ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਸਨਮਾਨ ਦਮਦਮੀ ਟਕਸਾਲ (ਜਥਾ ਭਿੰਡਰਾ) ਦੇ ਅੰਮ੍ਰਿਤ ਪ੍ਰਕਾਸ਼ ਗੁਰਦੁਆਰਾ ਸਾਹਿਬ, ਸਰੀ, ਬੀ.ਸੀ., ਵਿਖੇ ਮੌਜੂਦਾ ਸਮੇਂ ‘ਚ ਪੰਥ ਪ੍ਰਤਿ ਨਿਭਾਈਆਂ ਜਾ ਰਹੀਆਂ ਪੰਥਕ ਸੇਵਾਵਾਂ ਲਈ ਕੀਤਾ ਗਿਆ।ਪੰਥਕ ਇਕੱਠ ਨੂੰ ਸੰਬੋਧਨ ਕਰਦੇ ਜੀ.ਕੇ. ਨੇ ਜਿਥੇ ਦਿੱਲੀ ਕਮੇਟੀ ਵੱਲੋਂ ਕੌਮਾਂਤਰੀ ਪੰਥਕ ਮਸਲਿਆਂ ਤੇ ਨਿਭਾਈ ਜਾ ਰਹੀ ਉਸਾਰੂ ਭੂਮਿਕਾ ਦਾ ਵਿਸਤਾਰ ਨਾਲ ਜ਼ਿਕਰ ਕੀਤਾ ਉਥੇ ਹੀ ਜੀ.ਕੇ. ਨੇ ਬੀਤੇ ਦਿਨੀ ਵੱਖਵਾਦੀ ਸਿੰਘਾਂ ਵੱਲੋਂ ਖਾਲਸਾ ਸਕੂਲ ਦੇ ਉਧਘਾਟਨ ਦੌਰਾਨ ਪੁੱਛੇ ਗਏ ਤਿੱਖੇ ਸਵਾਲਾਂ ਨੂੰ ਪੰਥ ਦੀ ਵਿਚਾਰਕ ਮੁਹਿੰਮ ਦੇ ਗੁਲਜ਼ਾਰ ਹੋਣ ਨਾਲ ਜੋੜਦੇ ਹੋਏ ਆਸ ਜਤਾਈ ਕਿ ਉਨ੍ਹਾਂ ਤੋਂ ਪ੍ਰੇਰਣਾ ਲੈਂਦੇ ਹੋਏ ਹੋਰ ਪੰਥਕ ਆਗੂ ਅੱਜ ਦੇ ਤਰਕਸ਼ੀਲ ਸਿੱਖ ਸਮਾਜ ਦੇ ਜਜ਼ਬਾਤਾਂ ਨੂੰ ਗੁਰਮਤਿ ਦੀ ਕਸੌਟੀ ਤੇ ਪਰਖਣ ਦੀ ਬਿਨਾਂ ਹਉਮੇ ਕੋਸ਼ਿਸ਼ ਕਰਨਗੇ। ਕੈਨੇਡਾ ਫੇਰੀ ਦੌਰਾਨ ਸਿੱਖ ਸੰਗਤਾਂ ਵੱਲੋਂ ਮਿਲ ਰਹੇ ਭਰਵੇਂ ਪਿਆਰ ਦਾ ਧੰਨਵਾਦ ਜਤਾਉਂਦੇ ਹੋਏ ਜੀ.ਕੇ. ਨੇ ਕਿਹਾ ਕਿ ਸੰਗਤਾਂ ਦੇ ਪਿਆਰ ਨੇ ਸਾਡੀਆਂ ਜ਼ਿਮੇਵਾਰੀਆਂ ‘ਚ ਹੋਰ ਵਾਧਾ ਕਰ ਦਿੱਤਾ ਹੈ।
ਸ਼ੇਰੇ ਪੰਜਾਬ ਰੇਡੀਓ ਤੇ ਪੰਥਕ ਮਸਲਿਆਂ ਤੇ ਹੋ ਰਹੀ ਵਿਚਾਰ ਚਰਚਾ ‘ਚ ਹਿੱਸਾ ਲੈਂਦੇ ਹੋਏ ਜੀ.ਕੇ. ਨੇ ਕੌਮੀ ਫਰਜ਼ਾਂ ਨੂੰ ਨਿਭਾਉਣ ਵਾਸਤੇ ਕਿਸੇ ਵੀ ਪ੍ਰਕਾਰ ਦੀ ਲਾਪਰਵਾਹੀ ਨਾਂ ਵਰਤਣ ਦਾ ਦਿੱਲੀ ਕਮੇਟੀ ਵੱਲੋਂ ਅਹਿਦ ਲੈਂਦੇ ਹੋਏ ਸਿਆਸਤ ਤੋਂ ਪਹਿਲਾਂ ਧਰਮ ਨੂੰ ਅੱਗੇ ਰੱਖਣ ਦਾ ਭਰੋਸਾ ਦਿੱਤਾ। ਵਿਦੇਸ਼ਾਂ ‘ਚ ਸ਼੍ਰੋਮਣੀ ਅਕਾਲੀ ਦਲ ਦੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਬਣਾਈ ਜਾ ਰਹੀ ਗੈਰ ਪੰਥਕ ਛਵੀ ਤੇ ਤਿੱਖਾ ਇਤਰਾਜ਼ ਪ੍ਰਗਟਾਉਂਦੇ ਹੋਏ ਜੀ.