ਲੁਧਿਆਣਾ (ਪਰਮਜੀਤ ਸਿੰਘ ਬਾਗੜੀਆ) ਇਹ ਕੋਈ ਪਤਾ ਨਹੀਂ ਕਿ ਕਿਸੇ ਮਨੁੱਖ ਵਿਚ ਸੂਖਮ ਭਾਵਨਾਵਾਂ ਕਦੋਂ ਜਾਗ ਜਾਣ ਤੇ ਪ੍ਰਬਲ ਹੁੰਦੀਆਂ ਜਾਣ।ਇਸ ਤਰ੍ਹਾਂ ਮਨੁੱਖ ਵਿਰਾਸਤ ਤੇ ਸੱਭਿਆਚਾਰਕ ਚੇਤਨਾ ਦੀਆਂ ਡੂੰਘਾਈਆਂ ‘ਚੋਂ ਲੰਘਦਾ ਹੋਇਆ ਖੁਰਦੇ ਤੇ ਅਲੋਪ ਹੁੰਦੇ ਜਾਂਦੇ ਸੱਭਿਆਚਾਰਕ ਸਰੋਤਾਂ ਤੇ ਚਿੰਨ੍ਹਾਂ ਨੂੰ ਸੰਭਾਲਣ ਦੀ ਧਾਰ ਲੈਂਦਾ ਹੈ।ਇਹੀ ਗੱਲ ਅਮਰਗੜ੍ਹੀਏ ਨੌਜਵਾਨ ਲਾਡੀ ਗੱਡੇ ਵਾਲੇ ਬਾਰੇ ਜਰੂਰ ਕਹੀ ਜਾ ਸਕਦੀ ਹੈ। ਨਾਂ ਤਾਂ ਵੈਸੇ ਜਸਵੰਤ ਸਿੰਘ ਹੈ ਪਰ ਜਦੋਂ ਦਾ ਉਸਨੇ ਕਬਾੜ ਵਿਚ ਪਏ ਗੱਡੇ ਨੂੰ ਮੁਰੰਮਤ ਕਰਕੇ ਮੁੜ ਸੱਭਿਆਚਾਰਕ ਮੇਲਿਆਂ ਤੇ ਸੱਥਾਂ ਦਾ ਸ਼ਿੰਗਾਰ ਬਣਾਇਆ ਹੈ ਉਦੋਂ ਤੋਂ ਹੀ ਦੇਸ਼ਾਂ ਵਿਦੇਸ਼ਾਂ ਦੇ ਪੰਜਾਬੀ ਉਸਨੂੰ ਲਾਡੀ ਗੱਡੇ ਵਾਲੇ ਦੇ ਨਾਂ ਨਾਲ ਜਾਨਣ ਲੱਗੇ ਹਨ।24 ਜਨਵਰੀ 1966 ਨੂੰ ਮਾਤਾ ਕ੍ਰਿਸ਼ਨਾ ਦੇਵੀ ਦੀ ਕੁੱਖੋਂ ਅਤੇ ਪਿਤਾ ਪੰਡਤ ਸ਼ੁਭਕਰਨ ਦਾਸ ਦੇ ਘਰ ਪੈਦਾ ਹੋਇਆ ਲਾਡੀ ਬਚਪਨ ਤੋਂ ਹੀ ਮਕੈਨਕੀ ਤੇ ਜੁਗਾੜੂ ਪ੍ਰਵਿਰਤੀਆਂ ਦਾ ਮਾਲਕ ਸੀ ਉਸਨੇ ਬਚਪਨ ਵਿਚ ਹੀ ਚੰਡੀਗੜ੍ਹੀਏ ਨੇਕ ਚੰਦ ਵਾਂਗੂ ਟੁੱਟੇ ਭੱਜੇ ਸਮਾਨ ਨਾਲ ਵੱਖ-ਵੱਖ ਕਲਾਕ੍ਰਿਤੀਆਂ ਸਿਰਜਣ ਦੀ ਕੋਸ਼ਿਸ਼ ਕੀਤੀ। ਲਾਡੀ ਨੇ ਅਮਰਗੜ੍ਹ-ਨਾਭਾ ਸੜਕ ਤੇ ਸਥਿਤ ਆਪਣੇ ਘਰ ਦੇ ਇਕ ਖੂੰਜੇ ਵਿਚ ਹੀ ਆਪਣੀ ਇਕ ਵਰਕਸ਼ਾਪ ਬਣਾ ਰੱਖੀ ਹੈ।ਲਾਡੀ ਕਿੱਤੇ ਪੱਖੋਂ ਗੱਡੀ ਵਾਹੁੰਦਾ ਹੈ ਭਾਵ ਟੈਕਸੀ ਚਾਰ ਚਲਾਊਂਦਾ ਹੈ ਤੇ ਸ਼ੌਕ ਪੱਖੋਂ ਬਲਦ ਗੱਡਾ ਸਜਾਊਂਦਾ ਹੈ।
