ਵਿਆਨਾ- ਆਸਟ੍ਰੀਆ ਦੀ ਰਾਜਧਾਨੀ ਵਿਆਨਾ ਦੇ ਇਕ ਗੁਰਦੁਆਰੇ ਵਿਚ ਹੋਈ ਲੜਾਈ ਵਿਚ ਇਕ ਆਦਮੀ ਦੀ ਮੌਤ ਹੋ ਗਈ ਹੈ ਜਿਸਤੋਂ ਬਾਅਦ ਭਾਰਤ ਦੇ ਜਲੰਧਰ, ਲੁਧਿਆਣੇ ਆਦਿ ਸ਼ਹਿਰਾਂ ਵਿਚ ਰੋਸ ਭਰਪੂਰ ਮੁਜਾਹਰੇ ਹੋਏ। ਜਲੰਧਰ ਵਿਚ ਗੱਡੀਆਂ ਰੋਕ ਦਿੱਤੀਆਂ ਗਈ ਅਤੇ ਕਈ ਥਾਈਂ ਸਾੜ ਫੂਕ ਵੀ ਕੀਤੀ ਗਈ। ਲੁਧਿਆਣੇ ਵਿਚ ਵੀ ਕਈ ਥਾਈ ਬਸਾਂ ਆਦਿ ਦੀ ਸਾੜਫੂਕ ਕੀਤੀ ਗਈ। ਜੰਮੂ ਕਸ਼ਮੀਰ ਅਤੇ ਹਿਮਾਚਲ ਨੂੰ ਜਾਣ ਵਾਲੀਆਂ ਸੜਕਾਂ ‘ਤੇ ਟ੍ਰੈਫਿਕ ਜਾਮ ਰਿਹਾ।
ਵਿਆਨਾ ਦੇ ਗੁਰਦੁਆਰੇ ਵਿਚ ਹੋਈ ਲੜਾਈ ਵਿਚ 16 ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਚੋਂ ਪੰਜਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਇਸਦੇ ਵਿਰੋਧ ਵਿਚ ਭਾਰਤ ਦੇ ਪੰਜਾਬ ਸੂਬੇ ਵਿਚ ਕਈ ਸ਼ਹਿਰਾਂ ਵਿਚ ਮੁਜਾਹਰੇ ਹੋਏ ਹਨ ਅਤੇ ਜਲੰਧਰ ਵਿਚ ਹਾਲਾਤ ਤਨਾਅ ਪੂਰਣ ਹਨ। ਜਲੰਧਰ ਵਿਚ ਕਈ ਥਾਈਂ ਬੱਸਾਂ ਦੀ ਸਾੜ ਦਿੱਤਾ ਗਿਆ ਅਤੇ ਉਥੇ ਕਰਫਿਊ ਲਾ ਦਿੱਤਾ ਗਿਆ ਹੈ। ਇਸਤੋਂ ਇਲਾਵਾ ਨਕੋਦਰ, ਫਗਵਾੜਾ, ਲੁਧਿਆਣਾ ਅਤੇ ਕਈ ਹੋਰ ਥਾਈਂ ਵੀ ਪ੍ਰਦਰਸ਼ਨ ਹੋਏ। ਇਸ ਘਟਨਾ ਕਰਕੇ ਵਿਆਨਾ ਦਾ ਛੋਟਾ ਜਿਹਾ ਸਿੱਖ ਭਾਈਚਾਰਾ ਸਕਤੇ ਵਿਚ ਹੈ। ਝੜਪ ਵੇਲੇ ਗੁਰਦੁਆਰੇ ਵਿਚ ਅੰਦਾਜ਼ਨ 300 ਲੋਕ ਮੌਜੂਦ ਸਨ ਜਿਨ੍ਹਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਅੰਦਾਜ਼ਨ ਦੁਪਹਿਰ ਸਮੇਂ ਜਦ ਡੇਰਾ ਸੱਚ ਖੰਡ ਨਾਲ ਸਬੰਧਤ ਇਕ ਗ੍ਰੰਥੀ ਗੁਰਦੁਆਰੇ ਵਿਚ ਇਕੱਤਰ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਪੁਲਿਸ ਮੁਤਾਬਕ ਅੰਦਾਜ਼ਨ ਪੰਜ ਲੋਕ ਕ੍ਰਿਪਾਨਾ ਲੈ ਕੇ ਅਤੇ ਇਕ ਆਦਮੀ ਪਿਸਤੌਲ ਲੈਕੇ ਗੁਰਦੁਆਰੇ ਅੰਦਰ ਦਾਖ਼ਲ ਹੋ ਗਏ ਅਤੇ ਉਨ੍ਹਾਂ ਨੇ ਗ੍ਰੰਥੀ ਉਪਰ ਹਮਲਾ ਕਰ ਦਿੱਤਾ। ਉਥੇ ਮੌਜੂਦ ਲੋਕਾਂ ਵਲੋਂ ਝਗੜੇ ਨੂੰ ਟਾਲਣ ਦੀ ਕੋਸਿ਼ਸ਼ ਕੀਤੀ ਜਿਸ ਕਰਕੇ ਕੲ ਿਲੋਕ ਜ਼ਖ਼ਮੀ ਹੋ ਗਏ। ਬਹੁਤ ਸਾਰੇ ਲੋਕੀਂ ਜਾਨ ਬਚਾਉਣ ਲਈ ਗੁਰਦੁਆਰੇ ਚੋਂ ਬਾਹਰ ਭੱਜ ਨਿਕਲੇ।
ਇਸ ਝਗੜੇ ਦਾ ਕਾਰਨ ਦੋ ਧੜਿਆਂ ਦੀ ਖਹਿ ਬਾਜ਼ੀ ਦੱਸੀ ਜਾ ਰਹੀ ਹੈ। ਵਿਆਨਾ ਦੀ ਐਂਬੁਲੈਂਸ ਸੇਵਾ ਦੇ ਇਕ ਬੁਲਾਰੇ ਨੇ ਦਸਿਆ ਕਿ ਕੁਝ ਜ਼ਖ਼ਮੀਆਂ ਨੂੰ ਗੋਲੀ ਲੱਗੀ ਹੈ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਜ਼ਖ਼ਮੀਆਂ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਸਾਰੇ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਗੁਰਦੁਆਰਾ ਵਿਆਨਾ ਦੇ ਰੂਡੋਲਫਸ਼ੇਮ ਜਿ਼ਲੇ ਵਿਚ ਹੈ। ਆਸਟ੍ਰੀਆ ਵਿਚ ਸਿੱਖ ਭਾਈਚਾਰੇ ਦੇ ਅੰਦਾਜ਼ਨ ਤਿੰਨ ਹਜ਼ਾਰ ਲੋਕ ਰਹਿੰਦੇ ਹਨ।
ਇਸ ਘਟਨਾ ਤੋਂ ਬਾਅਦ ਜਲੰਧਰ ਵਿਚ ਡੇਰਾ ਸਚਖੰਡ ਦੇ ਚੇਲੇ ਵੱਡੀ ਗਿਣਤੀ ਵਿਚ ਸੜਕਾਂ ‘ਤੇ ਉੱਤਰ ਆਏ। ਉਨ੍ਹਾਂ ਨੇ ਸੜਕਾਂ ‘ਤੇ ਜਾਮ ਲਾਇਆ ਅਤੇ ਕੁਝ ਵਾਹਨਾਂ ਨੂੰ ਅੱਗਾਂ ਵੀ ਲਾਈਆਂ। ਇਹ ਲੋਕ ਵਿਆਨਾ ਵਿਖੇ ਹੋਏ ਹਮਲੇ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਸਨ। ਜਲੰਧਰ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਸ਼ਹਿਰਾਂ ਫਗਵਾੜਾ, ਨਕੋਦਰ, ਹੁਸਿ਼ਆਰਪੁਰ ਅਤੇ ਲੁਧਿਆਣੇ ਵਿਖੇ ਵੀ ਵਿਰੋਧ ਪ੍ਰਦਰਸ਼ਨ ਕੀਤੇ ਗਏ। ਜਲੰਧਰ ਵਿਚ ਫੌਜ ਨੂੰ ਅਲਰਟ ਕਰ ਦਿੱਤਾ ਗਿਆ ਹੈ।