ਮੁੰਬਈ – ਮਹਾਂਰਾਸ਼ਟਰ ਵਿਧਾਨਸਭਾ ਚੋਣਾਂ ਵਿੱਚ ਸੀਟਾਂ ਦੀ ਵੰਡ-ਵੰਡਾਈ ਨੂੰ ਲੈ ਕੇ ਦੋ ਪੁਰਾਣੇ ਗਠਬੰਧਨ ਟੁੱਟ ਗਏ ਹਨ। ਜਿੱਥੇ ਬੀਜੇਪੀ ਨੇ ਸਿ਼ਵਸੈਨਾ ਦੇ ਨਾਲ ਆਪਣਾ 25 ਸਾਲ ਪੁਰਾਣਾ ਸਬੰਧ ਸਮਾਪਤ ਕਰ ਲਿਆ ਹੈ, ਉਥੇ ਐਨਸੀਪੀ ਨੇ ਵੀ ਕਾਂਗਰਸ ਨਾਲ ਆਪਣਾ 15 ਸਾਲ ਤੋਂ ਚੱਲਿਆ ਆ ਰਿਹਾ ਗਠਬੰਧਨ ਤੋੜ ਕੇ ਇੱਕਲਿਆਂ ਹੀ ਚੋਣ ਮੈਦਾਨ ਵਿੱਚ ਉਤਰਨ ਦਾ ਫੈਂਸਲਾ ਕੀਤਾ ਹੈ। ਹੁਣ ਮਹਰਾਸ਼ਟਰ ਵਿੱਚ ਚੌਤਰਫ਼ਾ ਮੁਕਾਬਲਾ ਹੋਵੇਗਾ।
ਬੀਜੇਪੀ ਦੇ ਪ੍ਰਦੇਸ਼ ਪ੍ਰਧਾਨ ਦੇਵੇਂਦਰ ਫਡਨਵੀਸ ਨੇ ਕਿਹਾ ਹੈ ਕਿ ਅਸੀਂ ਪਿੱਛਲੇ ਕਈ ਦਿਨਾਂ ਤੋਂ ਯਤਨ ਕਰ ਰਹੇ ਸੀ ਕਿ 25 ਸਾਲ ਪੁਰਾਣੇ ਗਠਬੰਧਨ ਨੂੰ ਕਾਇਮ ਰੱਖਿਆ ਜਾਵੇ ਪਰ ਸਿ਼ਵਸੈਨਾ 151 ਸੀਟਾਂ ਦੀ ਜਿਦ ਤੇ ਅੜੀ ਰਹੀ। ਸਿ਼ਵਸੈਨਾ ਕਿਸੇ ਵੀ ਤਰ੍ਹਾਂ ਸੀਟਾਂ ਦੀ ਸੰਖਿਆ ਅਤੇ ਮੁੱਖਮੰਤਰੀ ਪਦ ਦੀ ਦਾਅਵੇਦਾਰੀ ਤੇ ਝੁਕਣ ਲਈ ਤਿਆਰ ਨਹੀਂ ਹੈ। ਭਾਜਪਾ ਨੇ ਕਿਹਾ ਕਿ ਮਹਾਂਰਾਸ਼ਟਰ ਵਿੱਚ ਗਠਬੰਧਨ ਭਾਂਵੇ ਟੁੱਟ ਗਿਆ ਹੈ ਪਰ ਕੇਂਦਰ ਵਿੱਚ ਸਿ਼ਵਸੈਨਾ ਦਾ ਸਮਰਥੱਨ ਬਰਕਰਾਰ ਰਹੇਗਾ।
ਰਕਾਂਪਾ ਅਤੇ ਕਾਂਗਰਸ ਵਿੱਚ ਵੀ ਪਿੱਛਲੇ ਇੱਕ ਹਫ਼ਤੇ ਤੋਂ ਗਠਬੰਧਨ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਸਮਾਪਤ ਹੋ ਗਈ ਹੈ। ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਨੇ ਕਾਂਗਰਸ ਨਾਲ ਆਪਣੇ ਸਬੰਧ ਤੋੜਨ ਦੀ ਗੱਲ ਸਵੀਕਾਰ ਕਰ ਲਈ ਹੈ। ਰਾਕਾਂਪਾ ਨੇ ਕਿਹਾ ਕਿ ਅਸਾਂ ਧਰਮ ਨਿਰਪੱਖ ਸਰਕਾਰ ਬਣਾਉਣ ਕਰਕੇ ਕਾਂਗਰਸ ਨਾਲ ਗਠਬੰਧਨ ਕੀਤਾ ਸੀ ਪਰ ਕਾਂਗਰਸ ਸਾਨੂੰ ਲੋਕਸਭਾ ਚੋਣਾਂ ਵਿੱਚ ਵੱਧ ਸੀਟਾਂ ਜਿੱਤਣ ਦੇ ਬਾਵਜੂਦ ਵੀ ਬਰਾਬਰ ਦੀਆਂ ਸੀਟਾਂ ਦੇਣ ਲਈ ਸਹਿਮਤ ਨਹੀਂ ਹੋਈ।