ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਜੰਗ-ਏ-ਆਜ਼ਾਦੀ ਦਾ ਸ੍ਰੀ ਕਰਤਾਰਪੁਰ ਵਿਖੇ ਨੀਂਹ-ਪੱਥਰ ਰੱਖਕੇ ਅਤੇ ਸਿੱਖ ਕੌਮ ਦੇ 20ਵੀਂ ਸਦੀਂ ਦੀ ਪਹਿਲੀ ਜੰਗ ਦੇ ਕੌਮੀ ਨਾਇਕਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਹੋਰਨਾਂ ਨੂੰ ਭੁੱਲਾਕੇ ਸਾਬਤ ਕਰ ਦਿੱਤਾ ਹੈ ਕਿ ਇਹ ਪਹਿਰਾਵੇ ਦੇ ਸਿੱਖ ਆਗੂ ਹਨ ਅਤੇ ਹਿੰਦੂਤਵ ਸੋਚ ਦੇ ਗੁਲਾਮ ਬਣ ਚੁੱਕੇ ਹਨ । ਜਿਨ੍ਹਾਂ ਨੇ ਜੰਗ-ਏ-ਆਜ਼ਾਦੀ ਦੇ ਨੀਂਹ-ਪੱਥਰ ਸਮੇਂ ਉਹਨਾਂ ਆਗੂਆਂ ਅਤੇ ਹਸਥੀਆਂ ਨੂੰ ਸੱਦਾ-ਪੱਤਰ ਦੇ ਕੇ ਬੁਲਾਇਆ, ਜਿਨ੍ਹਾਂ ਨੇ ਬਲਿਊ ਸਟਾਰ ਦੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹੋਏ ਫ਼ੌਜੀ ਹਮਲੇ ਅਤੇ 1984 ਵਿਚ ਹਿੰਦ ਦੇ ਵੱਖ-ਵੱਖ ਹਿੱਸਿਆ ਵਿਚ ਸਿੱਖ ਕੌਮ ਦੇ ਕੀਤੇ ਗਏ ਕਤਲੇਆਮ ਵਿਚ ਮੋਹਰੀ ਭੂਮਿਕਾਵਾਂ ਨਿਭਾਈਆਂ ਸਨ । ਇਸ ਰੱਖੇ ਗਏ ਨੀਂਹ-ਪੱਥਰ ਸਮੇਂ ਕਿਸੇ ਵੀ ਕੌਮੀ ਸਖਸ਼ੀਅਤ ਨੂੰ ਸੱਦਾ-ਪੱਤਰ ਨਾ ਦੇਣ ਦੇ ਅਮਲ ਵੀ ਹਿੰਦੂਤਵ ਸੋਚ ਦਾ ਪੱਖ ਪੂਰਨ ਵਾਲੇ ਹਨ । ਅਜਿਹਾ ਕਰਕੇ ਸ. ਬਾਦਲ ਨੇ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਆਦਿ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੇ ਅਮਲਾਂ ਨੂੰ ਸਦਾ ਲਈ ਵਿਸਾਰ ਦਿੱਤਾ ਹੈ ਅਤੇ ਸਿੱਖ ਕੌਮ ਨਾਲ ਧ੍ਰੋਹ ਕਮਾਉਣ ਵਾਲਿਆ ਨੂੰ ਬੁਲਾਕੇ ਸਿੱਖ ਕੌਮ ਦੇ ਅੱਲ੍ਹੇ ਜਖ਼ਮਾਂ ਉਤੇ ਲੂਣ ਛਿੜਕਣ ਦੀ ਕਾਰਵਾਈ ਕੀਤੀ ਹੈ । ਜੋ ਅਤਿ ਦੁੱਖਦਾਇਕ ਅਤੇ ਕੌਮੀ ਸੋਚ ਵਿਰੋਧੀ ਵਰਤਾਰਾਂ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੂੰ ਜੋ ਬੀਤੇ ਕੱਲ੍ਹ ਕਰਤਾਰਪੁਰ ਵਿਖੇ ਸਮਾਗਮ ਵਿਚ ਹਾਜ਼ਰ ਸਨ, ਨੂੰ ਸਿੱਖ ਕੌਮ ਵੱਲੋ ਅਤਿ ਸੰਜ਼ੀਦਾਂ ਯਾਦ-ਪੱਤਰ ਦਿੰਦੇ ਹੋਏ ਪ੍ਰਗਟ ਕੀਤੇ । ਇਸ ਦਿੱਤੇ ਗਏ ਯਾਦ-ਪੱਤਰ ਵਿਚ ਸ. ਮਾਨ ਨੇ ਸ੍ਰੀ ਮੱਕੜ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜਦੋ ਯਾਦਗਾਰ ਸਮਾਗਮ ਵਿਚ ਸਿੱਖ ਕੌਮ ਦੀਆਂ ਦੁਸ਼ਮਣ ਤਾਕਤਾਂ ਅਤੇ ਸਿੱਖਾਂ ਉਤੇ ਹਮਲੇ ਕਰਨ ਵਾਲੇ ਆਗੂਆਂ ਅਤੇ ਸਿਆਸੀ ਪਾਰਟੀਆਂ ਨੂੰ ਸੱਦਾ-ਪੱਤਰ ਦੇ ਕੇ ਬੁਲਾਇਆ ਗਿਆ ਸੀ ਅਤੇ ਸਿੱਖ ਕੌਮ ਦੀ 20ਵੀਂ ਸਦੀਂ ਦੀ ਪਹਿਲੀ ਜੰਗ ਦੇ ਨਾਇਕਾਂ ਦਾ ਉਸ ਸਮੇਂ ਕੋਈ ਨਾਮ ਤੱਕ ਨਹੀਂ ਲਿਆ ਗਿਆ ਅਤੇ ਨਾ ਹੀ ਇਸ ਸਮਾਗਮ ਵਿਚ ਕੌਮੀ ਦਰਦ ਰੱਖਣ ਵਾਲੀ ਕਿਸੇ ਸਖਸ਼ੀਅਤ ਨੂੰ ਸੱਦਾ-ਪੱਤਰ ਭੇਜਿਆ ਗਿਆ ਹੈ ਤਾਂ ਆਪ ਜੀ ਨੂੰ ਇਸ ਹੋਏ ਅਮਲ ਵਿਰੁੱਧ ਸਟੈਂਡ ਲੈਣਾ ਬਣਦਾ ਸੀ, ਜੋ ਨਹੀਂ ਲਿਆ ਗਿਆ । ਅਸੀਂ ਆਪ ਜੀ ਨੂੰ ਸਮੁੱਚੀ ਕੌਮ ਦੇ ਬਿਨ੍ਹਾਂ ਤੇ ਅਪੀਲ ਕਰਦੇ ਹਾਂ ਕਿ ਉਪਰੋਕਤ ਹਿੰਦੂਤਵ ਸੋਚ ਵਾਲਿਆਂ ਨੂੰ ਖੁਸ਼ ਕਰਨ ਲਈ ਜੰਗੀ ਯਾਦਗਾਰ ਬਣਾਈ ਗਈ ਹੈ, ਉਸ ਦੇ ਨਾਲ ਹੀ ਸਿੱਖ ਕੌਮ ਦੇ 20ਵੀਂ ਸਦੀਂ ਦੇ ਜੰਗ-ਏ-ਆਜ਼ਾਦੀ ਦੇ ਨਾਇਕਾਂ ਨੂੰ ਸਮਰਪਿਤ ਯਾਦਗਾਰ ਬਣਾਉਣ ਲਈ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਹਕੂਮਤ ਨਾਲ ਦਲੀਲ ਸਹਿਤ ਵਿਚਾਰ ਵਟਾਂਦਰਾ ਕਰਕੇ ਇਹ ਜਿੰਮੇਵਾਰੀ ਨਿਭਾਉਣੀ ਪਵੇਗੀ । ਕਿਉਂਕਿ ਆਪ ਜੀ ਸਿੱਖ ਧਰਮ ਦੀ ਜ਼ਮਹੂਰੀਅਤ ਤਰੀਕੇ ਚੋਣਾਂ ਰਾਹੀ ਕਾਇਮ ਹੋਈ ਸੰਸਥਾਂ (ਪਾਰਲੀਮੈਂਟ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਅਹੁਦੇ ਉਤੇ ਬਿਰਾਜਮਾਨ ਹੋ ਅਤੇ ਕੌਮਾਂਤਰੀ ਪੱਧਰ ਤੇ ਐਸ.ਜੀ.ਪੀ.ਸੀ. ਅਤੇ ਉਸਦੇ ਪ੍ਰਧਾਨ ਧਾਰਮਿਕ ਤੌਰ ਤੇ ਵੱਡੀ ਅਹਿਮੀਅਤ ਰੱਖਦੇ ਹਨ । ਇਸ ਲਈ ਆਪ ਜੀ ਦਾ ਇਹ ਫਰਜ ਬਣ ਜਾਂਦਾ ਹੈ ਕਿ ਸਾਡੇ ਵੱਲੋ ਕੌਮੀ ਜੰਗ-ਏ-ਆਜ਼ਾਦੀ ਦੇ ਨਾਇਕਾਂ ਦੀ ਯਾਦਗਾਰ ਕਾਇਮ ਕਰਨ ਲਈ ਉਠਾਏ ਗਏ ਮੁੱਦੇ ਨੂੰ ਪੂਰੀ ਸੰਜ਼ੀਦਗੀ ਅਤੇ ਦ੍ਰਿੜਤਾ ਨਾਲ ਪੰਜਾਬ ਸਰਕਾਰ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਕੋਲ ਪਹੁੰਚਾਉਦੇ ਹੋਏ ਸਿੱਖ ਕੌਮੀ ਜੰਗ-ਏ-ਆਜ਼ਾਦੀ ਯਾਦਗਾਰ ਬਣਾਉਣ ਵਿਚ ਮਾਹੌਲ ਤਿਆਰ ਕਰੋਗੇ ਅਤੇ ਜਿਥੇ ਕਰਤਾਰਪੁਰ ਵਿਖੇ ਹਿੰਦ ਦੇ ਜੰਗ-ਏ-ਆਜ਼ਾਦੀ ਦੀ ਯਾਦਗਾਰ ਬਣਾਈ ਗਈ ਹੈ, ਉਥੇ ਹੀ ਸਿੱਖ ਕੌਮ ਦੇ ਨਾਇਕਾਂ ਦੀ ਯਾਦਗਾਰ ਬਣਵਾਕੇ ਆਪਣੇ ਫਰਜਾਂ ਦੀ ਪੂਰਤੀ ਕਰੋਗੇ । ਸ. ਮੱਕੜ ਨੇ 5 ਮੈਂਬਰੀ ਡੈਪੂਟੇਸ਼ਨ ਨਾਲ ਗੱਲਬਾਤ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਮੈਂ ਇਸ ਯਾਦ-ਪੱਤਰ ਵਿਚ ਆਪ ਜੀ ਵੱਲੋ ਉਠਾਈਆਂ ਗਈਆਂ ਕੌਮੀ ਭਾਵਨਾਵਾਂ ਨੂੰ ਸਹੀ ਰੂਪ ਵਿਚ ਸ. ਬਾਦਲ ਨਾਲ ਗੱਲਬਾਤ ਦੌਰਾਨ ਉਠਾਉਦੇ ਹੋਏ ਇਸ ਕੌਮੀ ਮਸਲੇ ਨੂੰ ਹੱਲ ਕਰਨ ਦੀ ਹਰ ਸੰਭਵ ਕੋਸਿ਼ਸ਼ ਕੀਤੀ ਜਾਵੇਗੀ ।
ਸ. ਮਾਨ ਵੱਲੋ ਦਿੱਤੇ ਗਏ ਯਾਦ-ਪੱਤਰ ਉਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਸਤਖ਼ਤਾਂ ਤੋ ਇਲਾਵਾ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ (ਦੋਵੇ ਜਰਨਲ ਸਕੱਤਰ), ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ. ਰਣਜੀਤ ਸਿੰਘ ਚੀਮਾ ਦਫ਼ਤਰ ਸਕੱਤਰ, ਸ. ਹਰਭਜਨ ਸਿੰਘ ਕਸ਼ਮੀਰੀ ਪ੍ਰਧਾਨ ਪਟਿਆਲਾ ਮੈਂਬਰ ਪੀ.ਏ.ਸੀ, ਸ. ਹਰਬੀਰ ਸਿੰਘ ਸੰਧੂ ਸਕੱਤਰ ਅੰਮ੍ਰਿਤਸਰ ਦਫ਼ਤਰ, ਸ. ਕਰਮ ਸਿੰਘ ਭੋਈਆ ਪ੍ਰਧਾਨ ਤਰਨਤਾਰਨ, ਸ. ਰਣਦੇਵ ਸਿੰਘ ਦੇਬੀ ਪ੍ਰਧਾਨ ਯੂਥ ਅਕਾਲੀ ਦਲ, ਸ. ਧਰਮ ਸਿੰਘ ਕਲੌੜ ਇਲਾਕਾ ਸਕੱਤਰ, ਸ. ਕੁਲਦੀਪ ਸਿੰਘ ਦੁਭਾਲੀ, ਲੱਖਾ ਮਹੇਸ਼ਪੁਰੀਆ, ਸ. ਮੱਕੜ ਦੇ ਨਾਲ ਸ. ਪਰਮਜੀਤ ਸਿੰਘ ਸਰੋਆ ਪੀ.ਏ. ਅਤੇ ਸ. ਅਮਰਜੀਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋ ਇਲਾਵਾ ਵੱਡੀ ਗਿਣਤੀ ਵਿਚ ਡੈਪੂਟੇਸ਼ਨ ਦੇ ਨਾਲ ਕਾਲਜਾਂ ਅਤੇ ਸਕੂਲਾਂ ਦੇ ਯੂਥ ਦੇ ਆਗੂ ਵੀ ਸ਼ਾਮਿਲ ਸਨ ।