ਨਵੀ ਦਿੱਲੀ,(ਜਸਬੀਰ ਸਿੰਘ) – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਇੱਕ ਵਾਰੀ ਫਿਰ ਆੜੇ ਹੱਥੀ ਲੈਂਦਿਆ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਵੱਖ ਵੱਖ ਵਿਦਿਅਕ ਸੰਸਥਾਵਾਂ ਦੇ ਘੱਟ ਗਿਣਤੀ ਬੱਚਿਆਂ ਨੂੰ ਵੰਡੇ ਗਈ ਸਹਾਇਤਾ ਰਾਸ਼ੀ ਦਾ ਵਿਵਰਣ ਜਨਤਕ ਕਰਨਾ ਚਾਹੀਦਾ ਹੈ ਤਾਂ ਕਿ ਸੰਗਤ ਜਾਣ ਸਕੇ ਕਿ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੇ ਯਥਾਰਥ ਰੂਪ ਵਿੱਚ ਕੋਈ ਕੰਮ ਕੀਤਾ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ 13.47 ਕਰੋੜ ਪਿਛਲੇ ਸਾਲ ਤੇ 39.50 ਕਰੋੜ ਇਸ ਸਾਲ ਸਰਕਾਰ ਕੋਲੋ ਕੁਲ 52.97 ਲੱਖ ਦਿੱਲੀ ਕਮੇਟੀ ਦੀਆ ਸੰਸਥਾਵਾਂ ਵਿੱਚ ਪੜ ਰਹੇ ਘੱਟ ਗਿਣਤੀ ਬੱਚਿਆਂ ਦੇ ਖਾਤੇ ਵਿੱਚ ਸਹਾਇਤਾ ਫੰਡ ਲੈ ਕੇ ਵਿਦਿਆਰਥੀਆਂ ਨੂੰ ਵੰਡੇ ਹਨ। ਉਹਨਾਂ ਕਿਹਾ ਕਿ ਘੱਟ ਗਿਣਤੀ ਬੱਚਿਆਂ ਦੀ ਜੇਕਰ ਸਰਕਾਰ ਸਹਾਇਤਾ ਕਰਦੀ ਹੈ ਤਾਂ ਸ਼ਲਾਘਾਯੋਗ ਕਦਮ ਹੈ ਪਰ ਦਿੱਲੀ ਕਮੇਟੀ ਇਹ ਪੂਰੀ ਸੂਚੀ ਜਾਰੀ ਕਰੇ ਕਿ ਉਸ ਨੇ ਵਾਕਿਆ ਹੀ ਸਹਾਇਤਾ ਰਾਸ਼ੀ ਲੋੜਵੰਦਾਂ ਤੱਕ ਪਹੁੰਚਾ ਦਿੱਤੀ ਹੈ ਜਾਂ ਫਿਰ ਇਥੇ ਵੀ ਆਪਣਾ ਭ੍ਰਿਸ਼ਟਾਚਾਰੀ ਰੰਗ ਵਿਖਾ ਕੇ ਰਾਸ਼ੀ ਨੂੰ ਖੁਰਦ ਬੁਰਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜਾਣਕਾਰੀ ਅਨੁਸਾਰ ਦਿੱਲੀ ਕਮੇਟੀ ਅਧੀਨ ਚੱਲਦੀਆਂ ਵਿਦਿਅਕ ਸੰਸਥਾਵਾਂ ਦੀ ਮਾਲੀ ਹਾਲਤ ਬਹੁਤ ਖਰਾਬ ਚੱਲ ਰਹੀ ਹੈ ਅਤੇ ਵਿਦਿਅਕ ਸੰਸਥਾਵਾਂ ਕੋਲ ਫੰਡ ਨਾ ਹੋਣ ਦੀ ਸੂਰਤ ਵਿੱਚ ਸਥਿਤੀ ਡਾਂਵਾਡੋਲ ਹੋਈ ਪਈ ਹੈ ਅਤੇ ਕਈ ਕਈ ਮਹੀਨੇ ਮੁਲਾਜਮਾਂ ਨੂੰ ਤਨਖਾਹਾਂ ਨਹੀ ਮਿਲ ਰਹੀਆਂ ਅਤੇ ਪਿਛਲੇ ਬਕਾਏ ਦੇਣੇ ਤਾਂ ਬਹੁਤ ਹੀ ਦੂਰ ਦੀ ਕੌਡੀ ਹੈ। ਉਹਨਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਜੇਕਰ ਦਿੱਲੀ ਕਮੇਟੀ ਕੋਲ ਫੰਡ ਨਹੀਂ ਹਨ ਤਾਂ ਉਹਨਾਂ ਨੂੰ ਸ਼ੰਕਾ ਹੈ ਕਿ ਘੱਟ ਗਿਣਤੀ ਬੱਚਿਆਂ ਦੇ ਆਏ ਸਰਕਾਰੀ ਫੰਡਾਂ ਵਿੱਚ ਵੀ ਜਰੂਰ ਘਾਲਾਮਾਲਾ ਹੋਇਆ ਹੋਵੇਗਾ। ਉਹਨਾਂ ਕਿਹਾ ਕਿ ਅੱਜ ਦਿੱਲੀ ਕਮੇਟੀ ਉਹਨਾਂ ਸੰਸਥਾਵਾਂ ਦੇ ਫੰਡ ਵੀ ਇੱਕ ਸੰਸਥਾ ਤੋਂ ਦੂਜੀ ਸੰਸਥਾ ਵਿੱਚ ਤਬਦੀਲ ਕਰਕੇ ਲਾਭ ਵਾਲੀਆਂ ਸੰਸਥਾਵਾਂ ਨੂੰ ਕੰਗਾਲ ਕਰਨ ਤੇ ਤੁਲੀ ਹੋਈ ਪਈ ਹੈ। ਉਹਨਾਂ ਕਿਹਾ ਕਿ ਸੰਗਤਾਂ ਦਿੱਲੀ ਕਮੇਟੀ ਦੇ ਪ੍ਰਧਾਨ ਤੇ ਹੋਰ ਪ੍ਰਬੰਧਕਾਂ ਦੀਆਂ ਗਤੀਵਿਧੀਆਂ ‘ਤੇ ਕੜੀ ਨਜ਼ਰ ਰੱਖ ਰਹੀਆਂ ਹਨ ਅਤੇ ਜਲਦੀ ਹੀ ਇਹਨਾਂ ਕੋਲੋ ਪਾਈ ਪਾਈ ਦਾ ਹਿਸਾਬ ਜਰੂਰ ਲੈਣਗੀਆਂ।
ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੀਆਂ ਗਲਤ ਗਤੀਵਿਧੀਆਂ ਦਾ ਪਹਾੜਾ ਇਥੇ ਹੀ ਖਤਮ ਨਹੀਂ ਹੁੰਦਾ ਸਗੋਂ ਇਹਨਾਂ ਨੇ ਬੀਤੇ ਕਲ• ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸਮੇਂ ਗੁਰੂਦੁਆਰਾ ਰਕਾਬ ਗੰਜ ਦੇ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਕਰਵਾਏ ਗਏ ਧਾਰਮਕਿ ਸਮਾਗਮ ਸਮੇਂ ਉਸ ਵਿਅਕਤੀ ਨੂੰ ਸਟੇਜ ਸਕੱਤਰ ਬਣਾਇਆ ਜਿਹੜਾ ਹਰ ਰੋਜ਼ ਸ਼ਾਮ ਨੂੰ ਸੜਕ ਤੇ ਸ਼ਰਾਬ ਦੀ ਬੋਤਲ ਰੱਖ ਕੇ ਪੀਂਦਾ ਹੀ ਨਹੀਂ ਸਗੋਂ ਮਦਹੋਸ਼ ਹੋ ਕੇ ਘਰ ਨੂੰ ਜਾਂਦਾ ਹੈ। ਉਹਨਾਂ ਕਿਹਾ ਕਿ ਜਿਸ ਸੰਸਥਾ ਦੇ ਰਹਿਬਰ ਅਜਿਹੇ ਸ਼ਰਾਬੀ ਕਬਾਬੀ ਹੋਣਗੇ ਉਹ ਜ਼ਿਆਦਾ ਦੇਰ ਚੱਲ ਨਹੀਂ ਸਕਦੀਆਂ। ਉਹਨਾਂ ਕਿਹਾ ਕਿ ਸਿੱਖ ਸੰਗਤਾਂ ਵਿੱਚ ਦਿੱਲੀ ਕਮੇਟੀ ਵੱਲੋ ਇੱਕ ਸ਼ਰਾਬੀ ਨੂੰ ਧਾਰਮਿਕ ਸਮਾਗਮ ਦਾ ਸਟੇਜ ਸਕੱਤਰ ਬਣਾਉਣ ਦਾ ਵੀ ਕਾਫੀ ਗੰਭੀਰ ਨੋਟਿਸ ਲਿਆ ਜਾ ਰਿਹਾ ਹੈ।