ਅੰਮ੍ਰਿਤਸਰ :- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰ: ਮਨਜੀਤ ਸਿੰਘ ਨੇ ਇਰਾਕ ਵਿੱਚ ਬੰਦੀ ੮ ਹੋਰ ਪੀੜ੍ਹਤ ਪਰਿਵਾਰਾਂ ਨੂੰ ੫੦-੫੦ ਹਜ਼ਾਰ ਦੇ ਚੈਕ ਤਕਸੀਮ ਕੀਤੇ।ਜਿਨ੍ਹਾਂ ਵਿੱਚ ਪ੍ਰਦੇਸੀ ਰਾਮ, ਸ. ਦਿਲਾਵਰ ਸਿੰਘ, ਜੀਤ ਰਾਮ, ਮਲਕੀਤ ਰਾਮ, ਰਕੇਸ਼ ਕੁਮਾਰ, ਰਾਜ ਰਾਣੀ, ਸੁਮਿੱਤਰਾ ਅਤੇ ਬੀਨਾ ਦੇਵੀ ਦੇ ਨਾਮ ਸ਼ਾਮਲ ਹਨ। ਇਨ੍ਹਾਂ ਵਿੱਚ ੩ ਪ੍ਰੀਵਾਰ ਹਿਮਾਚਲ ਪ੍ਰਦੇਸ ਅਤੇ ੫ ਪ੍ਰੀਵਾਰ ਪੰਜਾਬ ਦੇ ਸ਼ਾਮਲ ਹਨ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ੍ਰ: ਦਿਲਜੀਤ ਸਿੰਘ ਬੇਦੀ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਜਾਣਕਾਰੀ ਦੇਂਦਿਆਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਵੱਲੋਂ ਇਰਾਕ ਦੇ ਮੋਸੂਲ ਸ਼ਹਿਰ ਵਿੱਚ ਬੰਦੀ ੪੦ ਭਾਰਤੀ ਪੰਜਾਬੀ ਵਿਅਕਤੀਆਂ ਦੇ ਪੀੜ੍ਹਤ ਪ੍ਰੀਵਾਰਾਂ ਨੂੰ ਬਿਨ੍ਹਾਂ ਕਿਸੇ ਜਾਤ-ਪਾਤ, ਧਰਮ ਜਾਂ ਮਜ੍ਹਬ ਦਾ ਭੇਦ ਭਾਵ ਕੀਤਿਆਂ ਸ਼੍ਰੋਮਣੀ ਕਮੇਟੀ ਵੱਲੋਂ ੫੦-੫੦ ਹਜ਼ਾਰ ਦੇ ਚੈਕ ਦੇਣ ਦਾ ਐਲਾਨ ਕੀਤਾ ਗਿਆ ਸੀ। ਜਿਨ੍ਹਾਂ ਵਿੱਚੋਂ ੧੯ ਪ੍ਰੀਵਾਰਾਂ ਨੂੰ ਪਹਿਲਾਂ ੫੦-੫੦ ਹਜ਼ਾਰ ਦੇ ਚੈੱਕ ਭੇਟ ਕੀਤੇ ਜਾ ਚੁੱਕੇ ਹਨ ਤੇ ਉਨ੍ਹਾਂ ਵਿਚੋਂ ਹੁਣ ੮ ਹੋਰ ਪ੍ਰੀਵਾਰਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ੫੦-੫੦ ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ ਹਨ। ਸ੍ਰ:ਬੇਦੀ ਨੇ ਦੱਸਿਆ ਕਿ ਇਨ੍ਹਾਂ ਪੀੜ੍ਹਤਾਂ ਵਿੱਚ ਚਾਹੇ ਪੰਜਾਬੀ ਹੋਣ ਜਾਂ ਭਾਰਤ ਦੀ ਕਿਸੇ ਵੀ ਸਟੇਟ ਨਾਲ ਸਬੰਧਤ ਹੋਣ, ਉਨ੍ਹਾਂ ਦੀ ਬਿਨਾ ਕਿਸੇ ਭੇਦ-ਭਾਵ ਦੇ ਮਦਦ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਥੇ ਗੁਰਦੁਆਰਿਆਂ , ਸਕੂਲਾਂ, ਕਾਲਜਾਂ ਤੇ ਹਸਪਤਾਲਾਂ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾ ਰਹੀ ਹੈ, ਓਥੇ ਕੁਦਰਤੀ ਆਫਤਾਂ ਸਮੇਂ ਵੀ ਪੀੜ੍ਹਤ ਵਿਅਕਤੀਆਂ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰੂ ਸਾਹਿਬਾਨ ਵੱਲੋਂ ਦੱਸੇ ਗਏ ਸਰਬੱਤ ਦਾ ਭਲਾ ਕਰਨ ਦੇ ਸਿਧਾਂਤ ਤੇ ਪਹਿਰਾ ਦੇਂਦੇ ਹੋਏ ਹਰ ਕੁਦਰਤੀ ਆਫ਼ਤ ਸਮੇਂ ਚਾਹੇ ਉਹ ਸੁਨਾਮੀ ਹੋਵੇ ਜਾਂ ਉੱਤਰਾ ਖੰਡ ਦੀ ਤ੍ਰਾਸਦੀ, ਚਾਹੇ ਉਹ ਸਹਾਰਨਪੁਰ ਵਿੱਚ ਵਾਪਰਿਆ ਦੁਖਾਂਤ ਹੋਵੇ ਜਾਂ ਫਿਰ ਜੰਮੂ-ਕਸ਼ਮੀਰ ਵਿੱਚ ਹੜ੍ਹਾਂ ਕਾਰਣ ਆਈ ਕੁਦਰਤੀ ਆਫ਼ਤ ਹੋਵੇ ਬਿਨ੍ਹਾਂ ਕਿਸੇ ਭੇਦ ਭਾਵ ਦੇ ਸਭ ਦੀ ਮਦਦ ਕਰਨ ਨੂੰ ਤੱਤਪਰ ਰਹਿੰਦੀ ਹੈ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਪ੍ਰੋ:ਸਰਚਾਂਦ ਸਿੰਘ ਮੀਡੀਆ ਸਲਾਹਕਾਰ ਸ੍ਰ: ਬਿਕਰਮਜੀਤ ਸਿੰਘ ਮਜੀਠੀਆ ਨੇ ਵੀ ਪੀੜ੍ਹਤ ਪ੍ਰੀਵਾਰਾਂ ਨੂੰ ੧੦-੧੦ ਹਜ਼ਾਰ ਰੁਪਏ ਨਗਦ ਦਿੱਤੇ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਪੀੜ੍ਹਤ ਪ੍ਰੀਵਾਰਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਡੇ ਤੇ ਪਈ ਭਾਰੀ ਮੁਸੀਬਤ ਸਮੇਂ ਮਾਲੀ ਮਦਦ ਕਰਕੇ ਸਾਡੀ ਆਰਥਿਕ ਸਥਿਤੀ ਨੂੰ ਮਜਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਦਾ ਦਰ ਐਸਾ ਦਰ ਹੈ ਜਿਥੋਂ ਬਿਨਾ ਮੰਗੇ ਸਭ ਕੁਝ ਮਿਲਦਾ ਹੈ ਤੇ ਹਰ ਦੀਨ-ਦੁਖੀ ਸੰਤੁਸ਼ਟ ਹੋ ਕੇ ਜਾਂਦਾ ਹੈ।
ਚੈਕ ਤਕਸੀਮ ਕਰਨ ਸਮੇਂ ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ,ਸ. ਬਾਵਾ ਸਿੰਘ ਗੁਮਾਨਪੁਰਾ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ.ਦਿਲਜੀਤ ਸਿੰਘ ਬੇਦੀ ਤੇ ਸ.ਬਲਵਿੰਦਰ ਸਿੰਘ ਜੌੜਾ ਸਿੰਘਾ ਵਧੀਕ ਸਕੱਤਰ, ਸ.ਸਤਿੰਦਰ ਸਿੰਘ ਨਿੱਜੀ ਸਹਾਇਕ ਪ੍ਰਧਾਨ ਸਾਹਿਬ, ਸ. ਹਰਿੰਦਰਪਾਲ ਸਿੰਘ ਚੀਫ ਅਕਾਊਟੈਂਟ ਅਤੇ ਸ. ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ ।