ਅੰਮ੍ਰਿਤਸਰ – ਜੰਮੂ-ਕਸ਼ਮੀਰ ਵਿੱਚ ਆਏ ਹੜ੍ਹਾਂ ਦੇ ਪਾਣੀ ਕਾਰਨ ਬੇਘਰ ਹੋਏ ਜੰਮੂ-ਕਸ਼ਮੀਰ ਦੇ ਸਿੱਖ ਪ੍ਰੀਵਾਰਾਂ ਨੂੰ ਆ ਰਹੀਆਂ ਭਾਰੀ ਮੁਸ਼ਕਲਾਂ ਦੇ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਗਵਰਨਰ ਹਾਊਸ ਸ੍ਰੀਨਗਰ ਵਿਖੇ ਜੰਮੂ-ਕਸ਼ਮੀਰ ਦੇ ਗਵਰਨਰ ਸ੍ਰੀ ਐਨ ਐਨ ਵੋਹਰਾ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਸ੍ਰ: ਰੂਪ ਸਿੰਘ ਤੇ ਸ੍ਰ: ਸਤਬੀਰ ਸਿੰਘ ਸਕੱਤਰ, ਸ੍ਰ: ਦਿਲਜੀਤ ਸਿੰਘ ਵਧੀਕ ਸਕੱਤਰ, ਸ੍ਰ: ਰਜਿੰਦਰ ਸਿੰਘ ਰੂਬੀ, ਸ੍ਰ: ਗੁਰਜੀਤ ਸਿੰਘ ਦੱਤਾ ਪ੍ਰਧਾਨ ਗੁਰਦੁਆਰਾ ਕਮੇਟੀ ਬਡਗਾਮ, ਸ੍ਰੀ ਰਮੇਸ਼ ਯਾਦਵ ਸਮੇਤ ੧੦ ਮੈਂਬਰੀ ਵਫ਼ਦ ਸ਼ਾਮਲ ਹੋਇਆ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਨੇ ਜੰਮੂ-ਕਸ਼ਮੀਰ ਦੇ ਗਵਰਨਰ ਸ੍ਰੀ ਨਰਿੰਦਰ ਨਾਥ ਵੋਹਰਾ ਨੂੰ ਹੜ੍ਹ ਪ੍ਰਭਾਵਿਤ ਸਿੱਖਾਂ ਦੇ ਇਲਾਕਿਆਂ ਤੋਂ ਜਾਣੂ ਕਰਵਾਉਂਦਿਆਂ ਸ਼ਹਿਰ ਦੀ ਸਾਫ਼ ਸਫ਼ਾਈ ਅਤੇ ਸਿੱਖ ਪ੍ਰੀਵਾਰਾਂ ਦੇ ਮੁੜ ਵਸੇਬੇ ਤਬਾਹ ਹੋ ਗਏ ਵਪਾਰਾਂ ਸਬੰਧੀ ਅਤੇ ਕੇਂਦਰ ਸਰਕਾਰ ਤੋਂ ਇਸ ਆਫ਼ਤ ਵਿੱਚ ਮਾਰੇ ਗਏ ਲੋਕਾਂ ਦੇ ਪ੍ਰੀਵਾਰਾਂ ਲਈ ਵਿੱਤੀ ਪੈਕਜ ਦੀ ਮੰਗ ਕੀਤੀ। ਇਸ ਮੌਕੇ ਗਵਰਨਰ ਸ੍ਰੀ ਐਨ ਐਨ ਵੋਹਰਾ ਨੇ ਜਥੇਦਾਰ ਅਵਤਾਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਗੰਭੀਰਤਾ ਨਾਲ ਸੁਣਿਆਂ ਤੇ ਇਨ੍ਹਾਂ ਦੇ ਮਸਲਿਆਂ ਦੇ ਸਰਲੀਕਰਨ ਕਰਵਾਉਣ ਦਾ ਭਰੋਸਾ ਦਿੱਤਾ। ਸ੍ਰੀ ਵੋਹਰਾ ਨੇ ਕਿਹਾ ਕਿ ਮੈਂ ਪੰਜਾਬ ਨਾਲ ਸਬੰਧਤ ਹਾਂ। ਪੰਜਾਬ ਦੇ ਲੋਕ ਬਹੁਤ ਹੀ ਖੁਸ਼ਦਿਲ ਤੇ ਰਹਿਮ ਵਾਲੇ ਹਨ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀਨਗਰ (ਜੰਮੂ-ਕਸ਼ਮੀਰ) ਵਿਖੇ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਪ੍ਰਸੰਸਾ ਕੀਤੀ ਹੈ ਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਹੀ ਅਜਿਹੀ ਸਿਰਮੌਰ ਸੰਸਥਾ ਹੈ ਜੋ ਅਜੇਹੀਆਂ ਆਫ਼ਤਾਂ ਮੌਕੇ ਪੂਰਨ ਸਹਿਯੋਗ ਕਰਦੀ ਹੈ। ਸ਼੍ਰੋਮਣੀ ਕਮੇਟੀ ਵਲੋਂ ਕੀਤੇ ਜਾ ਰਹੇ ਰਾਹਤ ਕਾਰਜ ਚੰਗੇ ਅਤੇ ਲੋਕ ਭਲਾਈ ਵਾਲੇ ਹਨ। ਸ੍ਰੀ ਵੋਹਰਾ ਨੇ ਕਿਹਾ ਕਿ ਮੇਰਾ ਪਿੰਡ ਅਟਾਰੀ ਦੇ ਨਜਦੀਕ ਵਨੀਏਂ ਕੇ ਹੈ, ਉਸ ਦੀ ਮਿੱਟੀ ਮੁੜ ਚੁੰਮਣ ਨੂੰ ਦਿਲ ਕਰਦਾ ਹੈ ਤੇ ਮੈਂ ਥੋੜ੍ਹੇ ਦਿਨਾਂ ਤੱਕ ਸਮਾਂ ਕੱਢ ਕੇ ਆਪਣੇ ਪਿੰਡ ਅਟਾਰੀ ਨਜ਼ਦੀਕ ਵਨੀਏਂ ਕੇ ਜਾਵਾਂਗਾ। ਇਸ ਮੌਕੇ ਗਵਰਨਰ ਸ੍ਰੀ ਵੋਹਰਾ ਨੂੰ ਯਾਦ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਜੰਮੂ-ਕਸ਼ਮੀਰ ਅੰਦਰ ਹਰ ਧਰਮ ਦੇ ਪ੍ਰੀਵਾਰਾਂ ਦੀ ਸਹਾਇਤਾ ਕਰਦਿਆਂ ਆਪਣੀ ਬਣਦੀ ਸਰਬੱਤ ਦੇ ਭਲੇ ਵਾਲੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਹੈ। ਸ਼੍ਰੋਮਣੀ ਕਮੇਟੀ ਵਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਵਿਚੋਂ ਰਾਹਤ ਮੁਸਲਮਾਨ, ਈਸਾਈ, ਹਿੰਦੂ ਹਰ ਧਰਮ ਦਾ ਵਿਅਕਤੀ ਲੈ ਰਿਹਾ ਹੈ ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਕਾਰਜ ਉਦੋਂ ਤੀਕ ਜਾਰੀ ਰਹਿਣਗੇ ਜਿੰਨਾ ਚਿਰ ਕਸ਼ਮੀਰ ਦੇ ਲੋਕ ਆਪਣੇ ਘਰੋਂ ਘਰੀਂ ਨਹੀਂ ਚਲੇ ਜਾਂਦੇ। ਉਨ੍ਹਾਂ ਕਿਹਾ ਕਿ ਗੁਰੂ ਕਾ ਲੰਗਰ ਗੁਰਦੁਆਰਾ ਸ਼ਹੀਦ ਬੁੰਗਾ ਸ੍ਰੀਨਗਰ ਵਿਖੇ ਨਿਰੰਤਰ ਜਾਰੀ ਰਹੇਗਾ ਅਤੇ ਮੈਡੀਕਲ ਟੀਮਾਂ ਆਪਣੀਆਂ ਸੇਵਾਵਾਂ ਲਗਾਤਾਰ ਜਾਰੀ ਰੱਖਣਗੀਆਂ। ਸ਼੍ਰੋਮਣੀ ਕਮੇਟੀ ਕਸ਼ਮੀਰੀ ਭਾਈਚਾਰੇ ਨਾਲ ਮੋਢਾ ਦੇ ਕੇ ਖੜ੍ਹੀ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਵਲੋਂ ਕਸ਼ਮੀਰੀ ਸਿੱਖਾਂ ਦੀ ਸੁਰੱਖਿਆ ਲਈ ਕੀਤੀ ਮੰਗ ਤੇ ਅਮਲ ਕਰਦਿਆਂ ਗਵਰਨਰ ਸ੍ਰੀ ਐਨ ਐਸ ਵੋਹਰਾ ਜੰਮੂ ਕਸ਼ਮੀਰ ਨੇ ਮੀਟਿੰਗ ‘ਚ ਨਾਲ ਬੈਠੇ ਮੁੱਖ ਸਕੱਤਰ ਜੰਮੂ-ਕਸ਼ਮੀਰ ਦੀ ਮੌਕੇ ਤੇ ਹੀ ਸਿੱਖਾਂ ਨੂੰ ਹਰ ਤਰ੍ਹਾਂ ਦੀ ਰਾਹਤ ਦੇਣ ਸਬੰਧੀ ਡਿਊਟੀ ਲਗਾਈ।
ਇਸ ਮੌਕੇ ਜਥੇਦਾਰ ਅਵਤਾਰ ਸਿੰਘ ਨਾਲ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰ: ਰੂਪ ਸਿੰਘ ਅਤੇ ਸ੍ਰ: ਸਤਬੀਰ ਸਿੰਘ, ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ, ਸ੍ਰ: ਪਰਮਜੀਤ ਸਿੰਘ ਸਰੋਆ, ਸ੍ਰ: ਜਗਜੀਤ ਸਿੰਘ ਮੀਤ ਸਕੱਤਰ, ਸ੍ਰ: ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰ: ਰਜਿੰਦਰ ਸਿੰਘ ਰੂਬੀ ਅਟਾਰੀ ਮੈਨੇਜਰ ਗੁਰਦੁਆਰਾ ਸਤਲਾਣੀ ਸਾਹਿਬ, ਸ੍ਰ: ਪ੍ਰਮਿੰਦਰ ਸਿੰਘ ਇੰਚਾਰਜ ਯਾਤਰਾ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਸ੍ਰ: ਜਤਿੰਦਰ ਸਿੰਘ, ਸ੍ਰ: ਅੰਮ੍ਰਿਤਪਾਲ ਸਿੰਘ, ਸ੍ਰ: ਗੁਰਜੀਤ ਸਿੰਘ ਦੱਤਾ ਪ੍ਰਧਾਨ ਗੁਰਦੁਆਰਾ ਸ਼ਹੀਦ ਬੁੰਗਾ ਬਡਗਾਮ, ਸ੍ਰ: ਰਜਿੰਦਰ ਸਿੰਘ ਲੱਕੀ, ਸ੍ਰ: ਬਲਦੇਵ ਸਿੰਘ, ਸ੍ਰ: ਜਸਪਾਲ ਸਿੰਘ, ਸ੍ਰ: ਸਵਿੰਦਰ ਸਿੰਘ ਮੀਤ ਪ੍ਰਧਾਨ, ਗੁਰਦੁਆਰਾ ਕਮੇਟੀ ਬਡਗਾਮ ਸ੍ਰ: ਚਰਨਜੀਤ ਸਿੰਘ ਚੰਨੀ, ਸ੍ਰ: ਗੁਰਮੀਤ ਸਿੰਘ ਜਨਰਲ ਸਕੱਤਰ ਗੁ: ਕਮੇਟੀ ਆਦਿ ਹਾਜ਼ਰ ਸਨ।