ਚੰਡੀਗੜ੍ਹ – ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸੱਚਾ ਸੌਦਾ ਵੱਲੋਂ ਬੀਜੇਪੀ ਦੀ ਸਪੋਰਟ ਕਰਨ ਦਾ ਐਲਾਨ ਕੀਤਾ ਹੈ।ਸੌਦਾ ਸਾਧ ਦੇ ਇਸ ਸਮਰਥਣ ਨਾਲ ਪੰਜਾਬ ਵਿੱਚ ਸ਼ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਰਿਸ਼ਤੇ ਹੋਰ ਵੀ ਵਿਗੜ ਸਕਦੇ ਹਨ ਅਤੇ ਮੁਮਕਿਨ ਹੈ ਕਿ ਭਵਿੱਖ ਵਿੱਚ ਦੋਵੇਂ ਪਾਰਟੀਆਂ ਇੱਕ ਦੂਸਰੇ ਤੋਂ ਦੂਰ ਹੋ ਜਾਣ। ਡੇਰੇ ਦੇ ਚੇਲੇ-ਚੇਲੀਆਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪਣੇ ਵੋਟ ਭਾਜਪਾ ਦੇ ਉਮੀਦਵਾਰਾਂ ਨੂੰ ਹੀ ਪਾਉਣ।
ਸਿਰਸਾ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿੱਛੜੇ ਵਰਗ ਦੇ ਲੋਕਾਂ ਵਿੱਚ ਸੌਦਾ ਸਾਧ ਦਾ ਚੰਗਾ ਦੱਬਦੱਬਾ ਹੈ। ਡੇਰੇ ਦੇ ਸਮਰਥੱਣ ਨਾਲ ਹਰਿਆਣਾ ਵਿੱਚ ਤਾਂ ਬੀਜੇਪੀ ਨੂੰ ਲਾਭ ਹੋ ਸਕਦਾ ਹੈ ਪਰ ਪੰਜਾਬ ਵਿੱਚ ਬੀਜੇਪੀ ਦੀ ਸਹਿਯੋਗੀ ਪਾਰਟੀ ਸ਼ਰੋਮਣੀ ਅਕਾਲੀ ਦਲ ਬਾਦਲ ਨਾਲ ਉਸ ਦੀਆਂ ਦੂਰੀਆਂ ਵੱਧ ਸਕਦੀਆਂ ਹਨ। 2007 ਵਿੱਚ ਬੀਜੇਪੀ ਦੀ ਭਾਈਵਾਲ ਪੰਜਾਬ ਸਰਕਾਰ ਨੇ ਡੇਰੇ ਦੇ ਮੁੱਖੀ ਸੌਦਾ ਸਾਧ ਨੂੰ ਬਲਾਤਕਾਰ ਅਤੇ ਜਬਰੀ ਵਸੂਲੀ ਦੇ ਆਰੋਪ ਵਿੱਚ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੱਤੀ ਸੀ। ਡੇਰੇ ਅਤੇ ਸਿੱਖਾਂ ਵਿੱਚ ਕਈ ਵਾਰ ਝਗੜੇ ਵੀ ਹੋ ਚੁੱਕੇ ਹਨ। ਇਸ ਮੁੱਦੇ ਤੇ ਬੀਜੇਪੀ ਦਾ ਕਹਿਣਾ ਹੈ ਕਿ ਬਾਦਲ ਵੀ ਤਾਂ ਇਨ੍ਹਾਂ ਚੋਣਾਂ ਵਿੱਚ ਚੌਟਾਲੇ ਦੀ ਪਾਰਟੀ ਇਨੈਲੋ ਦੀ ਮੱਦਦ ਕਰ ਰਿਹਾ ਹੈ।