ਸਿਰ ਤੇ ਭੂਤ ਸਵਾਰ ਹੋ ਗਿਆ , ਦੇਸ਼ ਬਾਹਰਲੇ ਜਾਣਾ।
ਬਾਪੂ ਸੁਣ ਕੇ ਘੂਰੀ ਵੱਟ ਗਿਆ , ਬੇਬੇ ਕਹੇ ਤੂੰ ਨਿਆਣਾ।
ਕਰਨਾ ਜੇ ਕੰਮ ਘਰੇ ਵਥੇਰਾ ,ਬਾਪੂ ਨੇ ਸਮਝਾਇਆ।
ਬਾਹਰ ਨਾ ਰਿਸ਼ਤੇਦਾਰ ਹੈ ਕੋਈ,ਨਾ ਕੋਈ ਚਾਚਾ ਤਾਇਆ
ਕੋਠੀਆਂ ਕਾਰਾਂ ਸੁਪਨੇ ਗੁੰਦਲੇ , ਮਨ ਨਾ ਲੱਗੇ ਪੜ੍ਹਾਈ ।
ਰੋਕਿਆਂ ਕਿਸੇ ਦੇ ਕਿਹੜਾ ਰੁਕਦਾ , ਇੱਕੋ ਰੱਟ ਲਗਾਈ।
ਖੂਹ ਟੋਭੇ ਵਿੱਚ ਪੈ ਜਾਉਗਾ , ਨਹੀ ਕਰ ਜੂ ਕੋਈ ਕਾਰਾ।
ਬਾਪੂ ਨੇ ਫਿਰ ਅੱਕ ਚੱਬ ਕੇ, ਚੁੱਕ ਲਿਆ ਕਰਜ਼ਾ ਭਾਰਾ।
ਏਜੰਟ ਲੱਭ ਕੇ ਪਟੜੀ ਫੇਰ ਦਾ, ਅੰਗਲੀ ਸੰਗਲੀ ਪਾਲੀ।
ਘੈਂਟ ਬਣਾਤਾ ਟੂਰਿਸਟ ਮੈਨੂੰ, ਅੰਦਰੋਂ ਸਭ ਕੁਝ ਜਾਅਲੀ।
ਦਿੱਲੀਓ ਵਿੱਚ ਜਹਾਜ਼ ਦੇ ਬਹਿਕੇ , ਉਤਰ ਗਿਆ ਫਰਾਂਸ।
ਨਾ ਬੋਲੀ ਦਾ ਅੱਖਰ ਆਵੇ , ਨਾ ਕੋਈ ਕੰਮ ਦੀ ਜਾਂਚ।
ਚਾਰ ਵਜੇ ਹੋਇਆ ਘੁੰਪ ਹਨ੍ਹੇਰਾ, ਠੰਡ ਵੀ ਬੜੀ ਕਰਾਰੀ।
ਬਿਨ੍ਹਾਂ ਜੁਰਾਬਾਂ ਪਾਈ ਜੁੱਤੀ, ਉਤੇ ਖੇਸ ਦੀ ਬੁੱਕਲ ਮਾਰੀ।
ਠੰਡੀ ਹਵਾ ਸੀ ਕੰਨ ਚੀਰਦੀ, ਪੰਜਾਬੀ ਚ ਕਹਿੰਦੇ ਠੱਕਾ ।
ਸਾਹਮਣੇ ਕੌਫੀ ਬਾਰ ਵੇਖ ਕੇ,ਵੜ ਗਿਆ ਹੋਣ ਲਈ ਤੱਤਾ।
ਤਿੰਨ ਇੰਚ ਦੀ ਪਿਆਲੀ ਦੇ ਵਿੱਚ,ਇੱਕ ਘੁੰਟ ਕੌਫੀ ਕਾਲੀ।
ਕੌੜੀ ਸੀ ਕੌੜਤੁੰਮੇ ਵਰਗੀ , ਬਾਹਰ ਨੂੰ ਆ ਗਈ ਸਾਰੀ।
ਬਕ ਬਕਾ ਜਿਹਾ ਮੂੰਹ ਹੋ ਗਿਆ, ਮੈਂ ਹੱਥ ਫੜਾਏ ਸਿੱਕੇ।
ਭਾਅ ਭਾਂਤਾ ਕੋਈ ਮੈਂ ਨਹੀ ਪੁੱਛਿਆ, ਨਾ ਮੈਂ ਵੇਖਿਆ ਪਿੱਛੇ।
ਪੌੜੀਆਂ ਉਤਰ ਕੇ ਗਿਆ ਥੱਲੇ ਨੂੰ, ਬੋਚ ਬੋਚ ਲੜ ਖੇਸੀ।
ਧਰਤੀ ਥੱਲੇ ਟਰੇਨ ਸੀ ਚਲਦੀ , ਪਹਿਲੀ ਵਾਰ ਮੈਂ ਵੇਖੀ।
ਅਰਾਮ ਨਾਲ ਸੀ ਲੋਕੀ ਚੜ੍ਹਦੇ , ਨਾ ਕੋਈ ਮਾਰੇ ਧੱਕੇ।
ਨਾ ਕੋਈ ਟਿੱਕਟਾਂ ਵੇਚਣ ਵਾਲਾ ,ਨਾ ਕੋਈ ਟਿੱਕਟਾਂ ਕੱਟੇ।
ਲੋਕਾਂ ਪਿੱਛੇ ਮੈਂ ਵੀ ਵੜ੍ਹ ਗਿਆ, ਸੀਟ ਮੱਲ ਲਈ ਸਾਰੀ।
ਬੈਠਣ ਲਈ ਇੱਕ ਮੇਮ ਨੇ ਆਕੇ ਹੱਸ ਕੇ ਅੱਖ ਜੀ ਮਾਰੀ।
ਖਹਿ ਕੇ ਬਹਿ ਗਈ ਨਾਲ ਉਹ ਮੇਰੇ, ਭੋਰਾ ਵੀ ਨਾ ਸੰਗੀ।
ਅੱਖਾਂ ਮੀਚ ਕੇ ਮੈਂ ਬਹਿ ਗਿਆ, ਗੋਡਿਓ ਮੋਡਿਓ ਨੰਗੀ।
ਨਾ ਕੋਈ ਹਿੱਲੇ ਨਾ ਕੋਈ ਬੋਲੇ , ਨਾ ਕੋਈ ਬੈਠਾ ਥੱਲੇ।
ਸਾਰੇ ਪਾਸੇ ਚੁੱਪ ਸੀ ਛਾਈ , ਮਰਗ ਦੇ ਭੋਗ ਤੇ ਚੱਲੇ।
ਕਈ ਵਿੱਚ ਬੈਠੇ ਬਣੇ ਪੜ੍ਹਾਕੂ, ਕੋਈ ਕੰਨ ਨੂੰ ਟੂਟੀ ਲਾਈ।
ਯਾਰਾਂ ਦੀ ਨਵੀ ਜੁੱਤੀ ਚੁੱਬਦੀ, ਝਾੜ ਸੀਟ ਨਾਲ ਪਾਈ।
ਪਿੰਡ ਜਿੱਡਾ ਸਟੇਸ਼ਨ ਆ ਗਿਆ, ਉਤਰ ਗਿਆ ਮੈਂ ਥੱਲੇ।
ਟਾਈਆਂ ਲਾਈ ਬਾਬੂ ਖੜ੍ਹੇ ਸੀ , ਸਾਹਮਣੇ ਕੱਲੇ ਕੱਲੇ।
ਵਾਰੋ ਵਾਰੀ ਪੁਛਣ ਲੱਗੇ, ਮੈਨੂੰ ਸਮਝ ਟਿੱਕਟ ਦੀ ਆਈ।
ਡਗਰੂ ਵਾਂਗੂ ਹੱਥ ਹੁਲਾਕੇ, ਮੈਂ ਆਖਿਆ ਹੈ ਨਹੀ ਭਾਈ।
ਨਾ ਉਹ ਸਮਝਣ ਨਾ ਮੈਂ ਸਮਝਾਂ, ਪੈਦਾਂ ਨਾ ਕੁਝ ਪੱਲੇ।
ਫੜ ਕੇ ਬਾਹ ਤੋਂ ਮੈਨੂੰ ਪਤਾ ਨਹੀ , ਕਿਧਰ ਨੂੰ ਲੈ ਚੱਲੇ।
ਬਾਹਰ ਨਿੱਕਲ ਕੇ ਮੈਂ ਵੇਖਿਆ,ਖੜੀ ਪੁਲਸ ਦੀ ਲਾਰੀ।
ਸਿੱਧਾ ਸੀਟ ਤੇ ਜਾ ਬਠਾਇਆ, ਖੋਲ ਕੇ ਪਿਛਲੀ ਵਾਰੀ।
ਪੁਲਸ ਵਾਲਿਆ ਲਈ ਤਲਾਸ਼ੀ, ਮਿਲ ਗਿਆ ਛੱਲੇ ਚ ਚਾਕੂ।
ਪਹਿਲੀ ਰਾਤ ਮੈਂ ਠਾਣੇ ਕੱਟੀ , ਯਾਦ ਸੀ ਆਉਦਾ ਬਾਪੂ।