ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਫਿਜ਼ੀਕਲ ਐਜੂਕੇਸ਼ਨ ਕਾਲਜ ਵੱਲੋਂ ਬਾਸਕਟਬਾਲ ਦਾ ਇੰਟਰਾਮਿਊਰਲ ਕਰਵਾਇਆ ਗਿਆ । ਜਿਸ ਵਿਚ ਫਿਜ਼ੀਕਲ ਐਜੂਕੇਸ਼ਨ ਕਾਲਜ ਦੇ ਵਿਦਿਆਰਥੀ/ ਵਿਦਿਆਰਥਣਾਂ ਨੇ ਹਿੱਸਾ ਲਿਆ । ਇਸ ਇੰਟਰਾਮਿਊਰਲ ਦਾ ਆਰੰਭ ਡੀਨ ਸਟੂਡੈਂਟਸ ਫੈੱਲਫੇਅਰ ਡਾ. ਧਰੁਵ ਰਾਜ ਗੋਦਾਰਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਫਿਜੀਕਲ ਐਜ਼ੂਕੇਸ਼ਨ ਕਾਲਜ ਦੇ ਸਟਾਫ ਮੈਂਬਰ ਵੀ ਹਾਜ਼ਰ ਸਨ ।
ਸਮੈਸਟਰ ਮੁਤਾਬਿਕ ਕਰਵਾਏ ਗਏ ਇਨ੍ਹਾਂ ਮੈਚਾਂ ਵਿਚੋਂ ਬੀ ਪੀ ਈ ਦੇ ਤੀਜੇ ਸਮੈਸਟਰ ਦੀਆਂ ਲੜਕੀਆਂ ਪਹਿਲੇ ਸਥਾਨ ‘ਤੇ ਰਹੀਆਂ । ਸ਼ਾਨਦਾਰ ਖੇਡ ਪ੍ਰਦਰਸ਼ਨ ਕਰਨ ਵਾਲੇ ਲੜਕਿਆਂ ਵਿਚੋਂ ਕੁਲਵਿੰਦਰ ਸਿੰਘ ਅਤੇ ਲੜਕੀਆਂ ਵਿਚੋਂ ਮਨਪ੍ਰੀਤ ਕੌਰ ਨੂੰ ਬੈਸਟ ਪਲੇਅਰ ਚੁਣਿਆ ਗਿਆ, ਜਿਨ੍ਹਾਂ ਨੂੰ ਫਿਜ਼ੀਕਲ ਕਾਲਜ ਦੇ ਮੁਖੀ ਡਾ. ਰਵਿੰਦਰ ਸੂਮਲ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਗਿਆ । ਡਾ. ਰਵਿੰਦਰ ਸੂਮਲ ਵਿਭਾਗ ਮੁਖੀ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਪੜ੍ਹਾਈ ਦੇ ਨਾਲ-ਨਾਲ ਚੰਗੇ ਖਿਡਾਰੀ ਅਤੇ ਚੰਗੇ ਨਾਗਰਿਕ ਬਣਨ ਦੀ ਵੀ ਪ੍ਰੇਰਨਾ ਕੀਤੀ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ. ਤਰਲੋਕ ਸਿੰਘ ਸੰਧੂ ਨੇ ਫਿਜੀਕਲ ਕਾਲਜ ਦੀ ਇਸ ਗਤੀਵਿਧੀ ਦੀ ਭਰਪੂਰ ਸ਼ਲਾਘਾ ਕਰਦਿਆਂ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਲਗਾਤਾਰ ਕਰਵਾਉਂਦੇ ਰਹਿਣ ਲਈ ਪ੍ਰੇਰਨਾ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਖੇਡ ਭਾਵਨਾ ਅਤੇ ਸਖ਼ਤ ਮਿਹਨਤ ਨੂੰ ਸਫਲਤਾ ਦੀ ਕੁੰਜੀ ਦੱਸਿਆ ।
ਮੈਨੇਜਿੰਗ ਡਾਇਰੈਕਟਰ ਸ੍ਰ. ਸੁਖਰਾਜ ਸਿੰਘ ਸਿੱਧੂ ਨੇ ਸਰੀਰਕ ਸਿੱਖਿਆ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਿਰੰਤਰ ਖੇਡ ਗਤੀਵਿਧੀਆਂ ਖਿਡਾਰੀਆਂ ਦੀ ਕੁਸ਼ਲਤਾ ਵਿਚ ਨਿਖਾਰ ਲਿਆਉਂਦੀਆਂ ਹਨ ਅਤੇ ਖਿਡਾਰੀਆਂ ਦੇ ਮਨੋਬਲ ਵਿਚ ਵੀ ਵਾਧਾ ਹੁੰਦਾ ਹੈ ।
ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਖਿਡਾਰੀਆਂ ਦੇ ਵਧੀਆ ਪ੍ਰਦਰਸ਼ਨ ਅਤੇ ਸਟਾਫ ਦੀ ਸਖਤ ਮਿਹਨਤ ਨੂੰ ਸਲਾਹੁੰਦੇ ਹੋਏ ਖਿਡਾਰੀਆਂ ਨੂੰ ਹਰੇਕ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਪ੍ਰਗਟਾਈ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਸੱਤਪਾਲ ਸਿੰਘ, ਪ੍ਰੋ. ਗੁਰਦੀਪ ਸਿੰਘ, ਪ੍ਰੋ. ਸੁਰਿੰਦਰ ਕੌਰ ਮਾਹੀ ਅਤੇ ਪ੍ਰੋ. ਕੇ.ਪੀ. ਐੱਸ. ਮਾਹੀ ਵੀ ਮੌਜੂਦ ਸਨ ।