ਤਲਵੰਡੀ ਸਾਬੋ – ਯੂਨੀਵਰਸਿਟੀ ਕਾਲਜ ਆੱਫ ਬੇਸਿਕ ਸਾਇੰਸਜ਼ ਐਂਡ ਹਿਊਮੈਨਿਟੀਜ਼ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਦਾ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ ਗਿਆ । ਜਿਸ ਦਾ ਸ਼ੁੱਭ ਆਰੰਭ ਰਜਿਸਟਰਾਰ ਸ੍ਰੀ ਸਤੀਸ਼ ਗੋਸਵਾਮੀ ਨੇ ਸ਼ਮ੍ਹਾਂ ਰੌਸਨ ਕਰਦਿਆਂ ਕੀਤਾ । ਇਸ ਮੌਕੇ ਡਾਇਰੈਕਟਰ ਫਾਇਨਿਾਂਸ ਡਾ. ਨਰਿੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਧਰੁਵ ਰਾਜ ਗੋਦਾਰਾ, ਡੀਨ ਬੇਸਿਕ ਸਾਇੰਸਜ਼ ਕਾਲਜ ਡਾ. ਅਰੁਣ ਕੁਮਾਰ ਕਾਂਸਲ ਅਤੇ ਡਿਪਟੀ ਡੀਨ ਡਾ. ਰਾਮ ਨਿਵਾਸ ਸ਼ਾਮਲ ਸਨ ।
ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰ ਅਤੇ ਵਿਰਸੇ ਨਾਲ ਜੁੜੀਆਂ ਵੱਖ-ਵੱਖ ਝਾਕੀਆਂ ਪੇਸ਼ ਕੀਤੀਆਂ । ਜਗਸੀਰ ਸਿੰਘ ਨੇ ਵਿਰਸਾ ਪੰਜਾਬੀ ਗੀਤ ਪੇਸ਼ ਕੀਤਾ । ਇਸ ਤੋਂ ਬਾਅਦ ਵਿਦਿਆਰਥੀਆਂ ਨੇ ਮਸ਼ਹੂਰ ਲੋਕ ਨਾਚ ਮਲਵਈ ਗਿੱਧਾ, ਲੋਕ ਗੀਤ, ਟੱਪੇ, ਮਾਹੀਆ, ਭੰਗੜਾ, ਗਿੱਧਾ ਆਦਿ ਮਨੋਰੰਜਕ ਪੇਸ਼ਕਾਰੀਆਂ ਨਾਲ ਆਪਣੀ ਪ੍ਰਤਿਭਾ ਦਾ ਭਰਪੂਰ ਮੁਜ਼ਾਹਰਾ ਕੀਤਾ ।
ਸ਼੍ਰੀ ਗੋਸਵਾਮੀ ਨੇ ਸਟਾਫ ਦੇ ਉੱਦਮ ਅਤੇ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਨਿੱਘੇ ਸ਼ਬਦਾਂ ਵਿਚ ਭਰਪੂਰ ਸ਼ਲਾਘਾ ਕਰਦਿਆਂ ਪੜ੍ਹਾਈ ਵਿਚ ਸਖਤ ਮਿਹਨਤ ਦੇ ਨਾਲ-ਨਾਲ ਅਜਿਹੇ ਪ੍ਰੋਗਰਾਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਨਾ ਕੀਤੀ ।
ਪ੍ਰੋਗਰਾਮ ਦੇ ਅੰਤ ਵਿਚ ਡਾ. ਜਗਵਿੰਦਰ ਸਿੰਘ ਜੋਧਾ ਨੇ ਸਮੂੰਹ ਮਹਿਮਾਨਾਂ, ਅਧਿਕਾਰੀਆਂ, ਸਟਾਫ ਅਤੇ ਵਿਦਿਆਰਥੀਆਂ ਲਈ ਧੰਨਵਾਦੀ ਸ਼ਬਦ ਅਰਪਿਤ ਕੀਤੇ ।
ਪ੍ਰੋਗਰਾਮ ਦੀ ਸਮੁੱਚੀ ਕਾਰਵਾਈ ਡਾ. ਕਵਿਤਾ ਅਤੇ ਡਾ. ਸੁਖਜੀਤ ਕੌਰ ਨੇ ਚਲਾਈ । ਸਮੁੱਚੇ ਸਟਾਫ ਦੇ ਸਹਿਯੋਗ ਸਦਕਾ ਇਹ ਪ੍ਰੋਗਰਾਮ ਅਮਿੱਟ ਯਾਦਾਂ ਛੱਡਦਾ ਹੋਇਆ ਸਫਲਤਾਪੂਰਵਕ ਨੇਪਰੇ ਚੜ੍ਹਿਆ ।