ਲੁਧਿਆਣਾ – ਕੌਮੀ ਪੱਧਰ ਦੀ ਖੇਤੀ ਵਿਗਿਆਨ ਸੰਸਥਾ ਠਨਾਸੂ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ ਖੇਤੀਬਾੜੀ ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਦੇ ਲਈ ਮਾਣਮੱਤੇ ਡਾ. ਬੀ.ਪੀ. ਪਾਲ ਯਾਦਗਾਰੀ ਐਵਾਰਡ ਲਈ ਚੁਣਿਆ ਗਿਆ ਹੈ । ਇਸ ਸਨਮਾਨ ਤਹਿਤ ਡਾ. ਢਿੱਲੋਂ ਨੂੰ ਇੱਕ ਗੋਲਡ ਮੈਡਲ, ਪ੍ਰਸ਼ੰਸਾ ਪੱਤਰ ਦੇ ਨਾਲ 2 ਲੱਖ ਰੁਪੈ ਦੀ ਨਗਦ ਰਾਸ਼ੀ ਵੀ ਦਿੱਤੀ ਜਾਵੇਗੀ । ਇਸ ਸਨਮਾਨ ਸਦਕਾ ਡਾ. ਢਿੱਲੋਂ ਉਹਨਾਂ ਉਘੀਆਂ ਸ਼ਖਸੀਅਤਾਂ ਦੀ ਕਤਾਰ ਵਿੱਚ ਆ ਜਾਣਗੇ ਜਿਹਨਾਂ ਵਿੱਚ ਡਾ. ਵਰਗਿਸ ਕੁਰੀਅਨ, ਡਾ. ਐਮ ਐਸ ਸਵਾਮੀਨਾਥਨ, ਡਾ. ਜੀ.ਐਸ. ਖੁਸ਼, ਡਾ. ਐਚ.ਕੇ. ਜੈਨ, ਡਾ. ਆਰ. ਐਸ. ਪੜੋਦਾ, ਡਾ. ਵੀ.ਐਲ ਚੋਪੜਾ ਅਤੇ ਡਾ. ਐਸ. ਅਯੱਪਣ ਸ਼ਾਮਲ ਹਨ । ਸੂਬੇ ਦੀ ਕਿਸੇ ਵੀ ਯੂਨੀਵਰਸਿਟੀ ਵਿੱਚੋਂ ਇਹ ਆਪਣੇ-ਆਪ ਵਿੱਚ ਪਹਿਲਾ ਸਨਮਾਨ ਹੈ ਜੋ ਕਿ ਡਾ. ਢਿੱਲੋਂ ਨੂੰ ਮਿਲਿਆ ਹੈ ।
ਆਪਣੇ ਵਿਲੱਖਣ ਅਕਾਦਮਿਕ ਰਿਕਾਰਡ ਤੋਂ ਇਲਾਵਾ ਡਾ. ਢਿੱਲੋਂ ਨੂੰ ਜਰਮਨੀ ਦੀ ਉਘੀ ਫੈਲੋਸ਼ਿਪ (ਦਾਦ), ਅਲੈਗਜੈਂਡਰ ਵੋਨ ਹਮਬੋਲਟ ਫੈਲੋਸ਼ਿਪ ਅਤੇ ਅਲੈਗਜੈਂਡਰ ਵੋਨ ਹਮਬੋਲਟ ਯੂਰਪੀਅਨ ਫੈਲੋਸ਼ਿਪ ਹਾਸਲ ਕਰਨ ਦਾ ਮਾਣ ਵੀ ਪ੍ਰਾਪਤ ਹੈ । ਇਹਨਾਂ ਫੈਲੋਸ਼ਿਪ ਦੌਰਾਨ ਡਾ. ਢਿੱਲੋਂ ਨੇ ਜਰਮਨੀ ਦੀ ਹੋਨੇਇਉਸ ਯੂਨੀਵਰਸਿਟੀ ਅਤੇ ਇੰਗਲੈਂਡ ਦੀ ਬਰਮਿੰਘਮ ਯੂਨੀਵਰਸਿਟੀ ਵਿੱਚ ਖੋਜ ਕੰਮ ਕੀਤਾ। ਡਾ. ਢਿੱਲੋਂ ਮੈਕਸੀਕੋ ਵਿਖੇ ਸਥਿਤ ਕੌਮਾਂਤਰੀ ਪੱਧਰ ਦੇ ਮੱਕੀ ਅਤੇ ਕਣਕ ਦੇ ਸੁਧਾਰ ਕੇਂਦਰ ‘ਸਿਮਟ ਵਿਖੇ ਵੀ ਸਹਿਯੋਗੀ ਵਿਗਿਆਨੀ ਵਜੋਂ ਆਪਣੀ ਵੱਡਮੁੱਲੀ ਭੂਮਿਕਾ ਨਿਭਾ ਚੁੱਕੇ ਹਨ। ਉਹਨਾਂ ਨੂੰ ਵਿਦੇਸ਼ਾਂ ਵਿੱਚ ਸੇਵਾ ਕਰਨ ਦਾ 10 ਸਾਲ ਦਾ ਅਤੇ ਕੌਮੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈ ਸੀ ਏ ਆਰ) ਵਿੱਚ 8 ਸਾਲ ਦਾ ਮਾਣ ਪ੍ਰਾਪਤ ਹੈ ।
ਇੱਕ ਚੰਗੇ ਮੱਕੀ ਵਿਗਿਆਨੀ ਵਜੋਂ ਡਾ. ਢਿੱਲੋਂ ਨੇ ਅਨੇਕਾਂ ਉਪਲੱਬਧੀਆਂ ਹਾਸਲ ਕੀਤੀਆਂ ਅਤੇ ਉਹਨਾਂ ਨੂੰ ਭਾਰਤ ਦੀ ਪਹਿਲੀ ਸਿੰਗਲ ਕਰਾਸ ਮੱਕੀ ਦੀ ਦੋਗਲੀ ਕਿਸਮ ਵਿਕਸਤ ਕਰਨ ਦਾ ਮਾਣ ਵੀ ਪ੍ਰਾਪਤ ਹੈ । ਉਹਨਾਂ ਵੱਲੋਂ ਤਿਆਰ ਮੱਕੀ ਦੇ ਜ਼ਰਮਪਲਾਜ਼ਮ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਦੂਜੇ ਮੁਲਕਾਂ ਵਿੱਚ ਵੀ ਖੋਜ ਲਈ ਵਰਤਿਆ ਜਾਂਦਾ ਹੈ ।
ਡਾ. ਢਿੱਲੋਂ ਕੌਮੀ ਪੱਧਰ ਦੇ ਪੌਦ ਜ਼ਰਮ ਪਲਾਜ਼ਮ ਦੇ ਅਦਾਰੇ ਦੇ ਨਿਰਦੇਸ਼ਕ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ । ਉਹਨਾਂ ਵੱਲੋਂ ਇਸ ਅਦਾਰੇ ਵਿੱਚ ਪਾਏ ਚੰਗੇ ਯੋਗਦਾਨ ਕਾਰਨ ਇਹ ਅਦਾਰਾ ਦੁਨੀਆਂ ਵਿੱਚ ਜ਼ਰਮ ਪਲਾਜ਼ਮ ਦੀ ਸਾਂਭ ਸੰਭਾਲ ਤਿਆਰ ਕਰਨ ਵਿੱਚ ਤੀਜੇ ਨੰਬਰ ਤੇ ਸਥਾਨ ਬਣਾ ਚੁੱਕਾ ਹੈ ।
ਡਾ. ਢਿੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣਨ ਤੋਂ ਪਹਿਲਾਂ ਬਤੌਰ ਨਿਰਦੇਸ਼ਕ ਖੋਜ ਵੀ ਸੇਵਾਵਾਂ ਨਿਭਾ ਚੁੱਕੇ ਹਨ ਜਿਨਾਂ ਦੇ ਦਿਸ਼ਾ ਨਿਰਦੇਸ਼ ਅਧੀਨ ਕੁਦਰਤੀ ਸੋਮਿਆਂ ਦੀ ਸੰਜਮ ਨਾਲ ਵਰਤੋਂ ਅਤੇ ਉਹਨਾਂ ਦੀ ਸਾਂਭ ਸੰਭਾਲ ਲਈ ਤਕਨੀਕਾਂ, ਨੈਨੋ ਤਕਨਾਲੌਜੀ, ਫੂਡ ਪ੍ਰੋਸੈਸਿੰਗ, ਬਾਇਓ ਐਨਰਜ਼ੀ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਦੀ ਸਾਂਭ ਸੰਭਾਲ ਨੂੰ ਚੰਗਾ ਹੁਲਾਰਾ ਮਿਲਿਆ । ਖੇਤੀ ਵਿਭਿੰਨਤਾ ਨੂੰ ਪ੍ਰਫੁੱਲਤ ਕਰਨ ਲਈ ਮੱਕੀ, ਬਾਸਮਤੀ, ਬੀ ਟੀ ਨਰਮਾ, ਮੂੰਗੀ, ਅਰਹਰ, ਕਿੰਨੂ, ਆਲੂ ਅਤੇ ਹੋਰ ਫ਼ਲਾਂ ਅਤੇ ਸਬਜ਼ੀਆਂ ਦੀ ਖੋਜ ਨੂੰ ਉਤਸ਼ਾਹਿਤ ਕੀਤਾ ਗਿਆ । ਉਹਨਾਂ ਵੱਲੋਂ ਬੀਜ, ਫੂਡ ਪ੍ਰੋਸੈਸਿੰਗ ਅਤੇ ਖੇਤੀ ਮਸ਼ੀਨਰੀ ਦੇ ਖੇਤਰ ਵਿੱਚ ਦੇਸ਼ ਦੀਆਂ ਨਾਮੀ ਉਦਯੋਗਿਕ ਇਕਾਈਆਂ ਦੇ ਨਾਲ ਸੰਬੰਧ ਮਜ਼ਬੂਤ ਕੀਤਾ ਗਿਆ । ਉਹਨਾਂ ਦੀ ਅਗਵਾਈ ਹੇਠ ਬੀਜ ਰਹਿਤ ਕਿੰਨੂ ਵੀ ਤਿਆਰ ਕੀਤਾ ਗਿਆ।
ਇਸ ਤੋਂ ਪਹਿਲਾਂ ਡਾ. ਢਿੱਲੋਂ ਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਮਾਨਾਂ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ । ਇਹਨਾਂ ਵਿੱਚੋਂ ਰਫ਼ੀ ਅਹਿਮਦ ਕਿਦਵਈ ਯਾਦਗਾਰੀ ਪੁਰਸਕਾਰ, ਨੈਸ਼ਨਲ ਅਕੈਡਮੀ ਵੱਲੋਂ ਸਨਮਾਨ, ਵਿਗਿਆਨ ਅਤੇ ਤਕਨਾਲੌਜੀ ਲਈ ਓਮ ਪ੍ਰਕਾਸ਼ ਭਸੀਨ ਅਵਾਰਡ, ਭਾਰਤ ਦੇ ਸਾਇੰਸ ਅਤੇ ਤਕਨਾਲੌਜੀ ਵਿਭਾਗ ਵੱਲੋਂ ਪ੍ਰਦਾਨ ਕੀਤਾ । ਜੇ.ਸੀ. ਬੋਸ, ਕੌਮੀ ਫੈਲੋਸ਼ਿਪ ਅਤੇ ਆਈ ਸੀ ਏ ਆਰ ਵੱਲੋਂ ਗੋਲਡ ਮੈਡਲ ਆਦਿ ਪ੍ਰਮੁੱਖ ਹਨ । ਡਾ. ਢਿੱਲੋਂ ਕੌਮੀ ਵਿਗਿਆਨ ਅਕੈਡਮੀ, ਕੌਮੀ ਖੇਤੀਬਾੜੀ ਵਿਗਿਆਨ ਅਕੈਡਮੀ ਤੋਂ ਇਲਾਵਾ ਕਈ ਨਾਮੀ ਜਥੇਬੰਦੀਆਂ ਦੇ ਫੈਲੋ ਵੀ ਨਿਯੁਕਤ ਕੀਤੇ ਗਏ ਹਨ । ਡਾ. ਢਿੱਲੋਂ ਨੂੰ ਜਰਮਨੀ, ਇਟਲੀ, ਅਮਰੀਕਾ, ਜਪਾਨ/ਫਿਲਪਾਈਨਜ਼ ਦੇਸਾਂ ਤੋਂ ਛਪਦੇ ਵੱਖ ਵੱਖ ਵਿਗਿਆਨਿਕ ਜਰਨਲਾਂ ਦੇ ਸੰਪਾਦਕੀ ਬੋਰਡ ਵਿੱਚ ਸ਼ਾਮਲ ਹੋਣ ਦਾ ਮਾਣ ਵੀ ਪ੍ਰਾਪਤ ਹੈ । ਉਹਨਾਂ ਵੱਲੋਂ ਹੁਣ ਤੱਕ 350 ਖੋਜ ਪੱਤਰ ਦੇ ਨਾਲ ਨਾਲ ਇਸ ਖੇਤਰ ਵਿੱਚ 27 ਕਿਤਾਬਾਂ/ਕਿਤਾਬਚੇ ਵੀ ਜਾਰੀ ਕੀਤੇ ਜਾ ਚੁੱਕੇ ਹਨ।