ਦੁਕਾਨਦਾਰ ਅਤੇ ਗ੍ਰਾਹਕ ਦੇ ਵੇਚ-ਖਰੀਦ ਦੇ ਚੱਕਰ ਨਾਲ ਜਿੱਥੇ ਗ੍ਰਾਹਕ ਨੂੰ ਲੋੜਾਂ ਦੀ ਪੂਰਤੀ ਲਈ ਲੋੜੀਂਦਾ ਸਮਾਨ ਮਿਲਦਾ ਹੈ ਉੱਥੇ ਦੁਕਾਨਦਾਰ ਦੁਆਰਾ ਮੁਨਾਫ਼ਾ ਕਮਾ ਕੇ ਆਪਣੀਆਂ ਲੋੜਾਂ ਦੀ ‘ਪੂਰਤੀ’ ਲਈ ਹਰ ਹਰਬਾ ਵਰਤਿਆ ਜਾਂਦਾ ਹੈ। ਤਿਉਹਾਰਾਂ ਦੇ ਸੰਦਰਭ ਵਿੱਚ ਨਜ਼ਰ ਮਾਰੀ ਜਾਵੇ ਤਾਂ ਤਿਉਹਾਰਾਂ ਦੇ ਦਿਨਾਂ ਵਿੱਚ ਖ਼ਰੀਦੋ-ਫਰੋਖਤ ਕਰਨ ਤੋਂ ਭੈਅ ਆਉਣ ਲੱਗ ਜਾਂਦੈ। ਜਿਹੜੀਆਂ ਵਸਤਾਂ ਨੂੰ ਤਿਉਹਾਰਾਂ ਤੋਂ ਪਹਿਲਾਂ ਅਸੀਂ ਹੀ ਨੱਕ-ਬੁੱਲ੍ਹ ਮਾਰਦੇ ਹਾਂ, ਉਹਨਾਂ ਹੀ ਵਸਤਾਂ ਦਾ ਮੁੱਲ ਤਿਉਹਾਰਾਂ ਦੇ ਦਿਨਾਂ ‘ਚ ਅਸਮਾਨੀਂ ਚੜ੍ਹ ਜਾਂਦੈ। ਦਿਨੋ ਦਿਨ ਅਸਮਾਨੀਂ ਚੜ੍ਹਦੀ ਜਾ ਰਹੀ ਮਹਿੰਗਾਈ ਆਮ ਆਦਮੀ ਲਈ ਤਿਉਹਾਰਾਂ ਦੇ ਰੰਗ ਬਦਰੰਗ ਕਰਦੀ ਜਾਪਦੀ ਹੈ। ਅਸਲੀਅਤ ਵੱਲ ਨਜ਼ਰ ਮਾਰੀ ਜਾਵੇ ਤਾਂ ਅੱਜਕੱਲ੍ਹ ਤਿਉਹਾਰਾਂ ਦੀ ਆੜ ਹੇਠ ਜਮ੍ਹਾਂਖੋਰੀ, ਮਿਲਾਵਟ ਆਦਿ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ।
ਪੈਸੇ ਕਮਾਉਣ ਦੀ ਦੌੜ ਇੱਕ ਮਨੁੱਖ (ਦੁਕਾਨਦਾਰ) ਨੂੰ ਇਸ ਕਦਰ ਅੰਨ੍ਹਾ ਕਰ ਦੇਵੇਗੀ ਕਿ ਉਹ ਦੂਜੇ ਮਨੁੱਖ (ਦੁਕਾਨਦਾਰ) ਨੂੰ ਖ਼ਾਲਸ ਦੁੱਧ ਦੀ ਬਜਾਏ ਖੇਤਾਂ ਵਿੱਚ ਵਰਤੀ ਜਾਣ ਵਾਲੀ ਰਸਾਇਣਕ ਖ਼ਾਦ ਯੂਰੀਆ ਦੀ ਮਿਲਾਵਟ ਨਾਲ ਤਿਆਰ ਕੀਤਾ ਦੁੱਧ ਵੇਚ ਰਿਹਾ ਹੈ। ਖ਼ਾਲਸ ਘਿਓ ਵੇਚਣ ਦੀ ਜਗ੍ਹਾ ਪਸ਼ੂਆਂ ਦੀ ਚਰਬੀ ਦੀ ਮਿਲਾਵਟ ਵਾਲਾ ਘਿਓ ਵੇਚ ਰਿਹਾ ਹੈ। ਜਿੱਥੇ ਜੁਆਕਾਂ ਨੂੰ ਕਿਤਾਬਾਂ ਵਿੱਚ ਪੜ੍ਹਾਇਆ ਜਾਂਦਾ ਹੈ ਕਿ “ਤਿਉਹਾਰ ਆਪਸੀ ਮਿਲਵਰਤਣ ਅਤੇ ਪਿਆਰ ਦਾ ਸੰਦੇਸ਼ ਦਿੰਦੇ ਹਨ।” ਵਗੈਰਾ ਵਗੈਰਾ…. ਉੱਥੇ ਜੇਕਰ ਡੂੰਘਾਈ ਨਾਲ ਸੋਚੀਏ ਤਾਂ ਦੋਸਤਾਂ ਰਿਸ਼ਤੇਦਾਰਾਂ ਜਾਂ ਆਪਣੇ ਪਰਿਵਾਰਾਂ ‘ਚ ਬੈਠ ਕੇ ਜਾਂ ਵੰਡ ਕੇ ਖੁਸ਼ੀ ਮਨਾਉਣ ਲਈ ਵਰਤੀਆਂ ਜਾਂਦੀਆਂ ਮਿਲਾਵਟੀ ਖੋਏ ਵਾਲੀਆਂ ‘ਜਾਨ ਦਾ ਖੌਅ’ ਮਠਿਆਈਆਂ ਨਾਲ ਅਸੀਂ ਕਿਹੜਾ ਪਿਆਰ ਵਧਾ ਲਵਾਂਗੇ ਜਾਂ ਕਿਹੜਾ ਮਿਲਵਰਤਨ ਪੈਦਾ ਕਰ ਲਵਾਂਗੇ?……. ਕਿਹੜਾ ਖਾਧ ਪਦਾਰਥ ਹੈ ਜਿਹੜਾ ਮਿਲਾਵਟ ਤੋਂ ਨਿਰਲੇਪ ਰਹਿ ਗਿਆ ਹੋਵੇਗਾ? ਬਾਕੀ ਰਹਿੰਦੀ ਖੂੰਹਦੀ ਕਸਰ ਅਸੀਂ ਖ਼ੁਦ ਕੱਢ ਲੈਂਦੇ ਹਾਂ, ਪਟਾਖਿਆਂ ਆਤਿਸ਼ਬਾਜ਼ੀਆਂ ਦੀ ਗਰਦਾਗੋਰ ਕਰਕੇ। ਇਹਨਾਂ ਸਤਰਾਂ ਨੂੰ ਸਿਰਫ ਦੀਵਾਲੀ ਨਾਲ ਜੋੜ ਕੇ ਵੀ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਆਧੁਨਿਕੀਕਰਨ ਦੇ ਅਜੋਕੇ ਮਾਹੌਲ ‘ਚ ਹਰ ਦਿਨ ਹੀ ਤਿਉਹਾਰ ਹੈ ਅਤੇ ਅਸੀਂ ਇੱਕ ਮਨੁੱਖ ਵੱਲੋਂ ਦੂਜੇ ਦੀ ਕਿਸੇ ਨਾ ਕਿਸੇ ਢੰਗ ਨਾਲ ਲੁੱਟ ਕਰਨ ਦੇ ਮਨਸ਼ੇ ਅਤੇ ਆਪਣੀ ਜੇਬ ਭਰਨ ਦੀ ਸੋਚ ਦੇ ਸਿ਼ਕਾਰ ਜਰੂਰ ਹੁੰਦੇ ਹਾਂ। ਸਾਦਗੀ ਵਰਗਾ ‘ਗਹਿਣਾ’ ਅਸੀਂ ਆਪਣੀ ਜਿ਼ੰਦਗੀ ਵਿੱਚੋਂ ਮਨਫ਼ੀ ਕਰ ਦਿੱਤਾ ਹੋਣ ਕਰਕੇ ਅਸੀਂ ਦੀਵਾਲੀ ਨੂੰ ਤਾਂ ਪ੍ਰਦੂਸ਼ਣ ਫੈਲਾਉਂਦੇ ਹੀ ਹਾਂ ਸਗੋਂ ਕਿਸੇ ਵੀ ਧਾਰਮਿਕ ਗੁਰੂ ਸਾਹਿਬਾਨਾਂ ਦੇ ਪੁਰਬ, ਕੋਈ ਵੀ ਤਿਉਹਾਰ ‘ਸੁੱਕਾ’ ਨਹੀਂ ਲੰਘਣ ਦਿੰਦੇ ਜਿਸ ਵਿੱਚ ‘ਠਾਹ-ਠੂਹ’ ਕਰਕੇ ਆਪਣੀ ਜਾਅਲੀ ਖੁਸ਼ੀ ਦਾ ਇਜ਼ਹਾਰ ਨਾ ਕਰਦੇ ਹੋਈਏ। ਜਿਸਦੀ ਉਦਾਹਰਨ ਹਰ ਪਿੰਡ-ਸ਼ਹਿਰ ‘ਚ ਕੱਢੇ ਜਾਂਦੇ ਨਗਰ ਕੀਰਤਨਾਂ ਅੱਗੇ ਲੋਹੇ ਦੀ ਪਾਈਪਨੁਮਾ ‘ਸਟੇਨਗੰਨਾਂ’ ‘ਚ ਤੁੰਨ-ਤੁੰਨ ਕੇ ਚਲਾਏ ਜਾਂਦੇ ਕੰਨ-ਪਾੜੂ ਪਟਾਕਿਆਂ ਤੋਂ ਲਈ ਜਾ ਸਕਦੀ ਹੈ। ਇੱਥੋਂ ਤੱਕ ਕਿ ਅਸੀਂ ਤਾਂ ਆਪਣੇ ਜਾਂ ਬੱਚਿਆਂ ਦੇ ਜਨਮਦਿਨ ਮੌਕੇ ਵੀ ਪਟਾਖੇ ਚਲਾ ਕੇ ਬੱਚਿਆਂ ਨੂੰ ਵੀ ਉਸੇ ਰਾਹ ਤੁਰਨ ਦੇ ਖ਼ੁਦ ਪੂਰਨੇ ਪਾ ਪਾ ਦੇਈ ਜਾ ਰਹੇ ਹਾਂ। ਬੇਸ਼ੱਕ ਸਾਲ ਦੇ ਬਾਕੀ ਦਿਨਾਂ ‘ਚ ਮਠਿਆਈ ਨੂੰ ‘ਸੂਗਰ’ ਦੇ ਡਰੋਂ ਮੂੰਹ ਵੀ ਨਾ ਲਾਈਏ ਪਰ ਤਿਉਹਾਰਾਂ ਦੇ ਦਿਨਾਂ ‘ਚ ਕਮਲੇ ਹੋ ਹੋ ਕੇ ਖਰੀਦਦੇ ਹਾਂ ਜਦੋਂ ਕਿ ਅਖ਼ਬਾਰਾਂ ਰਾਹੀਂ ਸੈਂਕੜੇ ਟਨਾਂ ਫੜ੍ਹੇ ਜਾਂਦੇ ਜਾਅਲੀ ਖੋਏ ਦੀਆਂ ਖ਼ਬਰਾਂ ਵੀ ਅਸੀਂ ਹੀ ਪੜ੍ਹਦੇ ਹਾਂ।
ਪੰਜਾਬ ਨੂੰ ਗੁਰਾਂ ਦੇ ਨਾਂ ‘ਤੇ ਵਸਦਾ ਹੋਣ ਦੇ ਪ੍ਰਚਾਰ ਦੀਆਂ ਗੱਲਾਂ ਬਹੁਤ ਸੁਣੀਆਂ ਹਨ ਪਰ ਹੁਣ ਪੰਜਾਬ ਨੂੰ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਅੱਖੋਂ-ਪ੍ਰੋਖੇ ਕਰਦਿਆਂ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਾਂ। ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਵੇਰ ਵੇਲੇ ਕੁਦਰਤ ਦਾ ਸਤਿਕਾਰ ਕਰਦਿਆਂ ਉੱਚੀ ਆਵਾਜ਼ ਵਿੱਚ ਗੁਰੂਘਰਾਂ ਦੇ ਸਪੀਕਰ ਲਾਉਣ ਦੀ ਮਨਾਹੀ ਵਾਲੇ ਹੁਕਮਨਾਮੇ ਦੀ ਅਣਦੇਖੀ ਕਰਕੇ ਉਹਨਾਂ ਸਪੀਕਰਾਂ ਰਾਹੀਂ ਹੀ “ਬਲਿਹਾਰੀ ਕੁਦਰਤਿ ਵਸਿਆ।।” ਪੜ੍ਹ ਸੁਣ ਰਹੇ ਹੁੰਦੇ ਹਾਂ। ਪਿਛਲੇ ਸਾਲ ਖੁਸ਼ੀ ਹੋਈ ਸੀ ਜਦੋਂ ਸਿੱਖਾਂ ਦੇ ‘ਜਿੰਦਾ ਸ਼ਹੀਦ’ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਇੱਕ ਚਿੱਠੀ ਰਾਹੀਂ ਦੀਵਾਲੀ ਦਾ ਤਿਉਹਾਰ (ਬੰਦੀ ਛੋੜ ਦਿਵਸ) ਸ੍ਰੀ ਹਰਮੰਦਰ ਸਾਹਿਬ ਵਿਖੇ ਬਿਨਾਂ ਆਤਿਸ਼ਬਾਜ਼ੀ ਤੋਂ ਮਨਾਉਣ ਦੀ ਅਪੀਲ ਕੀਤੀ ਸੀ ਪਰ ਉਸ ਨਾਲੋਂ ਵੀ ਵੱਧ ਹੈਰਾਨੀ ਹੋਈ ਜਦੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ: ਅਵਤਾਰ ਸਿੰਘ ਮੱਕੜ ਨੇ ਕੌਮ ਦੇ ਜਿੰਦਾ ਸ਼ਹੀਦ ਨੂੰ ‘ਵਿਅਕਤੀ ਵਿਸ਼ੇਸ਼’ ਦੱਸਦਿਆਂ ਆਤਿਸ਼ਬਾਜੀ ਕਰਨ ਨੂੰ ਗੁਰੂਕਾਲ ਤੋਂ ਚਲਦੀ ਆ ਰਹੀ ਮਰਿਆਦਾ ਤੇ ਪਰੰਪਰਾ ਨਾਲ ਜੋੜ ਧਰਿਆ। ਜੇ ਅਜੋਕੇ ਹਾਲਾਤਾਂ ‘ਚ ਨਜ਼ਰ ਮਾਰੀਏ ਤਾਂ ਪੰਜਾਬ ਸਾਹ, ਦਮਾ, ਕੈਂਸਰ ਅਤੇ ਪ੍ਰਦੂਸ਼ਣ ਨਾਲ ਫੈਲਦੀਆਂ ਹੋਰ ਵੀ ਅਣਗਿਣਤ ਬੀਮਾਰੀਆਂ ਨਾਲ ਜੂਝ ਰਿਹਾ ਹੈ ਉੱਥੇ ਕੀ ਕੁਦਰਤ ਨੂੰ ਪਲ ਪਲ ਵਡਿਆਉਣ ਵਾਲੀ ਬਾਣੀ ਦਾ ਓਟ ਆਸਰਾ ਲੈਣ ਵਾਲੇ ਸਿੱਖਾਂ ਦੇ ਆਗੂ ਖੁਸ਼ੀ ਦੇ ਨਾਂ ‘ਤੇ ਪ੍ਰਦੂਸ਼ਣ ਫੈਲਾਉਣ ਨੂੰ ਹੀ ਮਰਿਆਦਾ ਸਮਝ ਰਹੇ ਹਨ? ਕੀ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਮਰਦੇ ਦੇ ਮੂੰਹ ‘ਚ ਸਿਆਣਪ ਦਾ ਪਾਣੀ ਨਾ ਪਾਇਓ ਸਗੋਂ ਤੇਜ਼ਾਬ ਦੀਆਂ ਬੂੰਦਾਂ ਪਾਇਓ? ਕੀ ਇਹੀ ਸਾਡੀ ਪਰੰਪਰਾ ਹੈ?…ਕੀ ਇਹੀ ਸਾਡੀ ਮਰਿਆਦਾ ਹੈ? ਜੇ ਅਸੀਂ ਸਿੱਖੀ ਦੇ ਧੁਰੇ ਸ੍ਰੀ ਹਰਮੰਦਰ ਸਾਹਿਬ ਤੋਂ ਹੀ ਸਮੇਂ ਦੇ ਹਾਣ ਦੇ ਹੋ ਕੇ ਚੱਲਣ ਦੀ ਕਿਸੇ ‘ਨਵੀਂ ਮਰਿਆਦਾ’ ਜਾਂ ‘ਹੁਕਮਨਾਮੇ’ ਦੀ ਆਸ ਨਹੀਂ ਰੱਖ ਸਕਦੇ ਤਾਂ ਫਿਰ ਕਿਵੇਂ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਵਿਗਿਆਨਕ ਹੈ? ਜੇ ਸਚਮੁੱਚ ਹੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਸ਼ਬਦ ਗੁਰੂ’ ਮੰਨ ਕੇ ਹੁਕਮਨਾਮਿਆਂ ਦਾ ਪਾਲਣ ਕਰਦੇ ਹਾਂ ਤਾਂ ਫਿਰ ਮਨੁੱਖਤਾ ਦੇ ਭਲੇ ਨਾਲ ਜੁੜੀ ਇਸ ਪ੍ਰਦੂਸ਼ਣ ਵਰਗੀ ਅਲਾਮਤ ਨੂੰ ਕਿਸੇ ਪਰੰਪਰਾ ਜਾਂ ਮਰਿਆਦਾ ਨਾਲ ਜੋੜ ਕੇ ਕਿਸ ‘ਗੁਰੂ’ ਦੀ ਆਗਿਆ ਦਾ ਪਾਲਣ ਕਰ ਰਹੇ ਹਾਂ?