ਲ਼ਾਡੀ ਨੇ ਜਦੋਂ 1944 ਦਾ ਬਣਿਆ ਇਹ ਗੱਡਾ ਇਕ ਕਬਾੜੀਏ ਕੋਲ ਅਤਿ ਖਸਤਾ ਹਾਲਤ ਵਿਚ ਦੇਖਿਆ ਤਾਂ ਉਸਦੀ ਧਾਹ ਨਿਕਲ ਗਈ।ਅਜੇ ਕੁਝ ਸਮਾਂ ਪਹਿਲਾਂ ਹੀ ਖਤਰਨਾਕ ਸੜਕ ਹਾਦਸੇ ਵਿਚੋਂ ਮੌਤ ਦੇ ਮੂੰਹ ‘ਚੋਂ ਵਾਪਸ ਆਇਆ ਲਾਡੀ ਮਹੀਨਿਆਂ ਬੱਧੀ ਆਪਣੇ ਟੈਕਸੀ ਚਲਾਉਣ ਦੇ ਕੰਮ ਨੂੰ ਜਾਰੀ ਨਾ ਰੱਖ ਸਕਿਆ। ਇਸ ਵੇਲੇ ਲਾਡੀ ਨੂੰ ਬੇਰੁਜਗਾਰੀ ਤੇ ਇਲਾਜ ਕਰਾਊੁਣ ਦੀ ਦੂਹਰੀ ਮਾਰ ਝੱਲਣੀ ਪਈ।ਭਿਅਨਕ ਹਾਦਸੇ ਵਿਚ ਚੂਲੇ ਤੇ ਸੱਜੀ ਬਾਂਹ ਦੀਆਂ ਹੱਡੀਆਂ ਥਾਂ-ਥਾਂ ਤੋਂ ਟੁੱਟੀਆਂ ਤੇ ਲਾਡੀ ਨੂੰ ਲੱਗਿਆ ਕਿ ਹੁਣ ਉਹ ਡਰਾਇਵਰੀ ਤੋਂ ਆਪਣਾ ਰਿਜ਼ਕ ਨਹੀਂ ਕਮਾ ਸਕੇਗਾ ਪਰ ਇਸਦੇ ਬਾਵਜੂਦ ਵੀ ਲਾਡੀ ਅੰਦਰਲਾ ਜ਼ਜ਼ਬੇ ਭਰਭੂਰ ਤੇ ਸਿਰੇ ਦਾ ਉਤਸ਼ਾਹੀ ਮਨੁੱਖ ਕੁਝ ਕਰਕੇ ਵਿਖਾਉਣ ਦੀ ਲੋਚਾ ਰੱਖਦਾ ਸੀ।ਲਾਡੀ ਨੇ ਪਿੰਡ ਭੋਗੀਵਾਲ ਦੇ ਕਬਾੜੀਏ ਕੋਲੋਂ ਤੀਲਾਂ ਵਾਂਗ ਖਿਲਰਿਆ ਪਿਆ ਗੱਡਾ ਉਹਨ੍ਹਾਂ ਦਿਨਾਂ ਵਿਚ 7 ਹਜ਼ਾਰ ਵਿਚ ਖਰੀਦਿਆ ਜਦੋਂ ਉਸਨੂੰ ਆਪਣੇ ਪਰਿਵਾਰ ਲਈ ਦੋ ਡੰਗ ਦੀ ਰੋਟੀ ਕਮਾਉਣਾ ਵੀ ਔਖਾ ਲਗ ਰਿਹਾ ਸੀ ਜਿਵੇਂ ਕਿਵੇਂ ਲਾਡੀ ਨੇ ਆਪਣੇ ਪੂਰੇ ਪਰਿਵਾਰ ਪਤਨੀ ਨੀਲਮ, ਪੁੱਤਰ ਗੁਰਦੀਪ ਸ਼ਰਮਾ ਤੇ ਧੀਆਂ ਪ੍ਰੀਤੀ ਤੇ ਆਸ਼ੂ ਨਾਲ ਮਿਲ ਕੇ ਗੱਡੇ ਦਾ ਅੰਗ-ਅੰਗ ਜੋੜਨਾ ਸ਼ੁਰੂ ਕੀਤਾ ਤੇ ਮੁਕੰਮਲ ਗੱਡਾ ਤਿਆਰ ਕਰਨ ਨੂੰ ਪੂਰਾ ਡੇਢ ਸਾਲ ਲੱਗਿਆ ਤੇ ਇਸ ਦੀ ਮੁਰੰਮਤ ਤੇ ਉਹ ਇਕ ਲੱਖ ਰੁਪਏ ਤੋਂ ਉਪਰ ਖਰਚ ਕਰ ਚੁੱਕਾ ਹੈ।ਜੇਕਰ ਉਹ ਆਪਣੀ ਮਿਹਨਤ ਵੀ ਵਿਚ ਲਾਵੇ ਤਾਂ ਗੱਡੇ ਦੀ ਤਿਆਰੀ ਵਿਚ ਇਕ ਲੱਖ ਰੁਪਏ ਦਾ ਖਰਚਾ ਹੋਰ ਜੋੜਿਆ ਜਾ ਸਕਦਾ ਹੈ।ਹੁਣ ਲਾਡੀ ਕੋਲ ਗੱਡੇ ਨੂੰ ਜੋੜਨ ਲਈ ਬਲਦਾਂ ਦੀ ਜੋੜੀ ਦੀ ਵੱਡੀ ਘਾਟ ਸੀ ਜੋ ਲਾਡੀ ਦੇ ਪੇਂਡੂ ਸੱਭਿਆਚਾਰ ਤੇ ਵਿਰਸੇ ਪ੍ਰਤੀ ਖਿੱਚ ਤੇ ਪਿਆਰ ਤੋਂ ਜਾਣੂ ਸ੍ਰੀ ਨਰਿੰਦਰ ਸ਼ਰਮਾ ਪ੍ਰਧਾਨ ਗਊ ਰਖਸ਼ਾ ਦਲ ਨੇ ਬੁੱਚੜਾਂ ਤੋ ਛੁਡਵਾਏ ਦੋ ਸੁਨੱਖੇ ਬਲਦਾਂ ਦੀ ਜੋੜੀ ਤੋਹਫੇ ਵਜੋਂ ਦੇ ਕੇ ਪੂਰੀ ਕਰ ਦਿੱਤੀ।ਭਾਵੇਂ ਲਾਡੀ ਕੋਲ ਬਲਦਾਂ ਲਈ ਲੋੜੀਦੇਂ ਪੱਠੇ-ਚਾਰੇ ਲਈ ਇਕ ਸਿਆੜ ਵੀ ਨਹੀਂ ਪਰ ਫਿਰ ਵੀ ਉਹ ਆਪਣੇ ਪਰਿਵਾਰਕ ਮੈਂਬਰਾਂ ਦੀ ਲੋੜ ਵਾਂਗ ਇਹਨਾਂ ਦੀ ਵੀ ਹਰ ਲੋੜ ਪੂਰੀ ਕਰਦਾ ਹੈ।
ਲ਼ੰਬੀ ਘਾਲਣਾ ਤੋਂ ਬਾਅਦ ਜੋ ਗੱਡਾ ਲਾਡੀ ਨੇ ਤਿਆਰ ਕੀਤਾ ਤੇ ਸ਼ਿੰਗਾਰਿਆ ਉਸਨੂੰ ਵੇਖ ਕੇ ਤੁਰੇ ਜਾਂਦੇ ਰਾਹੀ ਵੀ ਖੜ੍ਹ ਖੜ੍ਹ ਵੇਖਦੇ ਨੇ।ਬਜੁਰਗਾਂ ਨੂੰ ਤਾਂ ਗੱਡੇ ਨਾਲ ਕੀਤੀ ਸਰਦਾਰੀ ਦੇ ਦਿਨਾਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ।ਲਾਡੀ ਨੂੰ ਆਪਣੀ ਇਸ ਪ੍ਰਾਪਤੀ ਤੇ ਰੱਜ ਕੇ ਮਾਣ ਹੁੰਦਾ ਹੈ ਜਦੋਂ ਬਜ਼ੁਰਗ ਲਾਡੀ ਦੇ ਗੱਡੇ ਤੇ ਲੱਗੀਆਂ ਪਿੱਤਲ ਦੀਆਂ ਮੋਰਨੀਆਂ ਨੂੰ ਹੱਥ ਲਾ ਲਾ ਕੇ ਵੇਖਦਿਆਂ ਲਾਡੀ ਦੇ ਇਸ ਉਪਰਾਲੇ ਤੋਂ ਵਾਰੇ ਵਾਰੇ ਜਾਂਦੇ ਹਨ। ਉਸਨੇ ਖੇਤੀ ਨਾਲ ਸਬੰਧਤ ਹੋਰ ਸਹਾਇਕ ਸੰਦ ਹਲ, ਪੰਜਾਲੀ ਤੇ ਸੁਹਾਗਾ ਆਦਿ ਵੀ ਤਿਆਰ ਕਰ ਕੇ ਗੱਡੇ ਤੇ ਟੰਗ ਲਏ । ਆਪਣੀ ਹੱਥੀਂ ਤਿਆਰ ਕੀਤੀ ਵਿਰਾਸਤ ਨੂੰ ਜਦੋਂ ਲਾਡੀ ਨੇ ਇਲਾਕੇ ਦੇ ਪ੍ਰਸਿੱਧ ਜਰਗ ਦੇ ਖੇਡ ਮੇਲੇ ਤੇ ਗੱਡੇ ਉੱਤੇ ਚੜ੍ਹ ਕੇ ਦਰਸ਼ਕਾਂ ਨਾਲ ਭਰੇ ਮੈਦਾਨ ਦਾ ਗੇੜਾ ਦਿੱਤਾ ਤਾਂ ਇਕੱਠੇ ਹੋਏ ਬਜੁਰਗਾਂ ਨੇ ਸ਼ਾਬਾਸ਼ ਦਿੱਤੀ ਤੇ ਨੌਜਵਾਨਾਂ ਨੇ ਉਸਦੀ ਮਾਣਮੱਤੀ ਪ੍ਰਾਪਤੀ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।ਗੁੱਜਰਵਾਲ ਤੇ ਕਿਲਾ ਰਾਏਪੁਰ ਦੇ ਪ੍ਰਸਿੱਧ ਖੇਡ ਮੇਲਿਆਂ ਵਿਚ ਵੀ ਉਹ ਆਪਣੇ ਗੱਡੇ ਦਾ ਪ੍ਰਦਰਸ਼ਨ ਕਰ ਚੁੱਕਾ ਹੈ।ਸਭ ਤੋਂ ਵੱਡਾ ਸਨਮਾਨ ਉਹ ਪ੍ਰਸਿੱਧ ਖੇਡ ਮੇਲੇ ਹਕੀਮਪੁਰ ਵਿਖੇ ਪੁਰੇਵਾਲ ਭਰਾਵਾਂ ਵਲੋਂ ਦਿੱਤਾ ਗਿਆ ਮੰਨਦਾ ਹੈ ਜਿਨ੍ਹਾਂ ਨੇ ਉਸਨੂੰ ਦੁਆਬੇ ਦੀ ਧਰਤੀ ਤੇ ਪਹਿਲੀ ਵਾਰ ਭਰੇ ਮੇਲੇ ਵਿਚ ਗੱਡੇ ਤੇ ਚੜ੍ਹ ਕੇ ਪੰਜਾਬੀ ਸੱਭਿਅਚਾਰ ਦੀ ਸੰਭਾਲ ਤੇ ਗੱਭਰੂਆਂ ਨੂੰ ਨਸ਼ਿਆਂ ਤੋ ਦੂਰ ਰਹਿ ਕੇ ਜਵਾਨੀ ਸੰਭਾਲਣ ਦਾ ਹੋਕਾ ਦੇਣ ਦਾ ਮੌਕਾ ਦਿੱਤਾ।