ਅੰਮ੍ਰਿਤਸਰ : ਅਮਰੀਕਾ ਵਿੱਚ ‘ਰਿਜ਼ਰਵ ਆਫ਼ੀਸਰ ਟ੍ਰੇਨਿੰਗ ਕਾਪਰਸ’ (ਆਰ ਓ ਟੀ ਸੀ) ਪ੍ਰੋਗਰਾਮ ਵਿੱਚ ਇਕ ਸਿੱਖ ਵਿਦਿਆਰਥੀ ਨੂੰ ਕਥਿਤ ਤੌਰ ਤੇ ਭਰਤੀ ਨਾ ਕਰਨ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਫੌਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅਮਰੀਕੀ ਫੌਜ ਵੱਲੋਂ ਸਿੱਖ ਵਿਦਿਆਰਥੀ ਨੂੰ ਇਹ ਕਹਿ ਕੇ ਭਰਤੀ ਨਾ ਕਰਨਾ ਕਿ ਜਦ ਤੱਕ ਉਹ ਦਾੜ੍ਹੀ, ਕੇਸ ਨਹੀਂ ਕਟਵਾਉਂਦਾ ਅਤੇ ਸਿਰ ਤੇ ਦਸਤਾਰ ਸਜਾਉਣੀ ਬੰਦ ਨਹੀਂ ਕਰਦਾ ਉਦੋਂ ਤੱਕ ਉਸ ਨੂੰ (ਆਰ ਓ ਟੀ ਸੀ) ਪ੍ਰੋਗਰਾਮ ਵਿੱਚ ਭਰਤੀ ਨਹੀਂ ਕੀਤਾ ਜਾਵੇਗਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਫੌਜ ਵੱਲੋਂ ਕੀਤੇ ਗਏ ਇਸ ਗਲਤ ਫੈਂਸਲੇ ਤੇ ਦੇਸ਼-ਵਿਦੇਸ਼ ਵਿੱਚ ਬੈਠੇ ਸਮੂਹ ਸਿੱਖਾਂ ਵਿੱਚ ਭਾਰੀ ਰੋਹ ਤੇ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਕੈਨੇਡਾ ਦੇ ਵੈਨਕੂਵਰ ‘ਚ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਯਾਦ ਕਰਦਿਆਂ ਕੈਨੇਡਾ ‘ਚ ਰੀਮੈਂਥਰੈਂਸ ਡੇਅ ਤੋਂ ੨੪ ਘੰਟੇ ਪਹਿਲਾਂ ਇਕ ਵਿਸ਼ੇਸ਼ ਪ੍ਰੋਗਰਾਮ ਸਮਾਰੋਹ ਰਾਹੀਂ ਇਨ੍ਹਾਂ ਜੰਗਾਂ ‘ਚ ਜਾਨਾ ਵਾਰਨ ਵਾਲੇ ਸਿੱਖ ਫੌਜੀਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਅਮਰੀਕਾ ਜਿਹੇ ਮੁਲਕ ਵਿੱਚ ਸਾਬਤ ਸੂਰਤ ਸਿੱਖਾਂ ਦੇ ਫੌਜ ‘ਚ ਭਰਤੀ ਹੋਣ ਤੇ ਪਾਬੰਦੀ ਲਗਾਈ ਜਾਣੀ ਮੰਦਭਾਗੀ ਘਟਨਾ ਹੈ।
ਯਾਦ ਰਹੇ ਕਿ ਪਿਛਲੇ ਦਿਨੀਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰੀਕਾ ਦੇ ਕੈਲੇਫੋਰਨੀਆਂ ਦੇ ਪ੍ਰਮੁੱਖ ਸ਼ਹਿਰ ਯੂਬਾ ਸਿਟੀ ‘ਚ ਸਥਾਪਿਤ ਹੋਣ ਵਾਲੇ ਸਿੱਖ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤਾਂ ਕਿ ਅਮਰੀਕਾ ਤੇ ਕੈਨੇਡਾ ਵਿੱਚ ਵਸਦੇ ਸਿੱਖਾਂ ਦੀਆਂ ਨਸਲੀ ਅਤੇ ਹੋਰ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅਮਰੀਕਾ ਅਤੇ ਹੋਰ ਕੌਮਾਂਤਰੀ ਦੇਸ਼ਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਸਿੱਖਾਂ ਨੇ ਭਾਰੀ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਕ ਸਿੱਖ ਦੀ ਪਹਿਚਾਣ ਉਸਦੀ ਦਾੜ੍ਹੀ, ਕੇਸ ਤੇ ਸੁੰਦਰ ਦਸਤਾਰ ਨਾਲ ਹੀ ਹੁੰਦੀ ਹੈ ਜੋ ਉਸਨੂੰ ਕਲਗੀਧਰ ਪਿਤਾ ਤੋਂ ਪ੍ਰਾਪਤ ਹੋਈ ਹੈ। ਉਨ੍ਹਾਂ ਅਮਰੀਕਾ ਦੀ ਸਰਕਾਰ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਫੌਜ ਵੱਲੋਂ ਲਏ ਗਏ ਇਸ ਗਲਤ ਫੈਂਸਲੇ ਤੇ ਤੁਰੰਤ ਰੋਕ ਲਗਾ ਕੇ ਸਿੱਖਾਂ ਦੇ ਮਾਣ-ਸਨਮਾਨ ਨੂੰ ਕਇਮ ਰੱਖੇ ਤੇ ਸਾਬਤ ਸੂਰਤ ਸਿੱਖ ਵਿਦਿਆਰਥੀਆਂ ਦੇ ਫੌਜ ਵਿੱਚ ਭਰਤੀ ਹੋਣ ਸਬੰਧੀ ਦਾਖਲੇ ਤੇ ਲਗਾਈ ਰੋਕ ਨੂੰ ਤੁਰੰਤ ਹਟਾਏ।
ਅਮਰੀਕਾ ਵਿੱਚ ਆਰ ਓ ਟੀ ਸੀ ਪ੍ਰੋਗਰਾਮ ਵਿੱਚ ਦਾਖਲੇ ਲਈ ਸਿੱਖ ਵਿਦਿਆਰਥੀ ਦੀ ਭਰਤੀ ਨਾਂ ਕਰਨਾ ਮੰਦਭਾਗੀ ਘਟਨਾ
This entry was posted in ਪੰਜਾਬ.