ਦੂਜੀ ਗੱਲ ਸੋਚਣ ਵਾਲੀ ਇਹ ਹੈ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਨਿਯਮ ਜਾਂ ਕਾਨੂੰਨ ਤਾਂ ਬਣਾਏ ਜਾਂਦੇ ਹਨ ਪਰ ਉਹਨਾਂ ਨੂੰ ਅਮਲ ਵਿੱਚ ਲਿਆਉਣ ਦੇ ਰਾਹ ‘ਚ ਗਾਂਧੀ ਜੀ ਦੀ ਫੋਟੋ ਵਾਲੇ ਨੋਟ ਸਭ ਤੋਂ ਵੱਡਾ ਅੜਿੱਕਾ ਬਣਦੇ ਹਨ। ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਲੋਕਾਂ ਨੂੰ ਫੜ੍ਹਨ ਦੀਆਂ ਖ਼ਬਰਾਂ ਤਾਂ ਨਸ਼ਰ ਹੁੰਦੀਆਂ ਪੜ੍ਹ ਲੈਂਦੇ ਹਾਂ ਪਰ ਉਹਨਾਂ ਲੋਕਾਂ ਨੂੰ ਮਿਲੀ ਸਜ਼ਾ ਦੂਜਿਆਂ ਲਈ ਸਬਕ ਬਣੇ…ਇਹ ਖ਼ਬਰਾਂ ਹਮੇਸ਼ਾ ਦੀ ਤਰ੍ਹਾਂ ਮਨਫ਼ੀ ਹੀ ਰਹਿੰਦੀਆਂ ਹਨ। ਸਰਕਾਰੀ ਅਮਲੇ ਤਿਉਹਾਰਾਂ ਦੇ ਦਿਨਾਂ ਨੂੰ ਛੱਡ ਕੇ ਬਾਕੀ ਸਾਰਾ ਸਾਲ ਖਾਧ ਪਦਾਰਥਾਂ ‘ਚ ਹੁੰਦੀ ਮਿਲਾਵਟਖੋਰੀ ਬਾਰੇ ਅੱਖਾਂ ਮੁੰਦੀ ਰੱਖਦੇ ਹਨ ਅਤੇ ਤਿਉਹਾਰਾਂ ਦੇ ਦਿਨਾਂ ‘ਚ ਅਜਿਹੇ ਹਰਕਤ ‘ਚ ਆਉਂਦੇ ਹਨ ਕਿ ਤੌਬਾ ਤੌਬਾ ਕਰਵਾ ਛੱਡਦੇ ਹਨ। ਇਸ ਤਰ੍ਹਾਂ ਦੀ “ਵੇਹੜੇ ਆਈ ਜੰਨ, ਵਿੰਨੋ ਕੁੜੀ ਦੇ ਕੰਨ” ਵਰਗੀ ਕਾਰਵਾਈ ਕਿਤੇ ਆਪਣੇ ਅਹੁਦਿਆਂ ਦਾ ਮੁੱਲ ਪੁਆਉਣ ਲਈ ਤਾਂ ਨਹੀਂ ਵਰਤਿਆ ਜਾਂਦਾ? ਇਹ ਸਵਾਲ ਆਮ ਲੋਕਾਂ ਦੇ ਜਿ਼ਹਨ ‘ਚ ਘੁੰਮਦੇ ਰਹਿੰਦੇ ਹਨ। ਜਿੱਥੇ ਸਰਕਾਰਾਂ ਅਤੇ ਸਰਕਾਰੀ ਅਮਲਿਆਂ ਨੂੰ ਇਹਨਾਂ ਸਮਾਜਿਕ ਬੁਰਾਈਆਂ ਖਿਲਾਫ ਨਿੱਜੀ ਦਖਲ ਦੇ ਕੇ ਇਮਾਨਦਾਰੀ ਨਾਲ ਆਪਣਾ ਫ਼ਰਜ਼ ਨਿਭਾਉਣਾ ਪਵੇਗਾ ਉੱਥੇ ਆਮ ਨਾਗਰਿਕ ਨੂੰ ਵੀ ਸਾਦਗੀ ਦਾ ਪੱਲਾ ਫੜ੍ਹਿਆਂ ਹੀ ਕਿਸੇ ਸਾਰਥਿਕ ਹੱਲ ਵੱਲ ਨੂੰ ਜਾਂਦੇ ਰਾਹ ਦਾ ਸਿਰਨਾਵਾਂ ਲੱਭਣਾ ਪਵੇਗਾ।