ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਨ-ਚੈਨ ਅਤੇ ਜ਼ਮਹੂਰੀਅਤ ਕਦਰਾ-ਕੀਮਤਾ ਰਾਹੀ ਆਪਣੇ ਮਿਸ਼ਨ ਖ਼ਾਲਿਸਤਾਨ ਲਈ ਜੱਦੋ-ਜ਼ਹਿਦ ਕਰ ਰਿਹਾ ਹੈ, ਜੋ ਕਿ ਯੂ.ਐਨ. ਦੇ ਚਾਰਟਰ ਦੇ ਮੁਤਾਬਿਕ ਸਾਡਾ ਹੱਕ ਹੈ । ਲੇਕਿਨ ਫਿਰ ਵੀ ਹਿੰਦੂਤਵ ਸੋਚ ਦੀ ਮਾਲਕ ਸੈਟਰ ਦੀ ਵਜ਼ੀਰ ਬੀਬੀ ਸੁਸਮਾ ਸਿ਼ਵਰਾਜ, ਆਰ.ਐਸ.ਐਸ, ਬੀਜੇਪੀ ਦੀ ਸਿੱਖ ਵਿਰੋਧੀ ਨੀਤੀ ਉਤੇ ਚੱਲਦੀ ਹੋਈ ਭਾਰਤ ਦੇ ਦੌਰੇ ਤੇ ਆਏ ਹੋਏ ਕੈਨੇਡਾ ਦੇ ਵਿਦੇਸ਼ ਵਜ਼ੀਰ ਜੋਹਨ ਬੇਅਰਡ ਨਾਲ ਮੁਲਾਕਾਤ ਕਰਦੇ ਹੋਏ ਸਿੱਖ ਕੌਮ ਨੂੰ “ਅੱਤਵਾਦੀ” ਦਾ ਨਾਮ ਦੇ ਕੇ ਸਿੱਖ ਕੌਮ ਦੇ ਕੌਮਾਂਤਰੀ ਸਤਿਕਾਰਿਤ ਅਕਸ ਨੂੰ ਧੱਬਾ ਲਗਾਉਣ ਵਿਚ ਮਸਰੂਫ ਹੈ । ਅਜਿਹੇ ਸਿੱਖ ਵਿਰੋਧੀ ਅਮਲਾਂ ਦੀ ਅਸੀਂ ਜਿਥੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਸੁਸਮਾ ਸਿ਼ਵਰਾਜ, ਬੀਜੇਪੀ ਤੇ ਆਰ.ਐਸ.ਐਸ. ਨੂੰ ਖ਼ਬਰਦਾਰ ਕਰਦੇ ਹਾਂ ਕਿ ਉਹ ਵਿਦੇਸ਼ੀ ਹੁਕਮਰਾਨਾਂ ਦੀਆਂ ਯਾਤਰਾਵਾਂ ਦੌਰਾਨ ਸਿੱਖ ਕੌਮ ਨੂੰ ਮੰਦਭਾਵਨਾ ਅਧੀਨ ਆਪਣੇ ਬਦਨਾਮ ਕਰਨ ਦੇ ਅਮਲਾਂ ਤੋ ਤੋਬਾ ਕਰ ਲੈਣ ਤਾਂ ਬਹਿਤਰ ਹੋਵੇਗਾ । ਵਰਨਾ ਸਿੱਖ ਕੌਮ ਅਜਿਹੀਆਂ ਸਾਜਿ਼ਸਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਕੈਨੇਡਾ ਦੇ ਵਿਦੇਸ਼ ਵਜ਼ੀਰ ਦੇ ਇਥੇ ਆਉਣ ਉਤੇ ਭਾਰਤ ਦੀ ਵਿਦੇਸ਼ ਵਜ਼ੀਰ ਸੁਸਮਾ ਸਿ਼ਵਰਾਜ ਵੱਲੋਂ ਸਿੱਖ ਕੌਮ ਪ੍ਰਤੀ ਉਹਨਾਂ ਨੂੰ ਗਲਤ ਜਾਣਕਾਰੀ ਦੇਕੇ ਸਿੱਖ ਕੌਮ ਪ੍ਰਤੀ ਕੈਨੇਡੀਅਨ ਹਕੂਮਤ ਨੂੰ ਸ਼ੱਕ ਪੈਦਾ ਕਰਨ ਦੇ ਕੀਤੇ ਜਾ ਰਹੇ ਅਮਲਾਂ ਨੂੰ ਹਿੰਦੂਤਵ ਹੁਕਮਰਾਨਾਂ ਦੀ ਸਾਜਿ਼ਸ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕੈਨੇਡਾ ਵਿਚ ਵੱਸਦੇ ਸਿੱਖਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਰ.