ਨਵੀਂ ਦਿੱਲੀ :- ਤਖ਼ਤ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਨਵੇਂ ਚੇਅਰਮੈਨ ਵਿਜੇ ਸਤਬੀਰ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿਖੇ ਪਤਵੰਤੇ ਸੱਜਣਾ ਨਾਲ ਗੁਰਦੁਆਰਾ ਪ੍ਰਬੰਧ, ਪੰਥਕ ਮਸਲੇ ਅਤੇ ਵਿਦਿਅਕ ਅਦਾਰਿਆਂ ‘ਚ ਲੋੜਿੰਦੇ ਸਹਿਯੋਗ ਬਾਰੇ ਵਿਚਾਰ ਚਰਚਾ ਕੀਤੀ। ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਪੰਜਾਬੀ ਯੁਨਿਵਰਸੀਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਸਾਬਕਾ ਸਾਂਸਦ ਤੇ ਗੁਰੂ ਤੇਗਬਹਾਦਰ ਖਾਲਸਾ ਕਾਲਜ ਦੇ ਚੇਅਰਮੈਨ ਤ੍ਰਿਲੋਚਨ ਸਿੰਘ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਗੁਰਵਿੰਦਰ ਪਾਲ ਸਿੰਘ ਅਤੇ ਪੰਜਾਬੀ ਪ੍ਰਮੋਸ਼ਨ ਕਾਉਂਸਲ ਦੇ ਪ੍ਰਧਾਨ ਜਸਵੰਤ ਸਿੰਘ ਬੋਬੀ ਨੇ ਇਸ ਮੌਕੇ ਵਿਜੇ ਸਤਬੀਰ ਸਿੰਘ ਨੂੰ ਪ੍ਰਬੰਧਕੀ ਬੋਰਡ ਦਾ ਚੇਅਰਮੈਨ ਥਾਪੇ ਜਾਣ ਤੇ ਵਧਾਈ ਦਿੰਦੇ ਹੋਏ ਤਖ਼ਤ ਸਾਹਿਬ ਵਿਖੇ ਪੰਥ ਦੀ ਚੜ੍ਹਦੀ ਕਲਾ ਲਈ ਹੋਣ ਵਾਲੇ ਸਮੂਹ ਕਾਰਜਾਂ ‘ਚ ਪੁਰਣ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ।
ਦਿੱਲੀ ਫੇਰੀ ਦੌਰਾਨ ਕਮੇਟੀ ਪ੍ਰਧਾਨ ਜੀ.ਕੇ. ਨਾਲ ਸ਼ਿਸ਼ਟਾਚਾਰ ਵਜੋਂ ਭੇਂਟ ਕਰਨ ਆਏ ਵਿਜੇ ਸਤਬੀਰ ਸਿੰਘ ਨੇ ਸ੍ਰੋਮਣੀ ਕਮੇਟੀ ਦੀ ਤਰਜ ਤੇ ਦਿੱਲੀ ਕਮੇਟੀ ਦੇ ਕੀਰਤਨੀ ਜਥਿਆਂ ਤੇ ਪ੍ਰਚਾਰਕਾਂ ਨੂੰ ਵੀ ਤਖ਼ਤ ਸਾਹਿਬ ਵਿਖੇ ਭੇਜਣ ਦੀ ਮੰਗ ਕੀਤੀ ਜਿਸਨੂੰ ਜੀ.ਕੇ. ਵੱਲੋਂ ਤੁਰੰਤ ਪ੍ਰਵਾਨਗੀ ਦੇ ਦਿੱਤੀ ਗਈ। ਜੀ.ਕੇ. ਨੇ ਤਖ਼ਤ ਸਾਹਿਬ ਵਿਖੇ ਵੱਡੇ ਪੈਮਾਨੇ ਤੇ ਬੀਤੇ ਦਿਨੀ ਹੋਏ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਉਥੇ ਬਣਾਏ ਜਾ ਰਹੇ ਵਿਦਿਅਕ ਅਤੇ ਮੈਡਿਕਲ ਅਦਾਰਿਆਂ ਲਈ ਵੀ ਦਿੱਲੀ ਕਮੇਟੀ ਵੱਲੋਂ ਹਰ ਪ੍ਰਕਾਰ ਦਾ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ।