ਅੰਮ੍ਰਿਤਸਰ-ਬੈਲਜੀਅਮ ਸਰਕਾਰ ਵੱਲੋਂ ਬਰੱਸਲਜ਼ ਦੇ ਗੁਰਦੁਆਰਾ ਸਾਹਿਬ ਨੂੰ ਇਹ ਕਹਿ ਕੇ ਬੰਦ ਕਰਨਾ ਕਿ ਇਥੇ ਨਜਾਇਜ਼ ਵਿਅਕਤੀ ਆ ਕੇ ਠਹਿਰਦੇ ਤੇ ਲੰਗਰ ਛੱਕਦੇ ਹਨ ਵਾਲੇ ਫੈਸਲੇ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਤਿ ਮੰਦਭਾਗਾ ਕਰਾਰ ਦੇਂਦਿਆਂ ਬੈਲਜੀਅਮ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਆਸਥਾ ਦੇ ਅਸਥਾਨ ਨੂੰ ਬੰਦ ਕਰਨ ਦੀ ਬਜਾਏ ਆਪਣੀ ਸਰਹੱਦ ਤੇ ਚੌਕਸੀ ਵਧਾਏ।
ਇਥੋਂ ਜਾਰੀ ਪ੍ਰੈਸ ਨੋਟ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਗੁਰਦੁਆਰਾ ਸਾਹਿਬਾਨ ਦੇ ਦਰਵਾਜ਼ੇ ਹਰੇਕ ਸ਼ਰਧਾਵਾਨ ਲਈ ਸਦਾ ਖੁੱਲ੍ਹੇ ਹਨ ਤੇ ਕੋਈ ਵੀ ਗੁਰੂ-ਘਰ ‘ਚ ਦਰਸ਼ਨ ਕਰਨ ਲਈ ਆ ਸਕਦਾ ਹੈ। ਗੁਰੂ-ਘਰ ਆਉਣ ਵਾਲੇ ਕਿਸੇ ਵੀ ਵਿਅਕਤੀ ਦੇ ਕਾਗਜ਼ ਪੱਤਰ ਚੈੱਕ ਕਰਨੇ ਗੁਰੂ-ਘਰਾਂ ਦੇ ਪ੍ਰਬੰਧਕਾਂ ਦਾ ਕੰਮ ਨਹੀਂ। ਜਿਥੋਂ ਤੀਕ ਲੰਗਰ ਛਕਾਉਣ ਦਾ ਸਵਾਲ ਹੈ ਇਹ ਪ੍ਰਥਾ ਕਿਸੇ ਵਿਅਕਤੀ ਵੱਲੋਂ ਨਹੀਂ, ਬਲਕਿ ਸਿੱਖ ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤੀ ਗਈ ਹੈ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਇਹ ਲੰਗਰ ਪ੍ਰਥਾ ਉਦੋਂ ਤੋਂ ਹੀ ਹਰੇਕ ਗੁਰਦੁਆਰਾ ਸਾਹਿਬ ਵਿੱਚ ਬਕਾਇਦਾ ਲਾਗੂ ਹੈ ਤੇ ਕੋਈ ਵੀ ਮੱਥਾ ਟੇਕਣ ਆਇਆ ਸ਼ਰਧਾਲੂ ਲੰਗਰ ‘ਚ ਬੈਠ ਕੇ ਪ੍ਰਸ਼ਾਦਾ ਛੱਕ ਸਕਦਾ ਹੈ।ਜੇਕਰ ਸਰਕਾਰ ਨੂੰ ਕੋਈ ਸ਼ੱਕ ਹੈ ਤਾਂ ਆਪਣੀ ਚੌਕਸੀ ਵਧਾਏ ਨਾ ਕਿ ਗੁਰਦੁਆਰਾ ਸਾਹਿਬ ਬੰਦ ਕਰਕੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਣ ਤੋਂ ਰੋਕੇ। ਉਨ੍ਹਾਂ ਬੈਲਜੀਅਮ ਸਰਕਾਰ ਨੂੰ ਜੋਰ ਦੇ ਕੇ ਕਿਹਾ ਕਿ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰਖਦੇ ਹੋਏ ਬੰਦ ਕੀਤੇ ਗੁਰਦੁਆਰਾ ਸਾਹਿਬ ਨੂੰ ਤੁਰੰਤ ਖੋਲਿਆ ਜਾਵੇ।