ਐਸ.ਐਸ, ਬੀਜੇਪੀ ਅਤੇ ਹੋਰ ਹਿੰਦੂਤਵ ਸੰਗਠਨ ਇਕ ਸੋਚੀ-ਸਮਝੀ ਸਾਜਿ਼ਸ ਅਧੀਨ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਦੇ ਅਮਲ ਕਰ ਰਹੇ ਹਨ । ਅਜਿਹੇ ਸਮੇਂ ਉਹਨਾਂ ਦਾ ਕੌਮੀ ਫਰਜ ਬਣ ਜਾਂਦਾ ਹੈ ਕਿ ਉਹ ਉਟਾਵਾ ਅਤੇ ਹੋਰ ਕੈਨੇਡਾ ਵਿਚ ਸਥਿਤ ਹਿੰਦ ਦੇ ਸਫਾਰਤਖਾਨਿਆਂ ਵਿਖੇ ਜੋਰਦਾਰ ਰੋਸ ਵਿਖਾਵੇ ਕਰਦੇ ਹੋਏ, ਯਾਦ-ਪੱਤਰ ਦਿੰਦੇ ਹੋਏ ਸਿੱਖ ਕੌਮ ਦੇ “ਸਰਬੱਤ ਦੇ ਭਲੇ” ਅਤੇ ਮਨੁੱਖੀ ਹੱਕਾ ਦੀ ਰਾਖੀ ਵਾਲੇ ਬੀਤੇ ਸਮੇਂ ਦੇ ਅਮਲਾਂ ਦੀ ਕੈਨੇਡੀਅਨ ਹਕੂਮਤ ਨੂੰ ਜਾਣਕਾਰੀ ਦਿੰਦੇ ਹੋਏ ਹਿੰਦੂਤਵ ਹੁਕਮਰਾਨ ਦੀ ਇਸ ਸਾਜਿ਼ਸ ਨੂੰ ਅਸਫ਼ਲ ਬਣਾਉਣ ਦੀ ਜਿੰਮੇਵਾਰੀ ਨਿਭਾਉਣ ।
ਉਹਨਾਂ ਕਿਹਾ ਕਿ ਹਿੰਦ ਦੀ ਵਿਦੇਸ਼ ਵਜ਼ੀਰ ਬੀਬੀ ਸੁਸਮਾ ਸਿ਼ਵਰਾਜ ਨੇ ਕੈਨੇਡਾ ਦੇ ਵਿਦੇਸ਼ ਵਜ਼ੀਰ ਸ੍ਰੀ ਜੋਹਨ ਬੇਅਰਡ ਨਾਲ ਗੱਲਬਾਤ ਕਰਦੇ ਹੋਏ ਜੋ 1985 ਵਿਚ ਕੈਨੇਡਾ ਵਿਖੇ ਕਨਿਸਕ ਹਵਾਈ ਜ਼ਹਾਜ ਵਿਸਫੋਟ ਹੋਣ ਦੇ ਕਾਂਡ ਨੂੰ ਉਭਾਰਦੇ ਹੋਏ ਜੋ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਦੀ ਸ਼ਰਾਰਤ ਕੀਤੀ ਹੈ, ਉਸ ਸੰਬੰਧੀ ਜਾਣਕਾਰੀ ਦੇਣਾ ਅਸੀਂ ਆਪਣਾ ਫਰਜ ਸਮਝਦੇ ਹਾਂ ਕਿ ਕੈਨੇਡਾ ਹਕੂਮਤ ਨੇ ਕਨਿਸਕ ਹਵਾਈ ਵਿਸਫੋਟ ਕਾਂਡ ਦੀ ਛਾਣਬੀਨ ਲਈ ਜੋ “ਮੇਜਰ ਕਮਿਸ਼ਨ” ਕਾਇਮ ਕੀਤਾ ਸੀ, ਉਸ ਵੱਲੋ ਜਾਰੀ ਰਿਪੋਰਟ ਵਿਚ ਕਿਸੇ ਵੀ ਸਿੱਖ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਅਤੇ ਨਾ ਹੀ ਕਨਿਸ਼ਕ ਹਵਾਈ ਵਿਸਫੋਟ ਕਾਂਡ ਦੀ ਸਾਜਿ਼ਸ ਵਿਚ ਕਿਸੇ ਸਿੱਖ ਦੀ ਸਮੂਲੀਅਤ ਨੂੰ ਪ੍ਰਵਾਨ ਕੀਤਾ ਹੈ । ਫਿਰ ਸੁਸਮਾ ਸਿ਼ਵਰਾਜ ਜਾਂ ਹਿੰਦੂਤਵ ਹੁਕਮਰਾਨ ਕਿਸ ਬਿਨ੍ਹਾਂ ਤੇ, ਕਿਸ ਦਲੀਲ ਤੇ ਕੈਨੇਡੀਅਨ ਵਜ਼ੀਰਾਂ ਤੇ ਹਕੂਮਤ ਨੂੰ ਗੁੰਮਰਾਹ ਕਰਨ ਦੀ ਅਸਫ਼ਲ ਕੋਸਿ਼ਸ਼ ਕਰ ਰਹੇ ਹਨ । ਉਹਨਾਂ ਇਹ ਵੀ ਵਰਣਨ ਕੀਤਾ ਕਿ ਜਦੋ ਕੈਨੇਡਾ ਤੋ ਇਸ ਕਨਿਸਕ ਹਵਾਈ ਜਹਾਜ ਦੀ ਉਡਾਨ ਭਰਨੀ ਸੀ, ਉਸਦੇ ਆਖਰੀ ਪਲਾਂ ਵਿਚ ਹਿੰਦ ਦੇ ਕੈਨੇਡਾ ਦੇ ਸਫ਼ੀਰ ਨੇ ਆਪਣੀ ਟਿਕਟ ਕੈਸਲ ਕਰਵਾ ਦਿੱਤੀ ਸੀ। ਕਿਉਂਕਿ ਇਸ ਵਿਸਫੋਟ ਦੀ ਸਾਜਿ਼ਸ ਹਿੰਦੂਤਵ ਏਜੰਸੀਆਂ ਆਈ.ਬੀ. ਅਤੇ ਰਾਅ ਨੇ ਬਣਾਈਆਂ ਸਨ ਅਤੇ ਹਿੰਦੂਤਵ ਹੁਕਮਰਾਨ ਆਪਣੇ ਸਫ਼ੀਰ ਦੀ ਬਲੀ ਨਹੀਂ ਸੀ ਦੇਣਾ ਚਾਹੁੰਦੇ ? ਇਹ ਕਨਿਸਕ ਕਾਂਡ ਹਿੰਦੂਤਵ ਹੁਕਮਰਾਨਾਂ ਤੇ ਏਜੰਸੀਆਂ ਵੱਲੋਂ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਹਿੱਤ ਕੀਤਾ ਗਿਆ ਸੀ ਤਾਂ ਕਿ ਖ਼ਾਲਿਸਤਾਨ ਦੀ ਜੱਦੋ-ਜ਼ਹਿਦ ਆਪਣੀ ਮੰਜਿ਼ਲ ਵੱਲ ਵੱਧ ਨਾ ਸਕੇ ।
ਸ. ਮਾਨ ਨੇ ਕੈਨੇਡੀਅਨ ਸਿੱਖਾਂ ਤੋ ਉਮੀਦ ਪ੍ਰਗਟ ਕੀਤੀ ਕਿ ਜਿਥੇ ਉਹ ਕੈਨੇਡਾ ਵਿਖੇ ਸਥਿਤ ਹਿੰਦ ਦੇ ਸਫਾਰਤਖਾਨੇ ਵਿਖੇ ਬੀਬੀ ਸੁਸਮਾ ਸਿ਼ਵਰਾਜ ਅਤੇ ਹਿੰਦੂਤਵ ਹੁਕਮਰਾਨਾਂ ਦੇ ਅਮਲਾਂ ਵਿਰੁੱਧ ਰੋਸ ਵਿਖਾਵੇ ਦੀ ਜਿੰਮੇਵਾਰੀ ਨਿਭਾਉਣਗੇ, ਉਥੇ ਉਹ ਕੈਨੇਡਾ ਦੀ ਹਕੂਮਤ ਨੂੰ ਸਿੱਖ ਕੌਮ ਦੀ ਨਸ਼ਲਕੁਸੀ, ਕਤਲੇਆਮ ਕਰਨ, 1984 ਵਿਚ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਨ ਆਦਿ ਜ਼ਬਰ-ਜੁਲਮ ਦਾ ਵੇਰਵਾ ਦੇ ਕੇ ਹਿੰਦੂਤਵ ਹਕੂਮਤ ਨਾਲ ਕੈਨੇਡਾ ਹਕੂਮਤ ਵੱਲੋ ਕੀਤੇ ਜਾਣ ਵਾਲੇ ਸਮਝੋਤਿਆ ਨੂੰ ਰੱਦ ਕਰਨ ਦੀ ਵੀ ਡੂੰਘੀ ਗੁਜ਼ਾਰਿਸ ਕਰੋਗੇ । ਜੋ ਖ਼ਾਲਿਸਤਾਨੀ ਸਿੱਖਾਂ ਦੇ ਵੀਜੇ ਕੈਨੇਡਾ ਹਕੂਮਤ ਵੱਲੋਂ ਬਿਨ੍ਹਾਂ ਕਿਸੇ ਵਜਹ ਕਾਰਨ ਦੱਸਣ ਦੇ, ਖ਼ਾਲਿਸਤਾਨੀ ਹੋਣ ਦੀ ਬਦੌਲਤ ਰੱਦ ਕੀਤੇ ਜਾ ਰਹੇ ਹਨ, ਇਹ ਅਮਲ ਤਾਂ ਯੂ.ਐਨ. ਦੇ ਚਾਰਟਰ, ਕੁਦਰਤੀ ਇਨਸਾਫ਼ ਅਤੇ ਕਾਨੂੰਨ ਦੇ ਰਾਜ ਦੇ ਨਿਯਮਾਂ ਦੀ ਘੋਰ ਉਲੰਘਣਾਂ ਹੈ, ਜੋ ਸਿੱਖ ਕੌਮ ਨਾਲ ਕੈਨੇਡਾ ਹਕੂਮਤ ਵੱਲੋ ਅਜਿਹਾ ਵਿਵਹਾਰ ਬੰਦ ਹੋਣਾ ਚਾਹੀਦਾ ਹੈ ।