ਲੈਂਗਲੀ, ਬੀ. ਸੀ.- ਸ਼ਨਿੱਚਰਵਾਰ 1.00 ਵਜੇ ਤੋਂ 3.00 ਵਜੇ ਤੱਕ ਮਿਊਰੀਅਲ ਆਰਨਾਸਨ ਲਾਇਬ੍ਰੇਰੀ ਅਤੇ ਟਾਊਨਸ਼ਿਪ ਆੱਫ ਲੈਂਗਲੀ ਵੱਲੋਂ ਆਪਣਾ ਗਿਆਰਵਾਂ ਸਾਲਾਨਾ ਦੀਵਾਲੀ ਦਾ ਤਿਉਹਾਰ ਬੜੇ ਚਾਵਾਂ,ਖੁਸ਼ੀਆਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਖੁਸ਼ੀ ਦੇ ਮੌਕੇ ਦਾ ਅਨੰਦ ਮਾਨਣ ਲਈ ਹਰ ਭਾਈਚਾਰੇ ਦੇ ਲੋਕ ਹੁੰਮ ਹੁੰਮਾ ਕੇ ਪਹੁੰਚੇ ਹੋਏ ਸਨ ।ਟਾਊਨਸ਼ਿਪ ਆੱਫ ਲੈਂਗਲੀ ਦੇ ਮੇਅਰ ਜੈਕ ਫ਼ਰੋਸ, ਕੌਂਸਲਰ ਗਰਾਂਟ ਵਾਰਡ, ਕੌਂਸਲਰ ਕਿਮ ਰਿਚਟਰ, ਕੌਂਸਲਰ ਚਾਰਲੀ ਫ਼ੌਕਸ, ਕੌਂਸਲਰ ਸਟੀਵ ਫੈਰਗੂਸਨ, ਕੌਂਸਲਰ ਬੋਬ ਲੋਂਗ, ਅਤੇ ਟਾਊਨਸ਼ਿਪ ਆੱਫ ਲੈਂਗਲੀ ਲਾਇਬ੍ਰੇਰੀਆਂ ਦੇ ਮੈਨੇਜਰ ਡੇਵਿਡ ਟੀਸਨ ਵੀ ਇਸ ਬਹੁਸਭਿਅਕ ਤਿਉਹਾਰ ਦਾ ਆਨੰਦ ਮਾਨਣ ਲਈ ਪਹੁੰਚੇ ਹੋਏ ਸਨ ।ਮੇਅਰ ਜੈਕ ਫ਼ਰੋਸ ਅਤੇ ਕੌਂਸਲਰ ਗਰਾਂਟ ਵਾਰਡ ਨੇ ਇਸ ਪਵਿੱਤਰ ਤਿਉਹਾਰ ਤੇ ਲੋਕਾਂ ਨੂੰ ਵਧਾਈ ਦਿੱਤੀ ।
ਇਸ ਮੌਕੇ ਕੁੜੀਆਂ ਦੇ ਮਨੋਰੰਜਨ ਵਾਸਤੇ ਮਹਿੰਦੀ ਅਤੇ ਬੱਚਿਆਂ ਦੇ ਮਨੋਰੰਜਨ ਵਾਸਤੇ ਫੇਸ ਪੇਟਿੰਗ ਦਾ ਉਚੇਚੇ ਤੌਰ ਤੇ ਪ੍ਰਬੰਧ ਕੀਤਾ ਗਿਆ ਸੀ । ਇਸ ਦੌਰਾਨ ਕਰਾਫਟਿੰਗ ਅਤੇ ਕਲਰਿੰਗ ਦਾ ਪ੍ਰੋਗਰਾਮ ਵੀ ਸਫ਼ਲਤਾ ਪੂਰਨ ਚਲਦਾ ਰਿਹਾ, ਅਤੇ ਬੱਚਿਆਂ ਨੇ ਦੀਵਿਆਂ ਨੂੰ ਰੰਗ-ਬਿਰੰਗੇ ਰੰਗਾਂ ਨਾਲ ਸਜਾ ਕੇ ਆਪਣੀ ਖੁਸ਼ੀ ਅਤੇ ਕਲਾ ਦਾ ਇਜ਼ਹਾਰ ਕੀਤਾ । ਪੰਜਾਬੀ ਦੇ ਗੀਤਾਂ ਤੇ ਰੋਮਨ ਭੰਗੂ ਵੱਲੋਂ ਪਵਾਇਆ ਭੰਗੜਾ ਅਤੇ ਹਰਪ੍ਰੀਤ ਕੌਰ ਆਹਲੂਵਾਲੀਆ ਅਤੇ ਮੰਜੂ ਜੀ ਵੱਲੋਂ ਸੋਨਮ ਵਾਲੀਆ ਅਤੇ ਸ਼ਿਆਰਾ ਨੂੰ ਸਾੜੀ ਬੰਨਣ ਦਾ ਪ੍ਰਦਰਸ਼ਨ ਮੇਲੇ ਦੇ ਮੁੱਖ ਆਕਰਸ਼ਨ ਬਣੇ ਰਹੇ । ਹਰ ਵਰਗ ਦੇ ਲੋਕ ਪੰਜਾਬੀ ਭੰਗਰੇ ਦੇ ਗੀਤਾਂ ਦੀ ਤਾਲ ਤੇ ਝੂਮ ਉਠੇ । ਜੂਡੀ ਦਾ ਮੈਨਰਜ਼ ਲੇਡੀ ਨੇ ਲੋਕਾਂ ਨੂੰ 12 ਵੱਖ ਵੱਖ ਭਾਸ਼ਾਵਾਂ ਵਿੱਚ ਬੜੇ ਰੌਚਕ ਤਰੀਕੇ ਨਾਲ ਹੈਲੋ ਸ਼ਬਦ ਕਹਿਣਾ ਸਿਖਾਇਆ। ਮਹਿਮਾਨਾਂ ਦੀ ਸਮੋਸਿਆਂ, ਪਕੌੜਿਆਂ, ਬਿਸਕੁਟਾਂ ਅਤੇ ਕੌਫ਼ੀ ਨਾਲ ਪ੍ਰੋਹਣਾਚਾਰੀ ਕੀਤੀ ਗਈ ।
ਪ੍ਰੋਗਰਾਮ ਦੇ ਅਖੀਰ ਵਿੱਚ ਮਿਊਰੀਅਲ ਆਰਨਾਸਨ ਲਾਇਬ੍ਰੇਰੀ ਦੇ ਮੁਖੀ ਡਾ. ਸਰਵਨ ਸਿੰਘ ਰੰਧਾਵਾ ਨੇ ਆਏ ਹੋਏ ਮਹਿਮਾਨਾਂ, ਵਲੰਟੀਅਰਜ਼, ਮੀਡੀਏ ਦਾ ਧੰਨਵਾਦ ਕੀਤਾ ।