ਮੋਹਾਲੀ/ਅਜੀਤਗੜ੍ਹ – “ਪੰਜਾਬ ਸਰਕਾਰ ਦੀਆਂ ਦਿਸ਼ਾਹੀਣ ਜਿ਼ੰਮੀਦਾਰਾਂ ਮਾਰੂ ਨੀਤੀਆਂ ਅਤੇ ਅਮਲਾਂ ਦੀ ਬਦੌਲਤ ਪਹਿਲੋ ਹੀ ਜਿ਼ੰਮੀਦਾਰ ਵਰਗ ਵੱਡੇ ਘਾਟੇ ਅਤੇ ਪੀੜ੍ਹਾਂ ਵਿਚ ਗੁਜਰ ਰਿਹਾ ਹੈ । ਲੇਕਿਨ ਹੁਣ ਪੰਜਾਬ ਦੇ ਜਿ਼ੰਮੀਦਾਰਾਂ ਨੂੰ ਆਪਣੀਆਂ ਫ਼ਸਲਾਂ ਹਰਿਆਣੇ ਵਿਚ ਲਿਜਾਣ ਤੋਂ ਹਰਿਆਣੇ ਦੀ ਬੀਜੇਪੀ ਹਕੂਮਤ ਵੱਲੋ ਜ਼ਬਰੀ ਰੋਕ ਕੇ ਕੇਵਲ ਗੈਰ ਕਾਨੂੰਨੀ ਅਮਲ ਹੀ ਨਹੀਂ ਕੀਤੇ ਜਾ ਰਹੇ, ਬਲਕਿ ਅਜਿਹਾ ਵਿਵਹਾਰ ਕਰਕੇ ਪੰਜਾਬੀਆਂ ਅਤੇ ਸਿੱਖਾਂ ਨਾਲ ਦੂਸਰੇ ਦਰਜੇ ਦਾ ਅਸਹਿ ਸਲੂਕ ਕੀਤਾ ਜਾ ਰਿਹਾ ਹੈ, ਜਿਸ ਨੂੰ ਸਿੱਖ ਕੌਮ ਬਿਲਕੁਲ ਬਰਦਾਸਤ ਨਹੀਂ ਕਰੇਗੀ । ਕਿਉਂਕਿ ਵਿਧਾਨ ਅਨੁਸਾਰ ਇਥੋ ਦਾ ਜਿ਼ੰਮੀਦਾਰ ਆਪਣੀ ਫ਼ਸਲ ਨੂੰ ਕਿਸੇ ਵੀ ਸਥਾਨ ਤੇ ਜਾ ਕੇ ਵੇਚ ਸਕਦਾ ਹੈ ਅਤੇ ਖ਼ਰੀਦ ਸਕਦਾ ਹੈ । ਹਰਿਆਣੇ ਦੀ ਨਵੀ ਬਣੀ ਬੀਜੇਪੀ ਦੀ ਮਨੋਹਰ ਲਾਲ ਖੱਟਰ ਹਕੂਮਤ ਜੋ ਆਪਣੇ ਆਪ ਨੂੰ ਪੰਜਾਬੀ ਵੀ ਕਹਾਉਦੇ ਹਨ ਅਤੇ ਜਿਨ੍ਹਾਂ ਨੇ ਪੰਜਾਬੀ ਵਿਚ ਸੌਹ ਚੁੱਕ ਕੇ ਪੰਜਾਬੀਅਤ ਹੋਣ ਦਾ ਸਬੂਤ ਦਿੱਤਾ ਹੈ, ਉਹਨਾਂ ਵੱਲੋਂ ਅਜਿਹਾ ਵਿਵਹਾਰ ਕਰਨਾ ਹੋਰ ਵੀ ਦੁੱਖਦਾਇਕ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਦੀ ਬੀਜੇਪੀ ਖੱਟਰ ਹਕੂਮਤ ਵੱਲੋ ਪੰਜਾਬ ਦੇ ਜਿ਼ੰਮੀਦਾਰਾਂ ਨਾਲ ਕੀਤੇ ਜਾ ਰਹੇ ਅਸਹਿ ਜ਼ਬਰ-ਜੁਲਮ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋ ਹਿੰਦ ਦੇ ਦੂਸਰੇ ਸੂਬਿਆਂ ਦੇ ਜਿ਼ੰਮੀਦਾਰ ਅਤੇ ਵਪਾਰੀ ਆਪੋ-ਆਪਣੇ ਉਤਪਾਦ ਅਤੇ ਫ਼ਸਲਾਂ ਨੂੰ ਹਿੰਦ ਦੇ ਕਿਸੇ ਵੀ ਖੇਤਰ ਵਿਚ ਲਿਜਾਕੇ ਵੇਚ-ਖ਼ਰੀਦ ਸਕਦੇ ਹਨ ਤਾਂ ਹੁਣ ਜਦੋ ਸੈਟਰ ਵਿਚ ਬੀਜੇਪੀ ਦੀ ਮੋਦੀ ਹਕੂਮਤ ਹੈ ਅਤੇ ਪੰਜਾਬ ਦੇ ਗੁਆਢੀ ਸੂਬੇ ਵਿਚ ਬੀਜੇਪੀ ਦੀ ਮਨੋਹਰ ਲਾਲ ਖੱਟਰ ਦੀ ਹਕੂਮਤ ਕਾਇਮ ਹੋ ਗਈ ਹੈ ਅਤੇ ਜਿਨ੍ਹਾਂ ਨਾਲ ਬਾਦਲ ਹਕੂਮਤ ਦਾ ਨੌਹ-ਮਾਸ ਅਤੇ ਪਤੀ-ਪਤਨੀ ਵਾਲਾ ਰਿਸਤਾ ਹੈ, ਉਹਨਾਂ ਵੱਲੋਂ ਪੰਜਾਬ ਦੇ ਜਿ਼ੰਮੀਦਾਰਾਂ ਨਾਲ ਅਜਿਹਾ ਜ਼ਬਰ-ਜੁਲਮ ਕਰਨਾ ਅਤੇ ਵਿਧਾਨਿਕ ਹੱਕਾਂ ਦਾ ਘੋਰ ਉਲੰਘਣ ਕਰਨ ਦੇ ਅਮਲਾਂ ਉਤੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਸਦੇ ਵਜ਼ੀਰ ਮੂੰਹ ਵਿਚ ਘੁੰਗਣੀਆਂ ਪਾ ਕੇ ਕਿਉਂ ਬੈਠੇ ਹਨ ? ਸ. ਮਾਨ ਨੇ ਪੰਜਾਬ ਦੀ ਬਾਦਲ ਹਕੂਮਤ ਅਤੇ ਹਰਿਆਣੇ ਦੀ ਨਵੀ ਬਣੀ ਖੱਟਰ ਹਕੂਮਤ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਗੈਰ ਵਿਧਾਨਿਕ ਤਰੀਕੇ ਪੰਜਾਬ ਦੇ ਜਿ਼ੰਮੀਦਾਰਾਂ ਨਾਲ ਇਹ ਕੀਤੀ ਜਾ ਰਹੀ ਬੇਇਨਸਾਫ਼ੀ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਬਰਦਾਸਤ ਨਹੀਂ ਕਰੇਗਾ ਅਤੇ ਅਸੀਂ ਮੀਡੀਏ ਤੇ ਪ੍ਰੈਸ ਰਾਹੀ ਸ੍ਰੀ ਖੱਟਰ ਹਕੂਮਤ ਨੂੰ ਖ਼ਬਰਦਾਰ ਕਰਦੇ ਹਾਂ ਕਿ ਉਹ ਆਪਣੀ ਕੁਰਸੀ ਉਤੇ ਬੈਠਦੇ ਹੀ ਮੁਤੱਸਵੀ ਬੀਜੇਪੀ ਦੀ ਸੋਚ ਅਤੇ ਅਮਲ ਦਾ ਰੰਗ ਦਿਖਾਉਣਾ ਤੁਰੰਤ ਬੰਦ ਕਰੇ ਵਰਨਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਅਤੇ ਜਿ਼ੰਮੀਦਾਰ ਵਰਗ ਨੂੰ ਬਾਦਲ ਅਤੇ ਖੱਟਰ ਹਕੂਮਤ ਵਿਰੁੱਧ ਜੋਰਦਾਰ ਸੰਘਰਸ ਸੁਰੂ ਕਰਨ ਲਈ ਮਜ਼ਬੂਰ ਹੋਣਾ ਪਵੇਗਾ । ਜਿਸ ਨਾਲ ਇਥੋ ਦੇ ਅਮਨਮਈ ਮਾਹੌਲ ਨੂੰ ਠੇਸ ਪਹੁੰਚਾਉਣ ਲਈ ਸੈਟਰ ਦੀ ਮੋਦੀ ਹਕੂਮਤ, ਹਰਿਆਣੇ ਦੀ ਖੱਟਰ ਹਕੂਮਤ ਅਤੇ ਉਹਨਾਂ ਦੀ ਭਾਈਵਾਲ ਬਾਦਲ ਹਕੂਮਤ ਜਿ਼ੰਮੇਵਾਰ ਹੋਣਗੇ ।