ਨਵੀਂ ਦਿੱਲੀ- ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ ਗੁਰਦਵਾਰੇ ਵਿਚ ਘਟੀ ਮੰਦਭਾਗੀ ਘਟਨਾ ਕਰਕੇ ਪੰਜਾਬ ਅਤੇ ਹਰਿਆਣਾ ਵਿਚ ਭੜਕੀ ਹਿੰਸਾ ਕਰਕੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਡੂੰਘੀ ਚਿੰਤਾ ਜਾਹਿਰ ਕਰਦੇ ਹੋਏ ਲੋਕਾਂ ਨੂੰ ਦੇਸ਼ ਵਿਚ ਸਾਂਤੀ ਅਤੇ ਸਹਿਨਸ਼ੀਲਤਾ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, “ ਆਸਟਰੀਆ ਦੇ ਵਿਆਨਾ ਵਿਚ ਹੋਈ ਘਟਨਾ ਦੇ ਬਾਅਦ ਪੰਜਾਬ ਵਿਚ ਭੜਕੀ ਹਿੰਸਾ ਤੋਂ ਮੈਂ ਬਹੁਤ ਦੁਖੀ ਹਾਂ। ਵਜ੍ਹਾ ਭਾਂਵੇ ਕੋਈ ਵੀ ਹੋਵੇ, ਇਹ ਜਰੂਰੀ ਹੈ ਕਿ ਲੋਕਾਂ ਦੇ ਵੱਖ-ਵੱਖ ਵਰਗਾਂ ਵਿਚ ਸ਼ਾਂਤੀ ਅਤੇ ਆਪਸੀ ਮੇਲਮਿਲਾਪ ਬਣਿਆ ਰਹੇ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੱਖ ਧਰਮ ਸੰਜਮ ਅਤੇ ਆਪਸੀ ਪ੍ਰੇਮਪਿਆਰ ਦੀ ਸਿਖਿਆ ਦਿੰਦਾ ਹੈ। ਪ੍ਰਧਾਨਮੰਤਰੀ ਨੇ ਸਿੱਖ ਗੁਰੂਆਂ ਦੇ ਉਪਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਪੰਜਾਬ ਵਿਚ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਹਿੰਸਾ ਤੋਂ ਦੂਰ ਰਹਿ ਕੇ ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਕਿਹਾ, “ ਜਿਹੜੇ ਇਲਾਕਿਆਂ ਵਿਚ ਕਰਫਿਊ ਲਗਾ ਹੈ, ਇਹ ਜਰੂਰੀ ਹੈ ਕਿ ਉਸ ਇਲਾਕੇ ਦੇ ਲੋਕ ਆਪਣੇ ਘਰਾਂ ਵਿਚ ਜਾਣ ਅਤੇ ਸੁਰੱਖਿਆ ਬਲਾਂ ਨੂੰ ਕਨੂੰਨ ਵਿਵਸਥਾ ਬਹਾਲ ਕਰਨ ਦੇਣ।” ਡਾ: ਮਨਮੋਹਨ ਸਿੰਘ ਨੇ ਕਿਹਾ,” ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਉਹ ਇਸ ਸੰਦੇਸ਼ ਤੇ ਧਿਆਨ ਦੇਣ ਅਤੇ ਅਧਿਕਾਰੀਆਂ ਨੂੰ ਸ਼ਾਂਤੀ ਅਤੇ ਕਨੂੰਨ ਵਿਵਸਥਾ ਬਹਾਲ ਕਰਨ ਵਿਚ ਮਦਦ ਕਰਨ।”