ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਪਣੀ ਕੈਨੇਡਾ ਦੌਰੇ ਨੂੰ ਸਫਲ ਕਰਾਰ ਦਿੰਦੇ ਹੋਏ ਦਿੱਲੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਹਰ ਵਸਦੇ ਸਿੱਖਾਂ ਦੇ ਮਸਲਿਆਂ ਨੂੰ ਹਲ ਕਰਵਾਉਣ ਲਈ ਪੁਰੀ ਜੱਦੋ-ਜਹਿਦ ਸਵਿਧਾਨ ਅਤੇ ਕਾਨੂੰਨ ਦੇ ਦਾਅਰੇ ‘ਚ ਰਹਿ ਕੇ ਕਰਨ ਦੀ ਵਚਨਬੱਧਤਾ ਦੋਹਰਾਈ ਹੈ। ਕੈਨੇਡਾ ਯਾਤਰਾ ਦੌਰਾਨ ਕੁਝ ਤਰਕਸ਼ੀਲ ਸਿੱਖ ਸੰਗਤ ਵੱਲੋਂ ਉਨ੍ਹਾਂ ਤੋਂ ਪੁੱਛੇ ਗਏ ਸਵਾਲਾਂ ਤੇ ਆਪਣਾ ਪ੍ਰਤਿਕ੍ਰਮ ਦਿੰਦੇ ਹੋਏ ਜੀ.ਕੇ. ਨੇ ਦਾਅਵਾ ਕੀਤਾ ਕਿ ਜਿਥੇ ਦਿੱਲੀ ਕਮੇਟੀ ਸਿੱਖ ਸਿਧਾਂਤਾ, ਰਹੁਰੀਤਾਂ ਪ੍ਰਤਿ ਪੂਰਨ ਰੂਪ ‘ਚ ਸਮਰਪਿਤ ਹੈ ਉਥੇ ਹੀ ਸੰਗਤ ਦੇ ਵੱਲੋਂ ਪੁੱਛੇ ਜਾਂਦੇ ਹਰ ਸਵਾਲ ਦਾ ਜਵਾਬ ਦੇਣ ਲਈ ਵੀ ਪੂਰਨ ਰੂਪ ‘ਚ ਤਿਆਰ ਹੈ।
ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਦੇ ਸਵਾਲਾਂ ਦਾ ਤੱਥਾਂ ਦੇ ਆਧਾਰ ਤੇ ਜਵਾਬ ਦੇਣ ਦੇ ਬਾਅਦ ਜਿਥੇ ਉਨ੍ਹਾਂ ਦੇ ਮਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਕਮੇਟੀ ਬਾਰੇ ਬਣਾਈ ਗਈ ਗਲਤ ਛਵੀ ਦੂਰ ਹੋਈ ਹੈ ਉਥੇ ਹੀ ਉਨ੍ਹਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਹੋਇਆ ਹੈ ਕਿ ਅਕਾਲੀ ਦਲ ਪੰਥਕ ਮਸਲਿਆਂ ਨੂੰ ਦੇਸ਼ ਦੇ ਸਵਿਧਾਨ ਦੀ ਮੁੱਖ ਧਾਰਾ ‘ਚ ਰਹਿ ਕੇ ਹੱਲ ਕਰਨ ਲਈ ਪੂਰੀ ਜੱਦੋ-ਜਹਿਦ ਕਰ ਰਿਹਾ ਹੈ।
ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਫਾਂਸੀ ਤੋਂ ਬਚਾਉਣ ਲਈ ਦਿੱਲੀ ਕਮੇਟੀ ਵੱਲੋਂ ਲੜੀ ਗਈ ਲੜਾਈ ਦੇ ਲਈ “ਮਨੁੱਖੀ ਅਧਿਕਾਰ ਅਵਾਰਡ” ਕੈਨੇਡਾ ਦੀ “ਸੇਵ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਡਿਫੈਂਸ ਕਮੇਟੀ,” ਸਰੀ ਵੱਲੋਂ ਉਨ੍ਹਾਂ ਨੂੰ ਦੇਣ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ ਬੀਬੀ ਨਵਨੀਤ ਕੌਰ ਭੁੱਲਰ ਨੇ ਖੁਦ ਜਦੋ ਉਸ ਸਮਾਗਮ ਦੌਰਾਨ ਦਿੱਲੀ ਕਮੇਟੀ ਦੇ ਕਾਰਜਾਂ ਦੀ ਤਾਰੀਫ ਕੀਤੀ ਤਾਂ ਤਰਕਸ਼ੀਲ ਸੰਗਤਾਂ ਨੂੰ ਵੀ ਇਸ ਗੱਲ ਦਾ ਨਿੱਘਾ ਅਹਿਸਾਸ ਹੋਇਆ ਕਿ ਕਮੇਟੀ ਦੇ ਬਾਰੇ ਉਨ੍ਹਾਂ ਦੇ ਮਨਾਂ ਵਿਚ ਪੈਦਾ ਹੋਈਆਂ ਗਲਤ ਫਹਿਮੀਆਂ ਤੱਥਾਂ ਤੇ ਅਧਾਰਿਤ ਨਹੀਂ ਹਨ।
ਇਸ ਫੇਰੀ ਦੌਰਾਨ ਕੈਨੇਡਾ ਦੀਆਂ ਵੱਖ-ਵੱਖ ਜਥੇਬੰਦੀਆਂ ਨਾਲ ਮਿਲਕੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਸਮਝਣ ਅਤੇ ਉਨ੍ਹਾਂ ਵੱਲੋਂ ਕੈਨੇਡਾ ‘ਚ ਪੰਥ ਵਾਸਤੇ ਮਾਰੀਆਂ ਜਾ ਰਹੀਆਂ ਮੱਲਾਂ ਬਾਰੇ ਵੀ ਜਾਣੂੰ ਹੋਣ ਦੀ ਜੀ.ਕੇ. ਨੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ‘ਚ ਬੈਠ ਕੇ ਬਿਨਾ ਭਾਰਤ ਆਏ ਕੋਈ ਵੀ ਧਾਰਣਾ ਬਣਾ ਲੈਣਾ ਅਸਾਨ ਹੈ ਪਰ ਜਦੋ ਸਵਿਧਾਨ ਅਤੇ ਕਾਨੂੰਨ ਧਿਆਨ ‘ਚ ਰਖਕੇ ਕੋਈ ਲੜਾਈ ਲੜੀ ਜਾਂਦੀ ਹੈ ਤੇ ਹੋ ਸਕਦਾ ਹੈ ਕਿ ਉਸ ਵਿਚ ਕੁਝ ਸਮਾਂ ਵੱਧ ਲਗੇ ਪਰ ਕੌਮ ਦੇ ਸੁਨਿਹਰੇ ਭਵਿੱਖ ਅਤੇ ਚੜਦੀ ਕਲਾ ਲਈ ਇਹ ਬਹੁਤ ਜ਼ਰੂਰੀ ਹੈ। ਕਾਲੀ ਸੂਚੀ ‘ਚ ਸ਼ਾਮਿਲ ਸਿੱਖਾਂ ਦੇ ਨਾਂ ਹਟਵਾਉਣ, ਵੀਜ਼ਾ ਸਬੰਧੀ ਦਿੱਕਤਾਂ ਦੂਰ ਕਰਨ ਅਤੇ ਸਿੱਖਾਂ ਤੇ ਹੋ ਰਹੇ ਨਸਲਭੇਦੀ ਹਮਲਿਆਂ ਨੂੰ ਰੋਕਣ ਵਾਸਤੇ ਸਾਂਝੀਆਂ ਕੋਸ਼ਿਸ਼ਾਂ ਕਰਨ ਤੇ ਵੀ ਉਨ੍ਹਾਂ ਨੇ ਜ਼ੋਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਕੈਨੇਡਾ ਅਤੇ ਫਲੀਟਵੁਡ ਦੀ ਮੈਂਬਰ ਪਾਰਲੀਮੈਂਟ ਨੀਨਾ ਗ੍ਰੇਵਾਲ ਵੱਲੋਂ ਉਨ੍ਹਾਂ ਨੂੰ ਸਿੱਖ ਕੌਮ, ਮਨੁੱਖੀ ਅਧਿਕਾਰ, ਬਰਾਬਰਤਾ, ਨਿਆਂ ਅਤੇ ਆਜ਼ਾਦੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਈ ਸਨਮਾਨਿਤ ਵੀ ਕੀਤਾ ਗਿਆ।