ਫ਼ਤਹਿਗੜ੍ਹ ਸਾਹਿਬ – “ਸ. ਗੰਗਾ ਸਿੰਘ ਢਿੱਲੋਂ ਜੋ ਕਿ ਸਾਡੇ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ਼ਹਿਰ ਬਸੀ ਪਠਾਣਾਂ ਦੇ ਨਿਵਾਸੀ ਸਨ । ਜਿਨ੍ਹਾਂ ਦਾ ਮੇਰੇ ਬਾਪੂ ਜੀ ਕਰਨਲ ਸ. ਜੋਗਿੰਦਰ ਸਿੰਘ ਮਾਨ, ਸਾਬਕਾ ਸਪੀਕਰ ਪੰਜਾਬ ਨਾਲ ਆਪਣੇ ਬੱਚਿਆਂ ਵਰਗਾਂ ਵਿਵਹਾਰ ਸੀ ਅਤੇ ਸ. ਗੰਗਾ ਸਿੰਘ ਢਿੱਲੋਂ ਨੂੰ ਅਮਰੀਕਾ ਵਿਚ ਖ਼ਾਲਿਸਤਾਨ ਕਾਇਮ ਕਰਨ ਦੇ ਪ੍ਰਚਾਰ ਕਰਨ ਅਤੇ ਸਿੱਖੀ ਸੋਚ ਨੂੰ ਪ੍ਰਫੁੱਲਿਤ ਕਰਨ ਲਈ ਭੇਜਿਆ ਸੀ । ਜਿਨ੍ਹਾਂ ਨੇ ਆਪਣੀ ਇਸ ਕੌਮੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਦ੍ਰਿੜਤਾ ਨਾਲ ਆਪਣੇ ਆਖਰੀ ਸਵਾਸਾਂ ਤੱਕ ਪੂਰਨ ਕੀਤਾ । ਜਿਨ੍ਹਾਂ ਦੇ ਇਹਨਾਂ ਕੌਮ ਪੱਖੀ ਅਮਲਾਂ ਉਤੇ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਾਂ ਢਿੱਲੋਂ ਪਰਿਵਾਰ ਨੂੰ ਹੀ ਫਖ਼ਰ ਨਹੀਂ, ਬਲਕਿ ਸਮੁੱਚੀ ਸਿੱਖ ਕੌਮ ਨੂੰ ਉਹਨਾਂ ਦੇ ਅਮਲੀ ਜੀਵਨ ਉਤੇ ਫਖ਼ਰ ਹੈ । ਅਜਿਹੇ ਇਨਸਾਨ ਗੁਰੂ ਦੀ ਕਿਰਪਾ ਨਾਲ ਸਦੀਆਂ ਬਾਅਦ ਕਿਸੇ ਨੇਕ ਮਾਤਾ ਦੀ ਕੁੱਖੋ ਪੈਦਾ ਹੁੰਦੇ ਹਨ, ਜੋ ਮਨੁੱਖਤਾ ਅਤੇ ਕੌਮ ਦੀ ਸੇਵਾ ਕਰਨਾ ਹੀ ਆਪਣੀ ਜਿੰਦਗੀ ਦਾ ਅਸਲ ਮਕਸਦ ਰੱਖਦੇ ਹਨ । ਉਹਨਾਂ ਦੇ ਇਸ ਫਾਨੀ ਦੁਨੀਆਂ ਤੋ ਚਲੇ ਜਾਣ ਅਤੇ ਅਕਾਲ ਪੁਰਖ ਦੇ ਚਰਨਾਂ ਵਿਚ ਬਿਰਾਜਮਾਨ ਹੋ ਜਾਣ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਗਹਿਰਾ ਦੁੱਖ ਪਹੁੰਚਿਆ ਹੈ ਅਤੇ ਕੌਮ ਕੋਲੋ ਇਕ ਬਹੁਤ ਹੀ ਅਜੀਮ, ਨੇਕ, ਇਮਾਨਦਾਰ ਅਤੇ ਦ੍ਰਿੜ ਇਰਾਦੇ ਵਾਲੀ, ਸਿੱਖੀ ਸੋਚ ਤੇ ਪਹਿਰਾ ਦੇਣ ਵਾਲੀ ਸਖਸ਼ੀਅਤ ਖੁਸ ਗਈ ਹੈ ਜੋ ਕਿ ਅਸਹਿ ਤੇ ਅਕਹਿ ਘਾਟਾ ਪਿਆ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਗੰਗਾ ਸਿੰਘ ਢਿੱਲੋਂ ਯੂ.ਐਸ.ਏ. ਦੇ ਬੀਤੇ ਦਿਨੀ ਹੋਏ ਅਕਾਲ ਚਲਾਣੇ ਉਤੇ ਡੂੰਘਾਂ ਦੁੱਖ ਅਤੇ ਢਿੱਲੋ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਜ਼ਾਹਰ ਕੀਤੇ । ਉਹਨਾਂ ਕਿਹਾ ਕਿ ਜਦੋ ਤੋ ਸ. ਗੰਗਾ ਸਿੰਘ ਢਿੱਲੋ ਅਮਰੀਕਾ ਗਏ ਹਨ, ਉਹਨਾਂ ਨੇ ਖ਼ਾਲਿਸਤਾਨ ਦੇ ਮਿਸਨ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿਚ ਪਹੁੰਚਾਉਣ ਲਈ ਅਤੇ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਨੂੰ ਖ਼ਾਲਿਸਤਾਨ ਦੀ ਮਨੁੱਖਤਾ ਪੱਖੀ ਸੋਚ ਤੋ ਜਾਣੂ ਕਰਵਾਉਣ ਹਿੱਤ ਦਿਨ-ਰਾਤ ਸਖ਼ਤ ਮਿਹਨਤ ਅਤੇ ਲਗਨ ਨਾਲ ਉਦਮ ਕੀਤੇ । ਇਸ ਕਰਕੇ ਹੀ ਉਹ ਕੌਮਾਂਤਰੀ ਪੱਧਰ ਉਤੇ ਬਤੌਰ “ਖ਼ਾਲਿਸਤਾਨੀ ਨਾਗਰਿਕ” ਦੇ ਤੌਰ ਤੇ ਪਹਿਚਾਣੇ ਜਾਂਦੇ ਸਨ । ਕਿਉਂਕਿ ਉਹਨਾਂ ਦੀ ਹਰ ਵਿਚਾਰਧਾਰਾਂ ਅਤੇ ਗੱਲਬਾਤ ਵਿਚੋ ਦਲੀਲ ਸਹਿਤ ਖ਼ਾਲਿਸਤਾਨ ਨੂੰ ਕਾਇਮ ਕਰਨ ਅਤੇ ਸਿੱਖ ਕੌਮ ਨੂੰ ਹਿੰਦੂਤਵ ਹੁਕਮਰਾਨਾਂ ਤੋ ਆਜ਼ਾਦ ਕਰਵਾਉਣ ਦੀ ਗੱਲ ਹੀ ਸਪੱਸਟ ਰੂਪ ਵਿਚ ਜਾਹਰ ਹੁੰਦੀ ਸੀ । ਉਹਨਾਂ ਨੇ ਆਪਣੇ ਜੀਵਨ ਦੌਰਾਨ ਸ੍ਰੀ ਨਨਕਾਣਾ ਸਾਹਿਬ ਫਾਊਡੇਸ਼ਨ (ਪਾਕਿਸਤਾਨ) ਬਣਾਉਣ ਅਤੇ ਉਸਦੀ ਮੁੱਖ ਸੇਵਾ ਚੇਅਰਮੈਨ ਦੀਆਂ ਨਿਭਾਉਣ ਦੀਆਂ ਜਿਥੇ ਜਿੰਮੇਵਾਰੀਆਂ ਪੂਰੀਆਂ ਕੀਤੀਆਂ, ਉਥੇ ਉਹ ਪਾਕਿਸਤਾਨ ਦੇ ਗੁਰੂਘਰਾਂ ਦੇ ਪ੍ਰਬੰਧ ਲਈ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਦ ਵਿਚ ਲਿਆਉਣ ਦੇ ਮੋਢੀ ਵੀ ਸਨ ਅਤੇ ਪਾਕਿਸਤਾਨ ਹਕੂਮਤਾਂ ਅਤੇ ਵਜ਼ੀਰਾਂ ਨਾਲ ਉਹਨਾਂ ਦਾ ਦੋਸਤਾਨਾਂ ਤੇ ਪਰਿਵਾਰਿਕ ਸੰਬੰਧ ਹਮੇਸ਼ਾਂ ਕਾਇਮ ਰਿਹਾ । ਇਸੇ ਤਰ੍ਹਾਂ ਅਮਰੀਕਾ, ਕੈਨੇਡਾ, ਜਰਮਨ, ਸਿੰਘਾਪੁਰ, ਹਾਂਕਾਗ, ਸਵੀਡਨ, ਨਾਰਵੇ, ਸਵਿਟਜਰਲੈਡ ਆਦਿ ਯੂਰਪਿੰਨ ਮੁਲਕਾਂ ਦੀਆਂ ਹਕੂਮਤਾਂ ਨਾਲ ਵੀ ਅੱਛੇ ਸੰਬੰਧ ਕਾਇਮ ਰੱਖੇ ਅਤੇ ਉਹ ਇਹਨਾਂ ਹਕੂਮਤਾਂ ਨੂੰ ਖ਼ਾਲਿਸਤਾਨ ਦੇ ਹੱਕ ਵਿਚ ਕਰਨ ਲਈ ਤੇ ਉਹਨਾਂ ਦੀ ਪਾਰਲੀਮੈਂਟ ਵਿਚ ਖ਼ਾਲਿਸਤਾਨੀ ਲਾਬੀ ਨੂੰ ਮਜ਼ਬੂਤ ਕਰਨ ਲਈ ਆਪਣੇ ਆਖਰੀ ਸਵਾਸਾਂ ਤੱਕ ਸਰਗਰਮ ਰਹੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਹਨਾਂ ਦੇ ਚਲੇ ਜਾਣ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਉਹਨਾਂ ਦੀ ਆਤਮਾਂ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦਾ ਹੈ, ਉਥੇ ਢਿੱਲੋ ਪਰਿਵਾਰ ਅਤੇ ਸਿੱਖ ਕੌਮ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਦੀ ਵੀ ਅਪੀਲ ਕਰਦਾ ਹੈ ।