੀ ਅਮਲ ਕਰਦੇ ਆ ਰਹੇ ਹਨ । ਪਰ ਜਦੋਂ ਤੋਂ ਹਿੰਦ ਵਿਚ ਮੋਦੀ ਦੀ ਜ਼ਾਬਰ ਹਕੂਮਤ ਕਾਇਮ ਹੋਈ ਹੈ, ਉਦੋਂ ਤੋਂ ਇਹਨਾਂ ਫਿਰਕੂ ਸੰਗਠਨਾਂ ਦੀਆਂ ਘੱਟ ਗਿਣਤੀ ਕੌਮਾਂ ਵਿਸ਼ੇਸ਼ ਤੌਰ ਤੇ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਵਾਲੀਆਂ ਕਾਰਵਾਈਆਂ ਵਿਚ ਵੱਡਾ ਵਾਧਾ ਹੋ ਗਿਆ ਹੈ । ਇਸ ਲਈ ਸਿੱਖ ਕੌਮ ਨੂੰ ਭਗਵਤ ਦੀ 24 ਅਤੇ 25 ਅਕਤੂਬਰ ਦੀ ਲੁਧਿਆਣਾ ਅਤੇ ਅੰਮ੍ਰਿਤਸਰ ਦੀਆਂ ਫੇਰੀਆਂ ਦਾ ਉਚੇਚੇ ਤੌਰ ਤੇ ਧਿਆਨ ਰੱਖਦੇ ਹੋਏ ਸੁਚੇਤ ਵੀ ਰਹਿਣਾ ਪਵੇਗਾ ਅਤੇ ਜਿਥੇ ਕਿਤੇ ਕੋਈ ਸਿੱਖ ਵਿਰੋਧੀ ਜਾਂ ਘੱਟ ਗਿਣਤੀ ਵਿਰੋਧੀ ਇਹਨਾਂ ਦੇ ਅਮਲ ਹੋਣ, ਉਸਦਾ ਦ੍ਰਿੜਤਾ ਨਾਲ ਡੱਟਕੇ ਵਿਰੋਧ ਕਰਦੇ ਹੋਏ ਚੁਣੌਤੀ ਨੂੰ ਪ੍ਰਵਾਨ ਕਰਨਾ ਪਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦ ਦੀ ਮੋਦੀ ਬੀਜੇਪੀ ਦੀ ਹਕੂਮਤ ਦੀ ਸਹਿ ਉਤੇ ਭਗਵਤ ਵੱਲੋਂ ਪੰਜਾਬ ਵਿਚ ਕੀਤੇ ਜਾ ਰਹੇ ਦੌਰਿਆਂ ਦਾ ਸਖ਼ਤ ਨੋਟਿਸ ਲੈਂਦੇ ਹੋਏ ਅਤੇ ਕੌਮ ਨੂੰ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਭਗਵਤ ਨੇ ਪਹਿਲੇ ਵੀ ਮਾਨਸਾ, ਖੰਨਾ, ਫਾਜਿ਼ਲਕਾ ਅਤੇ ਹੋਰ ਸ਼ਹਿਰਾਂ ਵਿਚ ਗੁਪਤ ਦੌਰੇ ਕਰਕੇ ਹਿੰਦੂ ਕੱਟੜਵਾਦੀਆਂ ਨੂੰ ਜਥੇਬੰਦ ਕਰਨ ਅਤੇ ਘੱਟ ਗਿਣਤੀ ਕੌਮਾਂ ਵਿਰੁੱਧ ਨਫ਼ਰਤ ਪੈਦਾ ਕਰਨ ਦੀਆਂ ਕਾਰਵਾਈਆਂ ਕੀਤੀਆਂ ਹਨ, ਇਹਨਾਂ ਦੌਰਿਆਂ ਦਾ ਮਕਸਦ ਸਿੱਖ ਕੌਮ ਦੀ ਕੰਮਜੋਰ ਅਤੇ ਦਿਸ਼ਾਹੀਣ ਲੀਡਰਸਿ਼ਪ ਵਿਚ ਸੰਨ੍ਹ ਲਗਾਕੇ, ਉਹਨਾਂ ਨੂੰ ਸਿਆਸੀ ਅਤੇ ਮਾਲੀ ਫਾਇਦਿਆਂ ਵਿਚ ਉਲਝਾਕੇ ਹਿੰਦੂਤਵ ਦਾ ਪ੍ਰਚਾਰ ਕਰਨਾ ਹੈ । ਇਸ ਲਈ ਰਵਾਇਤੀ ਅਕਾਲੀ ਲੀਡਰਸਿ਼ਪ ਨੂੰ ਵੀ ਅਸੀਂ ਆਪਣੀ ਕੌਮੀ ਜਿ਼ੰਮੇਵਾਰੀ ਸਮਝਦੇ ਹੋਏ ਸੁਚੇਤ ਕਰਦੇ ਹਾਂ ਕਿ ਉਹ ਆਪਣੇ ਸਿਆਸੀ ਤੇ ਮਾਲੀ ਫਾਇਦਿਆ ਲਈ ਇਹਨਾਂ ਦੇ ਘਿਣੋਨੇ ਚੁੰਗਲ ਵਿਚ ਬਿਲਕੁਲ ਨਾਂ ਫਸਣ । ਬਲਕਿ ਕੌਮੀ ਅਤੇ ਧਰਮੀ ਸੋਚ ਨੂੰ ਮਜ਼ਬੂਤ ਕਰਨ ਦੀਆਂ ਜਿੰਮੇਵਾਰੀਆਂ ਨਿਭਾਕੇ ਅਜਿਹੇ ਫਿਰਕੂਆਂ ਨੂੰ ਚੁਣੌਤੀ ਦੇਣ ਦੇ ਅਮਲ ਕਰਨ । ਵਰਨਾ ਸਿੱਖ ਕੌਮ ਨੇ ਕੌਮੀ ਦੁਸ਼ਮਣਾਂ ਨੂੰ ਤਾਂ ਕਤਈ ਮੁਆਫ਼ ਨਹੀਂ ਕਰਨਾ ਅਤੇ ਅਜਿਹੀ ਸਿੱਖ ਲੀਡਰਸਿ਼ਪ ਵੀ ਸਿੱਖ ਕੌਮ ਦੀਆਂ ਨਜ਼ਰਾਂ ਵਿਚ ਗਿਰ ਜਾਵੇਗੀ ।
ਉਹਨਾਂ ਕਿਹਾ ਕਿ ਜਦੋਂ ਚੀਨ ਵਰਗਾ ਮੁਲਕ ਲੇਹ-ਲਦਾਖ ਦੇ ਚਮਾਰੂ ਇਲਾਕੇ ਵਿਚ ਆਪਣੇ ਤੰਬੂ ਗੱਡਕੇ ਫ਼ੌਜਾਂ ਸਮੇਤ ਬੈਠ ਗਿਆ ਹੈ ਅਤੇ ਇਹਨਾਂ ਫਿਰਕੂ ਹੁਕਮਰਾਨਾਂ ਦੀ ਇਹ ਜੁਰਅਤ ਨਹੀਂ ਕਿ ਚੀਨ ਨੂੰ ਚੁਣੌਤੀ ਦੇ ਸਕਣ ਤਾਂ ਅਜਿਹੇ ਸਮੇਂ ਆਰ.ਐਸ.ਐਸ. ਅਤੇ ਬੀਜੇਪੀ ਵਰਗੀਆਂ ਫਿਰਕੂ ਜਮਾਤਾਂ ਇਥੋਂ ਦੇ ਨਿਵਾਸੀਆਂ ਦਾ ਧਿਆਨ ਬਦਲਣ ਹਿੱਤ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਹਿੰਦੂਤਵ ਕਾਰਵਾਈਆਂ ਵਿਚ ਮਸਰੂਫ ਹੋ ਚੁੱਕੀਆਂ ਹਨ । ਜਦੋਂਕਿ ਲੇਹ-ਲਦਾਖ ਦਾ ਇਲਾਕਾ 1843 ਵਿਚ ਲਾਹੌਰ ਖ਼ਾਲਸਾ ਦਰਬਾਰ ਦੀਆਂ ਖ਼ਾਲਸਾਈ ਫ਼ੌਜਾਂ ਨੇ ਫ਼ਤਹਿ ਕਰਕੇ ਖ਼ਾਲਸਾ ਹਕੂਮਤ ਅਧੀਨ ਕੀਤਾ ਸੀ । ਇਸ ਲਈ ਲੇਹ-ਲਦਾਖ ਦੇ ਮਸਲੇ ਉਤੇ ਕੌਮਾਂਤਰੀ ਪੱਧਰ ਉਤੇ ਕੋਈ ਵੀ ਗੱਲਬਾਤ ਉਦੋ ਤੱਕ ਸਫ਼ਲ ਨਹੀਂ ਹੋ ਸਕਦੀ, ਜਦੋਂ ਤੱਕ ਸਿੱਖ ਕੌਮ ਨੂੰ ਬਤੌਰ ਤੀਜੀ ਧਿਰ (ਜੋ ਕਿ ਅਸਲੀਅਤ ਵਿਚ ਪਹਿਲੀ ਧਿਰ ਹੈ) ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਸ ਭਖ਼ਦੇ ਮਸਲੇ ਨੂੰ ਭਾਰਤ ਅਤੇ ਚੀਨ ਕਤਈ ਹੱਲ ਨਹੀਂ ਕਰ ਸਕਣਗੇ । ਜੋ ਹਿੰਦੂਤਵ ਮੋਦੀ ਹਕੂਮਤ ਸਿੱਖ ਵਸੋਂ ਵਾਲੇ ਇਲਾਕਿਆਂ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਵਿਚ ਵਿਸਫੋਟਕ ਹਾਲਾਤ ਪੈਦਾ ਕਰਕੇ ਗੁਆਂਢੀ ਮੁਲਕਾਂ ਚੀਨ ਨਾਲ ਜਾਂ ਪਾਕਿਸਤਾਨ ਨਾਲ ਜੰਗ ਲਗਾਕੇ ਸਿੱਖ ਕੌਮ ਦੀ ਨਸ਼ਲੀ ਸਫ਼ਾਈ ਕਰਨ ਦੀ ਮੰਦਭਾਵਨਾ ਰੱਖਦੀ ਹੈ, ਉਸ ਸਾਜਿ਼ਸ ਨੂੰ ਸਿੱਖ ਕੌਮ ਬਿਲਕੁਲ ਕਾਮਯਾਬ ਨਹੀਂ ਹੋਣ ਦੇਵੇਗੀ । ਸਮੁੱਚੀ ਸਿੱਖ ਕੌਮ ਨੂੰ ਹਿੰਦੂਤਵ ਹਕੂਮਤ ਦੇ ਅਜਿਹੇ ਮਨੁੱਖਤਾ ਮਾਰੂ ਅਮਲਾਂ ਦੀ ਜੋਰਦਾਰ ਵਿਰੋਧਤਾ ਕਰਦੇ ਹੋਏ ਅਜਿਹਾ ਮਾਹੌਲ ਪੈਦਾ ਕਰਨਾ ਬਣਦਾ ਹੈ, ਜਿਸ ਨਾਲ ਤਿੰਨੋ ਪ੍ਰਮਾਣੂ ਤਾਕਤ ਵਾਲੇ ਮੁਲਕਾਂ ਹਿੰਦੂ ਹਿੰਦੂਸਤਾਨ, ਕਮਿਊਨਿਸਟ ਚੀਨ ਅਤੇ ਇਸਲਾਮਿਕ ਪਾਕਿਸਤਾਨ ਦੇ ਵਿਚਕਾਰ ਸਿੱਖ ਕੌਮ ਦੇ ਬਿਨ੍ਹਾਂ ਤੇ ਸਿੱਖ ਇਲਾਕਿਆਂ ਵਿਚ ਬਫ਼ਰ ਸਟੇਟ ਖ਼ਾਲਿਸਤਾਨ ਕਾਇਮ ਹੋ ਸਕੇ ਅਤੇ ਤਿੰਨੋ ਦੁਸ਼ਮਣ ਮੁਲਕ ਆਪਸ ਵਿਚ ਕਦੇ ਵੀ ਜੰਗ ਨਾ ਲਗਾ ਸਕਣ।