ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੇ ਖੋਜ ਫਾਰਮ ਵਿਖੇ ਖੰਡੀ (ਟਰੌਪੀਕਲ) ਸੇਬਾਂ ਦੀ ਖੇਤੀ ਦਾ ਉਪਰਾਲਾ ਜਨਵਰੀ 2014 ਤੋਂ ਪੂਰੀ ਦੇਖ-ਰੇਖ ਹੇਠ ਕੀਤੀ ਜਾ ਰਿਹਾ ਹੈ । ਇਸ ਵਿਚ ਸੇਬਾਂ ਦੀਆਂ ਦੋ ਕਿਸਮਾਂ ‘ਅੰਨਾ’ ਅਤੇ ‘ਡੋਰਸੈੱਟ’ ਉਗਾਈਆਂ ਗਈਆਂ ਹਨ । ਗੁਰੂ ਕਾਸ਼ੀ ਯੂਨੀਵਰਸਿਟੀ ਨੂੰ ਇਸ ਸਬੰਧੀ ਨੇਵਾ ਪਲਾਂਟੇਸ਼ਨ ਵੱਲੋਂ ਜਨਹਿਤ ਲਈ ਪਨੀਰੀ ਮੁਫਤ ਮੁਹੱਈਆ ਕਰਵਾਈ ਗਈ ਹੈ । ਪਿਛਲੇ ਅੱਠ ਮਹੀਨਿਆਂ ਦੇ ਵਰਗ ਅੰਤਰਾਲ ਵਿਚ ਇਨ੍ਹਾਂ ਬੂਟਿਆਂ ਵਿਚ ਲੋੜੀਂਦਾ ਧਨਾਤਮਕ ਵਾਧਾ ਹੋ ਰਿਹਾ ਹੈ। ਇਸ ਇਲਾਕੇ ਦੇ ਗਰਮ ਮੌਸਮ ਦੇ ਬਾਵਜੂਦ ਬੂਟਿਆਂ ਉਪਰ ਕੋਈ ਮਾੜਾ ਪ੍ਰਭਾਵ ਨਹੀਂ ਦੇਖਿਆ ਗਿਆ ।
ਜ਼ਿਕਰ-ਏ-ਖਾਸ ਹੈ ਕਿ ਇਹ ਖੰਡੀ ਸੇਬਾਂ ਦੇ ਬੂਟੇ ਬਿਨਾਂ ਕਿਸੇ ਪੱਤੇਝਾੜ ਅਤੇ ਪੱਤਿਆਂ ਦੇ ਸੜਨ ਤੋਂ ਬਗੈਰ ਆਪਣੀ ਨਿਰੰਤਰ ਗਤੀ ਨਾਲ ਵਧ ਰਹੇ ਹਨ । ਇਸ ਖੋਜ ਪ੍ਰਕਿਰਿਆ ਦੀ ਦੇਖ-ਰੇਖ ਕਰ ਰਹੇ ਯੂਨੀਵਰਸਿਟੀ ਦੇ ਬਾਗਬਾਨੀ ਮਾਹਿਰ ਡਾ. ਭਗਵੰਤ ਸਿੰਘ ਚਹਿਲ ਨੇ ਦੱਸਿਆ ਕਿ ਇਨ੍ਹਾਂ ਕਿਸਮਾਂ ਨੂੰ ਸਿਰਫ 300 ਘੰਟਿਆਂ ਤੱਕ ਹੀ ਠੰਡੇਪਣ ਦੀ ਜ਼ਰੂਰਤ ਰਹਿੰਦੀ ਹੈ । ਖੰਡੀ ਸੇਬਾਂ ਦੇ ਨਿਰੰਤਰ ਵਾਧੇ ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸੋਲਰ ਰੈਡੀਏਸ਼ਨ ਰੀਸੋਰਸ ਅਸੈੱਸਮੈਂਟ ਲੈਬ ਰਾਹੀਂ ਨਿਯੰਤਰਣ ਅਤੇ ਦੇਖ-ਰੇਖ ਹੇਠਾਂ ਰੱਖਿਆ ਜਾ ਰਿਹਾ ਹੈ । ਇਹ ਐਡਵਾਂਸ ਵਾਤਾਵਰਨਿਕ ਲੈਬ ਭਾਰਤ ਸਰਕਾਰ ਦੇ ਸੰਦਰਭ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਬਾਖੂਬੀ ਕਾਰਜਸ਼ੀਲ ਹੈ, ਜੋ ਕਿ ਨਮੀ, ਵਰਖਾ, ਤਾਪਮਾਨ ਅਤੇ ਭਵਿੱਖ ਦੇ ਹੋਰ ਵਾਤਾਵਰਨਿਕ ਤੱਤਾਂ ਤੋਂ ਜਾਣੂੰ ਕਰਵਾਉਂਦੀ ਹੈ।
ਇਸ ਖੋਜ ਪ੍ਰੋਜੈਕਟ ਦੇ ਕੋਆਰਡੀਨੇਟਰ ਬਾਗਬਾਨੀ ਮਾਹਿਰ ਡਾ. ਬਲਵੰਤ ਸਿੰਘ ਚਹਿਲ ਨੇ ਗੱਲਬਾਤ ਦੌਰਾਨ ਅੰਕੜਿਆਂ ਸਹਿਤ ਦੱਸਿਆ ਕਿ ਫਲਾਂ ਵਿਚੋਂ ਇਕ ਚੰਗਾ ਟੇਬਲ ਫਰੂਟ ਹੋਣ ਕਰਕੇ ਸੇਬ ਦੀ ਮੰਗ ਦਿਨ-ਬ-ਦਿਨ ਬਹੁਤਾਤ ਵਿਚ ਹੋ ਰਹੀ ਹੈ । ਭਾਰਤ ਵਿਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਰਗੇ ਪਹਾੜੀ ਸੂਬਿਆਂ ਵਿਚ ਇਸਦੀ ਪੈਦਾਵਾਰ ਕੀਤੀ ਜਾ ਰਹੀ ਹੈ ਜੋ ਕਿ ਪੂਰੇ ਦੇਸ਼ ਦੀ ਮੰਗ ਦਾ ਸਿਰਫ 30-35 ਫੀਸਦੀ ਹੀ ਪੂਰਾ ਕਰ ਪਾ ਰਹੇ ਹਨ ਅਤੇ ਬਾਕੀ ਮੰਗ ਹੋਰਨਾਂ ਦੇਸ਼ਾਂ ਵਿਚੋਂ ਆਯਾਤ ਕਰਕੇ ਪੂਰੀ ਕੀਤੀ ਜਾਂਦੀ ਹੈ । ਖੰਡੀ ਸੇਬਾਂ ਦੀ ਪੈਦਾਵਾਰ ਨਾਲ ਇਸ ਥੁੜ੍ਹ ਨੂੰ ਪੂਰਾ ਕੀਤਾ ਜਾ ਸਕਦਾ ਹੈ ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਅਤੇ ਉੱਘੇ ਖੇਤੀਬਾੜੀ ਵਿਗਿਆਨੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਖੰਡੀ ਸੇਬਾਂ ਦੇ ਇਸ ਉਪਰਾਲੇ ਸਬੰਧੀ ਖੇਤੀਬਾੜੀ ਕਾਲਜ ਦੇ ਡੀਨ ਡਾ. ਅਜਮੇਰ ਸਿੰਘ ਸਿੱਧੂ ਅਤੇ ਡਾ. ਬਲਵੰਤ ਸਿੰਘ ਚਹਿਲ (ਬਾਗਬਾਨੀ ਮਾਹਿਰ) ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉੱਦਮ ਉੱਚ-ਵਿੱਦਿਆ ਅਤੇ ਖੋਜ ਨਾਲ ਸਬੰਧਿਤ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ।
ਮੈਨੇਜਿੰਗ ਡਾਇਰੈਕਟਰ ਸ੍ਰ. ਸੁਖਰਾਜ ਸਿੰਘ ਸਿੱਧੂ ਨੇ ਸਮੁੱਚੇ ਖੇਤੀਬਾੜੀ ਕਾਲਜ ਦੀ ਇਸ ਸਬੰਧੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਇਲਾਕੇ ਵਿਚ ਖੰਡੀ ਸੇਬਾਂ ਦੀ ਪੈਦਾਵਾਰ ਇਕ ਨਵਾਂ ਮੋੜ ਲਿਆ ਸਕਦੀ ਹੈ, ਜੋ ਕਿ ਆਰਥਿਕ ਪੱਖ ਨੂੰ ਮਜਬੂਤ ਕਰਨ ਦੇ ਨਾਲ-ਨਾਲ ਸੂਬੇ ਦਾ ਖੇਤੀਬਾੜੀ ਪੱਖ ਵਿਚ ਹੋਰ ਵਧੇਰੇ ਨਿਖਾਰ ਲਿਆਵੇਗੀ ।
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਖੰਡੀ (ਟਰੌਪੀਕਲ) ਸੇਬਾਂ ਦੀ ਖੇਤੀ ਦਾ ਉਪਰਾਲਾ
This entry was posted in ਪੰਜਾਬ.