ਤਲਵੰਡੀ ਸਾਬੋ – ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ, ਤਲਵੰਡੀ ਸਾਬੋ ਵੱਲੋਂ ਦੋ ਰੋਜ਼ਾ ਵਿੱਦਿਅਕ ਟੂਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ 160 ਦੇ ਕਰੀਬ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ । ਟੂਰ ਵਾਲੀਆਂ ਤਿੰਨ ਬੱਸਾਂ ਨੂੰ ਡਾਇਰੈਕਟਰ ਫਾਇਨਾਂਸ ਡਾ. ਨਰਿੰਦਰ ਸਿੰਘ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਕੈਂਪਸ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ।
ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਤੋਂ ਦਰਸ਼ਨ ਕਰਨ ਉਪਰੰਤ ਰਾਮਪੁਰਾ ਫੂਲ ਵਿਖੇ ਪਹੁੰਚਣ ‘ਤੇ ਐਜੂਕੇਸ਼ਨ ਕਾਲਜ ਦੇ ਪ੍ਰਿੰਸੀਪਲ ਡਾ. ਅਰੁਣ ਕੁਮਾਰ ਕਾਂਸਲ ਨੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਉਪਰੰਤ ਅਸ਼ੀਰਵਾਦ ਦਿੰਦਿਆਂ ਅੱਗੇ ਰਵਾਨਾ ਕੀਤਾ। ਇੱਥੋਂ ਸਾਇੰਸ ਸਿਟੀ ਕਪੂਰਥਲਾ ਵਿਖੇ ਪਹੁੰਚ ਕੇ ਵਿਦਿਆਰਥੀਆਂ ਨੇ ਸਾਇੰਸ ਦੀਆਂ ਯੁੱਗ ਪਲਟਾਊ ਖੋਜਾਂ ਅਤੇ ਪੁਲਾੜ ਵਿਗਿਆਨ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ।
ਦੂਜੇ ਦਿਨ ਅੰਮ੍ਰਿਤ ਵੇਲੇ ਸ੍ਰੀ ਛੇਹਰਟਾ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਟਾਫ ਅਤੇ ਵਿਦਿਆਰਥੀਆਂ ਨੇ ਸ਼ਰਧਾ ਭਾਵਨਾ ਨਾਲ ਦਰਸ਼ਨ ਕੀਤੇ । ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਿੱਖ ਇਤਹਾਸ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਜਲਿਆਂ ਵਾਲਾ ਬਾਗ਼ ਵਿਖੇ 1919 ਦੇ ਸ਼ਹੀਦੀ ਸਾਕੇ ਦੀ ਇਤਹਾਸਕ ਯਾਦਗਾਰ ਦੇ ਦਰਸ਼ਨ ਕਰਵਾਏ ਗਏ । ਇੱਥੇ ਲੱਗੇ ਹੋਏ ਕੈਂਪ ਵਿਚ ਦੋ ਵਿਦਿਆਰਥੀਆਂ ਪ੍ਰੀਤਇੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਖੂਨਦਾਨ ਵੀ ਕੀਤਾ । ਮਾਤਾ ਲਾਲ ਜੀ ਦੇਵੀ ਮੰਦਰ ਅੰਮ੍ਰਿਤਸਰ ਤੋਂ ਵਾਪਸੀ ਕਰਦਿਆਂ ਇਹ ਟੂਰ ਜਿਲ੍ਹਾ ਮੋਗਾ ਦੇ ‘ਮਾਡਲ ਪਿੰਡ’ ਚਕਰ ਵਿਖੇ ਪਹੁੰਚਿਆ, ਜਿੱਥੇ ਗੁਰੂ ਕਾਸ਼ੀ ਯੂਨਵਿਰਸਿਟੀ ਦੇ ਪ੍ਰੋ. ਬਲਵੰਤ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਇਸ ਪਿੰਡ ਦੀ ਤਬਦੀਲ ਹੋਈ ਮੂੰਹ ਬੋਲਦੀ ਤਸਵੀਰ ਨਾਲ ਰੂ-ਬ-ਰੂ ਕਰਵਾਇਆ ।
ਇਸ ਵਿੱਦਿਅਕ ਟੂਰ ਦੌਰਾਨ ਵਿਦਿਆਰਥੀਆਂ ਨੇ ਅਨੁਸ਼ਾਸਨ ਵਿਚ ਰਹਿੰਦੇ ਹੋਏ ਧਾਰਮਿਕ, ਇਤਿਹਾਸਕ, ਸਮਾਜਿਕ ਅਤੇ ਵਿਗਿਆਨਕ ਜਾਣਕਾਰੀ ਹਾਸਲ ਕੀਤੀ । ਟੂਰ ਕਮੇਟੀ ਦੇ ਚੇਅਰਮੈਨ ਮੈਡਮ ਸਤਵਿੰਦਰ ਕੌਰ ਦੇ ਨਾਲ ਸਟਾਫ ਦੇ ਹੋਰ ਮੈਂਬਰਾਂ ਮੈਡਮ ਸਿੰਮੀ, ਸ਼ਿੰਗਾਰਾ ਸਿੰਘ, ਖੁਸ਼ਪ੍ਰੀਤ ਕੌਰ, ਅਮਰਜੋਤ ਕੌਰ, ਪ੍ਰੋ. ਕੰਵਲਜੀਤ ਸਿੰਘ, ਬਲਵਿੰਦਰ ਸਿੰਘ ਅਤੇ ਰਾਜਪਾਲ ਸਿੰਘ ਨੇ ਇਸ ਟੂਰ ਦੌਰਾਨ ਵਿਦਿਆਰਥੀਆਂ ਦੀ ਯੋਗ ਅਗਵਾਈ ਕੀਤੀ ।
ਮੈਨੇਜਿੰਗ ਡਾਇਰੈਕਟਰ ਸ. ਸੁਖਰਾਜ ਸਿੰਘ ਸਿੱਧੂ ਨੇ ਵਿੱਦਿਅਕ ਟੂਰ ਸਬੰਧੀ ਬੋਲਦਿਆਂ ਕਿਹਾ ਕਿ ਇਹ ਵਿੱਦਿਅਕ ਟੂਰ ਵਿਦਿਆਰਥੀਆਂ ਲਈ ਇਤਹਾਸਕ ਅਤੇ ਧਾਰਮਿਕ ਗਿਆਨ ਦਾ ਖਜ਼ਾਨਾ ਹੋ ਨਿੱਬੜਿਆ ਹੈ, ਅਜਿਹੇ ਵਿੱਦਿਅਕ ਟੂਰ ਵਿਦਿਆਰਥੀਆਂ ਦੀ ਸਰਵਪੱਖੀ ਸਖਸ਼ੀਅਤ ਦੇ ਵਿਕਾਸ ਲਈ ਅਤੀ ਜ਼ਰੂਰੀ ਹਨ । ਉਨ੍ਹਾਂ ਐਜੂਕੇਸ਼ਨ ਕਾਲਜ ਦੇ ਸਟਾਫ ਦੀ ਇਸ ਵਿੱਦਿਅਕ ਟੂਰ ਆਯੋਜਨ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਵਿੱਦਿਅਕ ਟੂਰਾਂ ਦੀ ਬਦੌਲਤ ਹੀ ਅਮੀਰ ਪੰਜਾਬੀ ਸੱਭਿਆਚਾਰ, ਕਲਾ, ਸੰਸਕ੍ਰਿਤੀ ਅਤੇ ਧਾਰਮਿਕ ਅਸਥਾਨਾਂ ਦੀ ਮਹੱਤਤਾ ਨੂੰ ਜਾਣਿਆ ਅਤੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਇਆ ਜਾ ਸਕਦਾ ਹੈ।
ਗੁਰੂ ਗੋਬਿੰਦ ਸਿੰਘ ਕਾਲਜ ਆੱਫ ਐਜੂਕੇਸ਼ਨ ਵੱਲੋਂ ਦੋ ਰੋਜ਼ਾ ਵਿੱਦਿਅਕ ਟੂਰ ਆਯੋਜਿਤ
This entry was posted in ਪੰਜਾਬ.