ਫ਼ਤਹਿਗੜ੍ਹ ਸਾਹਿਬ – “ਬੀਤੇ ਕੁਝ ਦਿਨ ਪਹਿਲੇ ਜਦੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਸਿੱਖੀਂ ਪ੍ਰੰਪਰਾਵਾਂ ਅਤੇ ਨਿਯਮਾਂ ਦੇ ਆਦੇਸ਼ਾਂ ਅਨੁਸਾਰ ਬੀਜੇਪੀ ਦੇ ਸਾਬਕਾ ਸੰਸਦ ਮੈਂਬਰ ਸ. ਨਵਜੋਤ ਸਿੰਘ ਸਿੱਧੂ ਵੱਲੋ ਸਿੱਖੀਂ ਪ੍ਰੰਪਰਾਵਾਂ ਤੇ ਨਿਯਮਾਂ ਦੀ ਉਲੰਘਣਾਂ ਕਰਦੇ ਹੋਏ “ਹਵਨ” ਕਰਵਾਏ ਗਏ ਸੀ ਤਾਂ ਜਥੇਦਾਰ ਸਾਹਿਬਾਨ ਨੇ ਸ. ਸਿੱਧੂ ਨੂੰ ਅਜਿਹਾ ਕਰਨ ਦੀ ਬਦੌਲਤ ਸਥਿਤੀ ਸਪੱਸ਼ਟ ਕਰਨ ਲਈ ਆਖਿਆ ਸੀ ਤਾਂ ਫਿਰਕੂ ਅਤੇ ਮੁਤੱਸਵੀ ਸੋਚ ਦੀ ਮਾਲਕ ਬੀਬੀ ਲਕਸ਼ਮੀਕਾਂਤਾ ਚਾਵਲਾ ਨੇ ਜਥੇਦਾਰ ਵੱਲੋ ਕੀਤੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਜਥੇਦਾਰ ਸਾਹਿਬ ਸ. ਸਿੱਧੂ ਵਿਰੁੱਧ ਅਜਿਹੀ ਕੋਈ ਕਾਰਵਾਈ ਨਹੀਂ ਕਰ ਸਕਦੇ । ਬੀਬੀ ਚਾਵਲਾ ਦੇ ਇਹ ਅਮਲ ਸਿੱਖ ਕੌਮ ਦੀ ਸਰਬਉੱਚ ਮਹਾਨ ਸੰਸਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖੀ ਵਿਚ ਸਿੱਧੀ ਦਖਲ ਅੰਦਾਜੀ ਕਰਨ ਦੇ ਤੁੱਲ ਅਮਲ ਹਨ । ਜਿਸ ਨੂੰ ਸਿੱਖ ਕੌਮ ਕਤਈ ਬਰਦਾਸ਼ਤ ਨਹੀਂ ਕਰੇਗੀ । ਸ. ਨਵਜੋਤ ਸਿੰਘ ਸਿੱਧੂ ਭਾਵੇ ਫਿਰਕੂ ਤੇ ਮੁਤੱਸਵੀ ਜਮਾਤ ਬੀਜੇਪੀ ਦੇ ਮੈਂਬਰ ਹਨ, ਪਰ ਉਹ ਇਹਨਾਂ ਜਮਾਤਾਂ ਦੇ ਮੈਂਬਰ ਹੋਣ ਤੋ ਪਹਿਲੇ ਉਹ ਇਕ ਸਿੱਖ ਹਨ ਤੇ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਹਨ । ਸਿੱਖ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸ ਗੁਰੂ ਸਾਹਿਬਾਨ ਤੇ ਇਕ ਅਕਾਲ ਪੁਰਖ ਵਿਚ ਵਿਸ਼ਵਾਸ ਰੱਖਦਾ ਹੈ ਤੇ ਹੋਰ ਵਹਿਮਾਂ-ਭਰਮਾਂ ਅਤੇ ਹਵਨ ਕਰਵਾਉਣ ਵਰਗੇ ਕਰਮ ਕਾਂਡਾ ਨਾਲ ਸਿੱਖ ਦਾ ਕੋਈ ਸੰਬੰਧ ਨਹੀਂ ਹੋ ਸਕਦਾ । ਇਸ ਲਈ ਜੇਕਰ ਜਥੇਦਾਰ ਸਾਹਿਬਾਨ ਨੇ ਸ. ਸਿੱਧੂ ਨੂੰ ਕੋਈ ਆਦੇਸ਼ ਜਾਰੀ ਕੀਤਾ ਹੈ ਤਾਂ ਇਹ ਉਹਨਾਂ ਦਾ ਬਤੌਰ ਜਥੇਦਾਰ ਇਹ ਫਰਜ਼ ਵੀ ਹੈ ਕਿ ਸਿੱਖੀ ਪ੍ਰੰਪਰਾਵਾਂ ਤੋਂ ਭਟਕਣ ਵਾਲੇ ਸਿੱਖਾਂ ਨੂੰ ਸਮੇਂ ਨਾਲ ਸੁਚੇਤ ਕਰਦੇ ਹੋਏ ਆਪਣੀ ਜਿੰਮੇਵਾਰੀ ਨਿਭਾਉਣ । ਲਕਸ਼ਮੀਕਾਂਤਾ ਚਾਵਲਾ ਵਰਗੇ ਫਿਰਕੂ ਲੋਕਾਂ ਨੂੰ ਸਿੱਖੀ ਸੰਸਥਾਵਾਂ ਅਤੇ ਸਿੱਖ ਧਰਮ ਵਿਚ ਦਖ਼ਲ ਅੰਦਾਜੀ ਕਰਨ ਦੀ ਬਿਲਕੁਲ ਇਜ਼ਾਜਤ ਨਹੀਂ ਦਿੱਤੀ ਜਾਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਥੇਦਾਰ ਸਾਹਿਬਾਨ ਵੱਲੋ ਸ. ਨਵਜੋਤ ਸਿੰਘ ਸਿੱਧੂ ਸਾਬਕਾ ਐਮ.ਪੀ. ਭਾਜਪਾ ਵਿਰੁੱਧ ਕੀਤੀ ਕਾਰਵਾਈ ਨੂੰ ਸਿੱਖੀ ਨਿਯਮਾਂ ਅਨੁਸਾਰ ਜਿਥੇ ਸਹੀ ਦੱਸਿਆ, ਉਥੇ ਪੰਥ ਵਿਰੋਧੀ ਤਾਕਤਾਂ ਨੂੰ ਸਿੱਖੀ ਵਿਚ ਦਖ਼ਲ ਅੰਦਾਜੀ ਕਰਨ ਤੋ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਬੇਸ਼ੱਕ ਸ. ਸਿੱਧੂ ਵਰਗੇ ਹੋਰ ਕਈ ਸਿੱਖ ਆਪੋ-ਆਪਣੇ ਬਜ਼ੁਰਗਾਂ, ਖ਼ਾਨਦਾਨਾਂ ਦੀ ਲਾਇਨ ਤੋ ਪਰੇ ਹੱਟਕੇ ਬੇਸੱਕ ਫਿਰਕੂ ਜਮਾਤਾਂ ਬੀਜੇਪੀ, ਕਾਂਗਰਸ ਜਾਂ ਹੋਰਨਾਂ ਵਿਚ ਸਿਆਸਤ ਕਰਨ ਲੱਗ ਪਏ ਹੋਣ ਪਰ ਅਜਿਹੇ ਕਿਸੇ ਵੀ ਸਿੱਖ ਨੂੰ ਹਿੰਦੂ ਕਰਮਕਾਂਡ ਕਰਨ ਜਾਂ ਸਿੱਖੀ ਤੋਂ ਮੂੰਹ ਮੋੜਕੇ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਦੇ ਅਮਲ ਬਿਲਕੁਲ ਨਹੀਂ ਕਰਨੇ ਚਾਹੀਦੇ । ਜੋ ਵੀ ਸਿੱਖ ਅਜਿਹੀ ਗੁਸਤਾਖੀ ਕਰੇਗਾ, ਉਸ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਸਿੱਖ ਮਰਿਯਾਦਾਂ ਅਨੁਸਾਰ ਕਾਰਵਾਈ ਹੋਣ ਤੋ ਬੀਬੀ ਚਾਵਲਾ ਵਰਗੇ ਫਿਰਕੂ ਸਿੱਖ ਕੌਮ ਨੂੰ ਕਤਈ ਨਹੀਂ ਰੋਕ ਸਕਣਗੇ । ਉਹਨਾਂ ਬੀਬੀ ਚਾਵਲਾ ਤੇ ਹੋਰ ਅਜਿਹੇ ਫਿਰਕੂਆਂ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਸੂਬੇ ਦਾ ਅੰਨ-ਪਾਣੀ ਖਾ ਪੀਕੇ, ਗੁਰੂਆਂ, ਪੀਰਾਂ, ਫਕੀਰਾਂ ਦੀ ਇਸ ਧਰਤੀ ਤੇ ਪ੍ਰਫੁੱਲਿਤ ਹੋ ਕੇ ਜੇਕਰ ਉਹ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਇਖ਼ਲਾਕੀ, ਸਮਾਜਿਕ ਅਤੇ ਮਨੁੱਖਤਾ ਪ੍ਰਤੀ ਕਦਰਾ-ਕੀਮਤਾ ਦਾ ਘਾਣ ਕਰਕੇ ਕੋਈ ਕਾਰਵਾਈ ਕਰਨਗੇ, ਤਾਂ ਸਿੱਖ ਕੌਮ ਅਜਿਹੀ ਕਿਸੇ ਵੀ ਕਾਰਵਾਈ ਨੂੰ ਕਤਈ ਬਰਦਾਸਤ ਨਹੀਂ ਕਰੇਗੀ ਅਤੇ ਨਾ ਹੀ ਕਿਸੇ ਅਜਿਹੇ ਸਿਰਫਿਰੇ ਨੂੰ ਇਥੇ ਪੰਜਾਬ ਸੂਬੇ ਅਤੇ ਸਿੱਖ ਵਸੋ ਵਾਲੇ ਇਲਾਕਿਆ ਵਿਚ ਬਦਅਮਨੀ ਅਤੇ ਕਾਨੂੰਨੀ ਵਿਵਸਥਾਂ ਨੂੰ ਡਾਵਾ-ਡੋਲ ਕਰਨ ਦੀ ਬਿਲਕੁਲ ਇਜ਼ਾਜਤ ਨਹੀਂ ਦਿੱਤੀ ਜਾਵੇਗੀ । ਇਸ ਲਈ ਇਹ ਫਿਰਕੂ ਜੇਕਰ ਇਥੋ ਦੀ ਆਬੋ-ਹਵਾ ਅਤੇ ਧਾਰਮਿਕ ਫਿਜਾ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਏ ਬਿਨ੍ਹਾਂ ਵਿਚਰਣ ਫਿਰ ਤਾਂ ਬਿਹਤਰ ਹੋਵੇਗਾ, ਵਰਨਾ ਸਿੱਖ ਕੌਮ ਅਜਿਹੇ ਸਿਰਫਿਰਿਆ ਵਿਰੁੱਧ ਆਪਣੀਆਂ ਰਵਾਇਤਾ ਅਨੁਸਾਰ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗੀ । ਜਿਸ ਤੋ ਦੁਨੀਆਂ ਦੀ ਕੋਈ ਵੀ ਤਾਕਤ ਸਾਨੂੰ ਆਪਣੀਆਂ ਪ੍ਰੰਪਰਾਵਾਂ ਉਤੇ ਪਹਿਰਾ ਦੇਣ ਤੋ ਨਹੀਂ ਰੋਕ ਸਕੇਗੀ ।