ਨਵੀ ਦਿੱਲੀ – ਸ੍ਰ.ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇੱਕ ਵਾਰੀ ਫਿਰ ਦਿੱਲੀ ਕਮੇਟੀ ਤੇ ਕਾਬਜ ਧਿਰ ਅਕਾਲੀ ਦਲ ਬਾਦਲ ਨਾਲ ਸਬੰਧਿਤ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਆੜੇ ਹੱਥੀਂ ਲੈਂਦਿਆ ਖੁੱਲਾ ਸੱਦਾ ਦਿੱਤਾ ਕਿ ਗੁਰੂਦੁਆਰਾ ਬੰਗਲਾ ਸਾਹਿਬ ਦੀ ਪਾਰਕਿੰਗ ਸਬੰਧੀ ਬੇਲੋੜਾ ਵਿਵਾਦ ਖੜਾ ਨਾਂ ਕੀਤਾ ਜਾਵੇ ਸਗੋਂ ਇੱਕ ਮਹੀਨੇ ਦੇ ਅੰਦਰ ਅੰਦਰ ਕਿਸੇ ਵੀ ਜਗ੍ਹਾ ‘ਤੇ ਸਿੱਖ ਸੰਗਤਾਂ ਦੀ ਹਾਜਰੀ ਵਿੱਚ ਖੁੱਲੀ ਬਹਿਸ ਕਰਕੇ ਇਸ ਦਾ ਨਿਪਟਾਰਾ ਕੀਤਾ ਜਾਵੇ ਤਾਂ ਕਿ ਸੰਗਤਾਂ ਸੱਚਾਈ ਜਾਣ ਸਕੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਸਰਨਾ ਨੇ ਕਿਹਾ ਕਿ ਬੰਗਲਾ ਸਾਹਿਬ ਦੀ ਪਾਰਕਿੰਗ ਬਾਰੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ.ਕੇ ਤੇ ਜਨਰਲ ਸਕੱਤਰ ਸ੍ਰ. ਮਨਜਿੰਦਰ ਸਿੰਘ ਸਿਰਸਾ ਵੱਲੋਂ ਬਾਰ ਬਾਰ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ ਕਿ ਬੰਗਲਾ ਸਾਹਿਬ ਦੀ ਪਾਰਕਿੰਗ ਸਰਨਿਆ ਨੇ ਐਨ.ਡੀ. ਐਮ ਸੀ ਕੋਲ ਵੇਚ ਦਿੱਤੀ ਹੈ ਜੋ ਸਰਾਸਰ ਗਲਤ ਹੈ।ਉਹਨਾਂ ਕਿਹਾ ਕਿ ਐਨ.ਡੀ.ਐਮ.ਸੀ ਦੀ ਜਿੰਨਾ ਵੀ ਚਿੱਠੀ ਪੱਤਰ ਹੋਇਆ ਹੈ ਉਹ ਸਾਰਾ ਹੀ ਅੰਗਰੇਜੀ ਭਾਸ਼ਾ ਵਿੱਚ ਹੋਇਆ ਹੈ ਅਤੇ ਲੱਗਦਾ ਹੈ ਕਿ ਦਿੱਲੀ ਕਮੇਟੀ ਵਾਲਿਆਂ ਦੀ ਅੰਗਰੇਜੀ ਕਾਫੀ ਕਮਜੋਰ ਹੈ ਜੋ ਸਪੱਸ਼ਟ ਲਿਖਿਆ ਹੈ ਕਿ ਪਾਰਕਿੰਗ ਵੇਚੀ ਨਹੀਂ ਗਈ ਸਗੋਂ ੨੫ ਸਾਲਾਂ ਲਈ ਲੀਜ ਤੇ ਲਈ ਗਈ ਹੈ, ਇਸ ਲਈ ਦਿੱਲੀ ਕਮੇਟੀ ਦੇ ਆਹੁਦੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀ ਬਾਦਲ ਸਰਕਾਰ ਕੋਲੋਂ ਕੋਈ ਦੋਭਾਸ਼ੀਆਂ ਬੁਲਾ ਲੈਣ ਜਿਹੜਾ ਇਹਨਾਂ ਨੂੰ ਅੰਗਰੇਜੀ ਦੀ ਪੰਜਾਬੀ ਕਰਕੇ ਦੱਸ ਦੇਵੇ ਕਿ ਪਾਰਕਿੰਗ ਐਨ.ਡੀ.ਐਮ.ਸੀ ਨੂੰ ਵੇਚੀ ਨਹੀ ਸਗੋਂ ਉਸ ਕੋਲੋਂ ਦਿੱਲੀ ਕਮੇਟੀ ਵੇ ਲੀਜ ‘ਤੇ ਲਈ ਹੈ।ਉਹਨਾਂ ਕਿਹਾ ਕਿ ਜਦੋਂ ਇਹ ਐਮ.ੳ.ਯੂ ‘ਤੇ ਦਸਤਖਤ ਕੀਤੇ ਸਨ ਤਾਂ ਉਸ ਸਮੇ ਪੰਥ ਰਤਨ ਸੇਵਾ ਦੇ ਪੁੰਜ ਬਾਬਾ ਹਰਬੰਸ ਸਿੰਘ ਵੀ ਮੌਜੂਦ ਸਨ ਅਤੇ ਇਸ ਸਮਝੌਤੇ ਵਿੱਚ ਲਿਖਿਆ ਗਿਆ ਹੈ ਕਿ ੨੫ ਸਾਲਾ ਤੋਂ ਬਾਅਦ ਲੀਜ਼ ਵਧਾਈ ਜਾ ਸਕਦੀ ਹੈ।ਉਹਨਾਂ ਕਿਹਾ ਕਿ ਇੰਨਾ ਕੁਝ ਸਪੱਸ਼ਟ ਹੋਣ ਦੇ ਬਾਵਜੂਦ ਵੀ ਕੀ ਦਿੱਲੀ ਕਮੇਟੀ ਕੋਈ ਦਸਤਾਵੇਜ਼ ਪੇਸ਼ ਕਰ ਸਕਦੀ ਹੈ ਜਿਹੜਾ ਦਿੱਲੀ ਕਮੇਟੀ ਪਾਰਕਿੰਗ ਦੀ ਮਲਕੀਅਤੀ ਦਾ ਸਬੂਤ ਪੇਸ਼ ਕਰਦੀ ਹੋਵੇ?ਉਹਨਾਂ ਕਿਹਾ ਕਿ ਬਾਬਾ ਜੀ ਇੱਕ ਜ਼ਿੰਮੇਵਾਰ ਸ਼ਖਸ਼ੀਅਤ ਸਨ ਉਹਨਾਂ ਦੀ ਇਮਾਨਦਾਰੀ ‘ਤੇ ਤਾਂ ਦਿੱਲੀ ਕਮੇਟੀ ਨੂੰ ਕੀ ਕੋਈ ਸ਼ੱਕ ਹੋ ਸਕਦਾ ਹੈ?
ਸ੍ਰ ਸਰਨਾ ਨੇ ਕਿਹਾ ਕਿ ਜਿਹੜਾ ਹਰ ਕੀਤਾ ਗਿਆ ਕਾਰਜ ਮਨਜੀਤ ਸਿੰਘ ਜੀ.ਕੇ. ਵੱਲੋ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਦੇ ਖਾਤੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਵੀ ਕਿਸੇ ਵੀ ਸੂਰਤ ਵਿੱਚ ਤਰਕਸੰਗਤ ਨਹੀਂ ਹੈ ਕਿਉਂਕਿ ਜਦੋਂ ਬੰਗਲਾ ਸਾਹਿਬ ਦੀ ਪਾਰਕਿੰਗ ਦੀ ਗੱਲ ਚੱਲੀ ਸੀ ਤਾਂ ਉਸ ਵੇਲੇ ਦਿੱਲੀ ਦੇ ਗੁਰਧਾਮਾਂ ਦਾ ਪ੍ਰਬੰਧ ਬੋਰਡ ਦੇ ਅਧੀਨ ਸੀ।ਉਹਨਾਂ ਕਿਹਾ ਕਿ ਦਿੱਲੀ ਦੀ ਸਿੱਖ ਸੰਗਤ ਭਲੀਭਾਂਤ ਜਾਣ ਗਈ ਹੈ ਕਿ ੨੦੧੩ ਵਿੱਚ ਹੋਈਆ ਚੋਣਾਂ ਤਾਂ ਇਹਨਾਂ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਤੇ ਹੋਰ ਬਾਦਲ ਦਲ ਦੀਆਂ ਅਖੌਤੀ ਪੰਥਕ ਹੋਣ ਦਾ ਦਾਅਵਾ ਕਰਨ ਵਾਲੀਆਂ ਜਥੇਬੰਦੀਆਂ ਦੇ ਮੁੱਖੀਆਂ ਕੋਲੋ ਵੀ ਝੂਠ ਬੁਲਵਾ ਕੇ ਜਿੱਤ ਲਈਆ ਪਰ ਇਤਿਹਾਸ ਗਵਾਹ ਹੈ ਕਿ ਕਾਠ ਦੀ ਹਾਂਡੀ ਬਾਰ ਬਾਰ ਨਹੀ ਚੜਦੀ ਅਤੇ ਪਹਿਲਾਂ ਗੁਰੂਦੁਆਰਾ ਬਾਲਾ ਸਾਹਿਬ ਗੁਰੂਦੁਆਰੇ ਦੇ ਹਸਪਤਾਲ ਤੇ ਹੁਣ ਬੰਗਲਾ ਸਾਹਿਬ ਦੀ ਪਾਰਕਿੰਗ ਨੂੰ ਵੇਚਣ ਦੇ ਬੋਲੇ ਝੂਠ ਤੇ ਕੁਫਰ ਨੇ ਇਹਨਾਂ ਦੀ ਬਿੱਲੀ ਪੂਰੀ ਤਰ੍ਹਾਂ ਥੈਲਿਓ ਬਾਹਰ ਲਿਆ ਦਿੱਤੀ ਹੈ।ਉਹਨਾਂ ਕਿਹਾ ਕਿ ਚੋਣਾਂ ਸਮੇ ਜਥੇਦਾਰ ਅਕਾਲ ਤਖਤ ਕੋਲੋ ਝ੍ਰੂਠ ਬੁਲਵਾ ਕੇ ਇਹਨਾਂ ਨੇ ਜਿਹੜੀ ਬੱਜਰ ਗਲਤੀ ਕਰਕੇ ਪਵਿੱਤਰ ਅਸਥਾਨ ਤਖਤ ਸਾਹਿਬ ਦੀ ਤੌਹੀਨ ਕੀਤੀ ਹੈ ਉਸ ਲਈ ਗੁਰੂ ਸਾਹਿਬ ਇਹਨਾਂ ਨੂੰ ਕਦੇ ਵੀ ਮੁਆਫ ਨਹੀ ਕਰਨਗੇ।
ਉਹਨਾਂ ਕਿਹਾ ਕਿ ਉਹ ਕਈ ਵਾਰੀ ਲਲਕਾਰ ਕੇ ਕਹਿ ਚੁੱਕੇ ਹਨ ਕਿ ਬਾਲਾ ਸਾਹਿਬ ਦੇ ਹਸਪਤਾਲ ਤੇ ਬੰਗਲਾ ਸਾਹਿਬ ਦੀ ਪਾਰਕਿੰਗ ਅਤੇ ਹੋਰ ਜਿਹੜੇ ਇਹਨਾਂ ਨੇ ਸੰਗਤਾਂ ਨਾਲ ੧੫ ਦਿਨਾਂ ਦੇ ਅੰਦਰ ਅੰਦਰ ਘੱਪਲਿਆਂ ਦੀ ਜਾਂਚ ਕਰਵਾ ਕੇ ਸੱਚਾਈ ਬਾਹਰ ਲਿਆਉਣ ਦਾ ਕੁਫਰ ਤੋਲਿਆ ਹੈ ਉਸ ਦਾ ਇੰਤਜਾਰ ਸੰਗਤਾਂ ਬੇਸਬਰੀ ਨਾਲ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਬਾਦਲ ਦਲੀਏ ਤਾਂ ਅੱਜ ਤੱਕ ਜਾਂਚ ਨਹੀ ਕਰਵਾ ਸਕੇ ਪਰ ਖੁਦ ਕਈ ਵਾਰੀ ਕਹਿ ਚੁੱਕੇ ਹਨ ਕਿ ਹੁਣ ਤੋਂ ਲੈ ਕੇ ਪਿਛਲੇ ੧੩ ਸਾਲਾਂ ਦੀ ਜਾਂਚ ਕਿਸੇ ਸਾਬਕਾ ਹਾਈਕੋਰਟ ਜਾਂ ਸੁਪਰੀਮ ਕੋਰਟ ਜੱਜ ਕੋਲੋ ਕਰਵਾਈ ਜਾਵੇ ਤਾਂ ਸੱਚਾਈ ਆਪਣੇ ਆਪ ਸਾਹਮਣੇ ਆ ਜਾਵੇਗੀ।