ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ ਅਤੇ ਕਸ਼ਮੀਰ ‘ਚ ਬੀਤੇ ਦਿਨੀ ਆਏ ਹੜ੍ਹ ਕਾਰਣ ਪ੍ਰਭਾਵਿਤ ਹੋਏ ਲੋਕਾਂ ਤੱਕ ਅੱਜ ਰਾਸ਼ਨ, ਭਾਂਡੇ ਅਤੇ ਰੋਜ਼ਾਨਾ ਜ਼ਰੂਰਤ ਦੀਆਂ ਵਸਤੂਆਂ ਨਾਲ ਲੱਦੇ 7 ਟ੍ਰਕ ਲਗਭਗ 40 ਟਨ ਰਾਹਤ ਸਾਮਗ੍ਰੀ ਨਾਲ ਰਵਾਨਾ ਕੀਤੇ ਗਏ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਹਰੀ ਝੰਡੀ ਦਿਖਾਉਣ ਉਪਰੰਤ ਟ੍ਰਕਾਂ ਨੂੰ ਰਾਜੌਰੀ, ਪੂੰਛ ਅਤੇ ਸ੍ਰੀ ਨਗਰ ਲਈ ਰਵਾਨਾ ਕੀਤਾ ਗਿਆ। ਗੁਰਦੁਆਰਾ ਸ਼ਹੀਦ ਬੁੰਗਾ ਅਤੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀ ਨਗਰ ਵਿਖੇ ਇਨ੍ਹਾਂ ਟ੍ਰਕਾਂ ਦੇ ਪੁੱਜਣ ਤੋਂ ਬਾਅਦ ਇਸ ਰਾਹਤ ਸਾਮਗ੍ਰੀ ਨੂੰ ਐਡਵੋਕੇਟ ਦਵਿੰਦਰ ਸਿੰਘ ਬਹਿਲ ਦੀ ਦੇਖ ਰੇਖ ‘ਚ ਲੋੜਵੰਦਾ ਤੱਕ ਪਹੁੰਚਾਇਆ ਜਾਵੇਗਾ।
ਇਨ੍ਹਾਂ ਟ੍ਰਕਾਂ ‘ਚ 18 ਟਨ ਚਾਵਲ, 9 ਟਨ ਦਾਲ, 4.5 ਟਨ ਚੀਨੀ, 900 ਕਿਲੋ ਚਾਹਪੱਤੀ, 168 ਕਿਲੋ ਸੁੱਕਾ ਦੁੱਧ, 1200 ਕਿਲੋ ਨਮਕੀਨ, 850 ਕਿਲੋ ਆਟਾ, 560 ਕਿਲੋ ਮੈਗੀ, 1200 ਪੈਕੇਟ ਬਿਸਕੂਟ, 1438 ਪੈਕੇਟ ਰਸ, 50 ਬਿਸਤਰਿਆਂ ਦੇ ਸੈਟ, 50 ਸਰਸੋ ਤੇਲ ਦੀਆਂ ਬੋਤਲਾਂ, 20 ਟੁਥਪੇਸਟ, 188 ਛੋਟੇ ਪਤੀਲੇ, 100 ਪਲੇਟਾ, 530 ਕੌਲੀਆਂ, 1000 ਚੱਮਚੇ, 96 ਜੋੜੇ ਚੱਪਲ, 141 ਟੁੱਥਬ੍ਰਸ਼, 107 ਸਾਬਣਦਾਨੀਆਂ ਅਤੇ 30 ਕਪੜਿਆਂ ਦੇ ਬੋਰੇ ਵੀ ਹਨ।
ਕਸ਼ਮੀਰ ਆਪਦਾ ਬਾਰੇ ਦਿੱਲੀ ਕਮੇਟੀ ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜਾਂ ਨੂੰ ਦੇਖ ਰਹੇ ਮੀਤ ਪ੍ਰਧਾਨ ਤਨਵੰਤ ਸਿੰਘ ਨੇ ਇਸ ਸਾਮਗ੍ਰੀ ਦੇ ਪੁੱਜਣ ਤੋਂ ਬਾਅਦ ਪ੍ਰਭਾਵਿਤ ਪਰਿਵਾਰਾਂ ਦੀ ਮਾਲੀ ਮਦਦ ਦੇ ਚੈਕ ਵੀ ਕਮੇਟੀ ਵੱਲੋਂ ਛੇਤੀ ਹੀ ਭੇਜਣ ਦੀ ਜਾਣਕਾਰੀ ਦਿੱਤੀ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਅਕਾਲੀ ਆਗੁੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਕੁਲਮੋਹਨ ਸਿੰਘ, ਦਿੱਲੀ ਕਮੇਟੀ ਮੈਂਬਰ ਹਰਦੇਵ ਸਿੰਘ ਧਨੋਆ, ਪਰਮਜੀਤ ਸਿੰਘ ਚੰਢੋਕ, ਚਮਨ ਸਿੰਘ ਅਤੇ ਆਗੂ ਅਮਰਜੀਤ ਸਿੰਘ ਤਿਹਾੜ ਮੌਜੂਦ ਸਨ।