ਕੇ. ਨੇ ਸਾਫ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਜਮਾਤ ਤੇ ਸ਼ਹੀਦਾਂ ਦੀ ਮਹਾਨ ਜਥੇਬੰਦੀ ਹੈ, ਜਿਹੜੀ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵਿਚ ਸੰਗਤਾਂ ਦੇ ਪਿਆਰ ਸਦਕਾ ਸੇਵਾ ਕਰ ਰਹੀ ਹੈ।
ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਬੀਤੇ ਦਿਨੀ ਕਾਲੀ ਸੁੂਚੀ, ਇਰਾਕ ‘ਚ ਫਸੇ ਪੰਜਾਬੀਆਂ, 1984 ਦੇ ਕਾਤਿਲਾਂ ਨੂੰ ਸਜ਼ਾ ਦਿਵਾਉਣ ਸਣੇ ਹੋਰ ਪੰਥਕ ਮਸਲਿਆਂ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਕੀਤੀਆਂ ਗਈਆਂ ਮੀਟਿੰਗਾਂ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਪਹਿਲਾ ਪੰਥਕ ਮਸਲਿਆਂ ਤੇ ਮੰਗੇ ਗਏ ਸਹਿਯੋਗ ਦਾ ਵੀ ਜ਼ਿਕਰ ਕੀਤਾ। ਜੀ.ਕੇ. ਨੇ ਅਕਾਲੀ ਦਲ ਦੀ ਲੀਡਰਸ਼ੀਪ ਵੱਲੋਂ ਹੀ ਪੰਥਕ ਮਸਲਿਆਂ ਨੂੰ ਹਲ ਕਰਵਾਉਣ ਦਾ ਦਾਅਵਾ ਕਰਦੇ ਹੋਏ ਮੋਦੀ ਵੱਲੋਂ ਅਮਰੀਕਾ ‘ਚ ਸਿੱਖਾਂ ਦੀ ਕੀਤੀ ਗਈ ਸ਼ਲਾਘਾ ਨੂੰ ਵੀ ਪਾਰਟੀ ਵੱਲੋਂ ਕੀਤੀ ਜਾ ਰਹੀ ਪਹਿਲਕਦਮੀ ਨਾਲ ਜੋੜਿਆ। ੳਨ੍ਹਾਂ ਧਾਰਮਿਕ ਭਾਈਚਾਰੇ ਨੂੰ ਮਜਬੂਤ ਕਰਨ ਵਾਸਤੇ ਗੈਰ ਸਿੱਖਾਂ ਨੂੰ ਪਾਰਟੀ ਦਾ ਮੈਂਬਰ ਬਨਾਉਣ ਨੂੰ ਠੀਕ ਕਰਾਰ ਦਿੰਦੇ ਹੋਏ ਪਾਰਟੀ ਦੀ ਪੰਥਕ ਸੋਚ ਅਤੇ ਮਿਸ਼ਨ ਤੋਂ ਨਾਂ ਭਟਕਣ ਦਾ ਵੀ ਦਾਅਵਾ ਕੀਤਾ।
ਪੰਥਕ ਮਸਲਿਆਂ ਨੂੰ ਹੱਲ ਕਰਨ ਪ੍ਰਤਿ ਅਕਾਲੀ ਦਲ ਕਰ ਰਿਹਾ ਹੈ ਜੱਦੋਜਹਿਦ
This entry was posted in ਭਾਰਤ.