ਨਵੀਂ ਦਿੱਲੀ : ਗੁਰਬਾਣੀ ਦਾ ਗਾਇਨ ਨਿਸ਼ਚਿਤ ਰਾਗਾਂ ‘ਚ ਕੀਤੇ ਜਾਣ ਨੂੰ ਉਤਸਾਹਿਤ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ 17 ਨਿਰਧਾਰਿਤ ਰਾਗਾਂ ‘ਚ ਰਚਿਤ ਬਾਣੀ ਦਾ ਤੰਤੀ ਸਾਜਾਂ ਨਾਲ ਕੀਰਤਨ ਸਵੇਰ ਅਤੇ ਸ਼ਾਮ ਦੇ ਦਿਵਾਨਾਂ ‘ਚ ਤਿੰਨ ਰੋਜ਼ ਕਰਵਾਇਆ ਗਿਆ।
ਗੁਰੂ ਸਾਹਿਬ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਕਰਵਾਏ ਗਏ ਇਨ੍ਹਾਂ ਲੜੀਵਾਰ ਸਮਾਗਮਾਂ ‘ਚ ਭਾਈ ਗੁਰਮੀਤ ਸਿੰਘ ਸ਼ਾਂਤ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵੱਲੋਂ ਰਾਗ ਆਸਾ, ਰਾਮਕਲੀ, ਦੇਵੰਗਧਾਰੀ, ਟੋਡੀ, ਬਿਲਾਵਲ, ਧਨਾਸਰੀ, ਸਾਰੰਗ ਤੇ ਤਿਲੰਗ ਰਾਗਾ ‘ਚ ਬਾਣੀ ਦਾ ਗਾਇਨ ਸਵੇਰ ਦੇ ਦੀਵਾਨਾਂ ‘ਚ ਅਤੇ ਰਾਗ ਜੈਤਸਰੀ, ਮਾਰੂ, ਗਉੜੀ, ਤਿਲੰਗ ਕਾਫ਼ੀ, ਬਸੰਤ ਹਿੰਡੋਲ, ਬਸੰਤ, ਬਿਹਾਗੜਾ, ਜੈਜਾਵੰਤੀ, ਸੋਰਠਿ, ਅਤੇ 9ਵੇਂ ਮਹਲੇ ਦੇ ਸਲੋਕਾਂ ਅਤੇ ਬਾਣੀ ਦਾ ਗਾਇਨ ਸ਼ਾਮ ਦੇ ਦੀਵਾਨਾਂ ‘ਚ ਕੀਤਾ ਗਿਆ।
ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ, ਗੁਰਦੁਆਰਾ ਸਾਹਿਬ ਦੇ ਚੇਅਰਮੈਨ ਮਨਮੋਹਨ ਸਿੰਘ, ਦਿੱਲੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੌਂਟੀ, ਬੀਬੀ ਧੀਰਜ ਕੌਰ, ਵੱਲੋਂ ਭਾਈ ਸਾਹਿਬ ਨੂੰ ਰਾਗ ਅਧਾਰਿਤ ਕੀਰਤਨ ਗਾਇਨ ‘ਚ ਦਿੱਤੀ ਜਾ ਰ੍ਹਹੀ ਵੱਡਮੁੱਲੀ ਸੇਵਾਵਾਂ ਲਈ ਸਿਰੋਪਾਓ ਰਾਹੀਂ ਸਨਮਾਨਿਤ ਵੀ ਕੀਤਾ ਗਿਆ। ਰਾਣਾ ਨੇ ਦਿੱਲੀ ਕਮੇਟੀ ਵੱਲੋਂ ਅੱਗੇ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਣ ਦਾ ਭਰੋਸਾ ਦਿੱਤਾ।