ਸ. ਗੁਰਜੀਤ ਸਿੰਘ ਪੁਰੇਵਾਲ ਦੁਆਰਾ ਕੀਤਾ ਸਨਮਾਨ ਤੇ ਪ੍ਰਬੰਧਕ ਤੇ ਸੱਭਿਆਚਾਰ ਤੇ ਵਿਰਾਸਤ ਦੀ ਵਿਸ਼ਾਲ ਜਾਣਕਾਰੀ ਰੱਖਣ ਵਾਲੇ ਮਾਸਟਰ ਜੋਗਾ ਸਿੰਘ ਵਲੋਂ ਦਿੱਤੀ ਹੱਲਾਸ਼ੇਰੀ ਨੂੰ ਜਿੰਦਗੀ ਭਰ ਨਹੀਂ ਭੁੱਲ ਸਕਦਾ।ਇਸੇ ਖੇਡ ਮੇਲੇ ਤੇ ਅੰਤਰਰਾਸ਼ਟਰੀ ਮੀਡੀਏ ਰਾਹੀਂ ਲਾਡੀ ਦੀ ਆਪਣੇ ਅਮੀਰ ਸੱਭਿਅਚਾਰਕ ਵਿਰਸੇ ਨੂੰ ਸਾਂਭਣ ਦੀ ਚਾਹਤ ਦਾ ਦੁਨੀਆ ਭਰ ਦੇ ਪੰਜਾਬੀਆਂ ਨੂੰ ਪਤਾ ਲੱਗਿਆ।
ਭਾਵੇਂ ਲਾਡੀ ਦੀ ਕਬਾੜ ‘ਚ ਪਏ 65 ਸਾਲ ਪੁਰਾਣੇ ਗੱਡੇ ਨੂੰ ਨਵਾਂ ਨਕੋਰ ਬਣਾਊਣ ਦੇ ਰਸਤੇ ਵਿਚ ਬੇਅੰਤ ਦੁਸ਼ਵਾਰੀਆਂ ਆਈਆਂ, ਬਹੁਤਿਆਂ ਨੇ ਲਾਡੀ ਦੀ ਇਸ ਕੋਸ਼ਸ਼ ਦਾ ਮਜ਼ਾਕ ਉਡਾਉਂਦਿਆਂ ਉਸਦਾ ਦਿਲ ਵੀ ਤੋੜਿਆ ਪਰ ਪੰਜਾਬੀਆਂ ਵਲੋਂ ਮਿਲੇ ਪਿਆਰ ਤੇ ਸਤਿਕਾਰ ਸਦਕਾ ਉਹ ਪਹਿਲਾਂ ਨਾਲੋਂ ਦੂੁਣੇ ਹੌਸਲੇ ਵਿਚ ਆ ਗਿਆ ਹੈ ਹੁਣ ਲਾਡੀ ਦਾ ਅਗਲਾ ਨਿਸ਼ਾਨਾ ਪੇਂਡੂ ਅਮੀਰੀ ਦਾ ਚਿੰਨ ਰਥ ਤਿਆਰ ਕਰਨਾ ਤੇ ਵਧੀਆ ਨਸਲ ਦੀ ਘੋੜੀ ਪਾਲਣਾ ਹੈ ।ਉਹ ਯਾਰਾਂ ਦਾ ਯਾਰ ਹੈ ਇਕੱਲੇ ਸੱਭਿਆਚਾਰਕ ਸਰੋਤਾਂ ਤੇ ਚਿੰਨ੍ਹਾਂ ਨੂੰ ਹੀ ਨਹੀਂ ਸਾਂਭਦਾ,ਉਹ ਸਾਡੇ ਪੰਜਾਬੀਆਂ ਵਿਚ ਨਸ਼ਿਆਂ ਦੇ ਵੱਧ ਰਹੇ ਰੁਝਾਨ,ਪੁਰਾਣੀਆਂ ਕਦਰਾਂ-ਕੀਮਤਾਂ ਭੁੱਲਦੀ ਜਾ ਰਹੀ ਨੌਜਵਾਨ ਪੀੜ੍ਹੀ ਤੇ ਸਮਾਜ ਵਿਚ ਵਧ ਰਹੇ ਮਤਲਬੀਪਣ ਤੋਂ ਵੀ ਚਿੰਤਤ ਹੈ ਰੱਬ ਕਰੇ ਲਾਡੀ ਵਿਚ ਆਪਣੇ ਵਿਰਸੇ ਨੂੰ ਸਾਂਭਣ ਦੀ ਹੋਰ ਹਿੰਮਤ ਆਵੇ ਪਾਠਕ ਲਾਡੀ ਨਾਲ ਇਸ ਨੰਬਰ(98150 36213 ) ਤੇ ਰਾਬਤਾ ਕਾਇਮ ਕਰ ਸਕਦੇ ਹਨ।