ਚੰਡੀਗੜ੍ਹ – “ਹਿੰਦੂਤਵ ਹਕੂਮਤ ਉਤੇ ਬੈਠਣ ਵਾਲੇ ਹੁਕਮਰਾਨ ਭਾਵੇ ਉਹ ਕਿਸੇ ਵੀ ਸਿਆਸੀ ਜਮਾਤ ਨਾਲ ਸੰਬੰਧ ਰੱਖਦੇ ਹੋਣ, ਉਹ ਸਿੱਖਾਂ ਨਾਲ ਪੇਸ਼ ਆਉਦੇ ਹੋਏ ਅਜਿਹੇ ਅਤਿ ਘਿਣੋਨੇ ਅਤੇ ਸ਼ਰਮਨਾਕ ਹੱਥਕੰਡੇ ਵਰਤਦੇ ਹਨ ਜਿਸ ਦੀ ਦੁਨੀਆਂ ਦਾ ਕੋਈ ਵੀ ਵਿਧਾਨ ਜਾਂ ਇਖ਼ਲਾਕ ਬਿਲਕੁਲ ਇਜ਼ਾਜਤ ਨਹੀਂ ਦਿੰਦਾ । ਇਕ ਤਾਂ ਜੁਝਾਰੂ ਸਿੱਖ ਨੌਜ਼ਵਾਨਾਂ ਉਤੇ ਕਈ ਤਰ੍ਹਾਂ ਦੇ ਝੂਠੇ ਅਤੇ ਸਾਜ਼ਸੀ ਕੇਸ ਪਾ ਕੇ, ਉਹਨਾਂ ਨੂੰ ਲੰਮੇ-ਲੰਮੇਂ ਸਮੇਂ ਤੋ ਜੇਲ੍ਹਾਂ ਵਿਚ ਬੰਦੀ ਬਣਾਇਆ ਹੋਇਆ ਹੈ, ਦੂਸਰਾ ਉਹਨਾਂ ਨੂੰ ਇੱਧਰ-ਉੱਧਰ ਲਿਜਾਦੇ ਸਮੇ ਇੰਝ ਪੇਸ਼ ਕੀਤਾ ਜਾਂਦਾ ਹੈ, ਜਿਵੇ ਸਿੱਖ ਕੌਮ “ਖ਼ਲਨਾਇਕਾ” ਦੀ ਕੌਮ ਹੋਵੇ । ਜਦੋਕਿ ਸਿੱਖ ਕੌਮ ਦੇ ਇਨਸਾਨੀ ਅਤੇ ਸਰਬੱਤ ਦੇ ਭਲੇ ਵਾਲੇ ਅਮਲਾਂ ਦੀ ਬਦੌਲਤ ਹੀ ਅੱਜ ਹਿੰਦੂਸਤਾਨ ਇਕ ਆਜ਼ਾਦ ਮੁਲਕ ਹੈ ਅਤੇ ਇਸ ਦੀਆਂ ਸਰਹੱਦਾਂ ਉਤੇ ਰਾਖੀ ਕਰਨ ਵਾਲੇ ਸਿੱਖ ਕੌਮ ਦੁਸ਼ਮਣਾਂ ਅੱਗੇ ਕੰਧ ਬਣਕੇ ਖੜ੍ਹਦੀ ਆਈ ਹੈ । ਹਿੰਦ ਦੇ ਕਿਸੇ ਵੀ ਹਿੱਸੇ ਵਿਚ ਕਿਸੇ ਵੀ ਕੌਮ, ਧਰਮ ਜਾਂ ਇਨਸਾਨਾਂ ਉਤੇ ਕੋਈ ਭੀੜ ਪੈਦੀ ਹੈ ਤਾਂ ਸਿੱਖ ਕੌਮ ਉਸ ਨੂੰ ਆਪਣਾ ਦਰਦ ਸਮਝਦੀ ਹੋਈ ਉਸ ਵਿਚ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਕੁੱਦ ਪੈਦੀ ਹੈ ਅਤੇ ਬਿਨ੍ਹਾਂ ਕਿਸੇ ਭੇਦ-ਭਾਵ ਦੇ ਇਖ਼ਲਾਕੀ ਤੇ ਇਨਸਾਨੀ ਫਰਜ ਨਿਭਾਉਣ ਦੀ ਕਾਇਲ ਰਹੀ ਹੈ । ਪਰ ਇਸ ਦੇ ਬਾਵਜੂਦ ਵੀ ਭਾਈ ਜਗਤਾਰ ਸਿੰਘ ਹਵਾਰਾ ਵਰਗੇ ਕੌਮੀ ਯੋਧਿਆਂ, ਜਿਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਕਸਟ ਦਿੱਤੇ ਜਾ ਰਹੇ ਹਨ, ਉਹਨਾਂ ਨੂੰ ਅਦਾਲਤਾਂ ਵਿਚ ਬੇੜੀਆਂ ਪਾ ਕੇ ਲਿਆਉਣ ਦੇ ਅਮਲ ਸਿੱਖ ਕੌਮ ਦਾ ਅਪਮਾਨ ਕਰਨ ਅਤੇ ਸਿੱਖਾਂ ਦੇ ਉੱਚੇ-ਸੁੱਚੇ ਅਕਸ ਨੂੰ ਜਾਣਬੁੱਝ ਕੇ “ਖ਼ਲਨਾਇਕਾ” ਵਾਲਾ ਪੇਸ਼ ਕਰਨ ਦੇ ਕੀਤੇ ਜਾ ਰਹੇ ਅਮਲ ਸਮੁੱਚੀ ਸਿੱਖ ਕੌਮ ਲਈ ਅਸਹਿ ਤੇ ਅਕਹਿ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਜਗਤਾਰ ਸਿੰਘ ਹਵਾਰਾ, ਦਿਆ ਸਿੰਘ ਲਹੋਰੀਆ, ਬਲਜੀਤ ਸਿੰਘ ਭਾਊ ਅਤੇ ਹੋਰ ਅਨੇਕਾ ਹੀ ਹਿੰਦੂਤਵ ਹਕੂਮਤ ਨੇ ਆਪਣੀਆਂ ਜੇਲ੍ਹਾਂ ਵਿਚ ਬੰਦੀ ਬਣਾਏ ਹੋਏ ਕੌਮੀ ਯੋਧਿਆਂ ਨਾਲ ਮੰਦਭਾਵਨਾ ਅਧੀਨ ਕੀਤੇ ਜਾ ਰਹੇ ਅਪਮਾਨ ਜਨਕ ਵਿਵਹਾਰ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਜਦੋ ਸੈਟਰ ਦੀਆਂ ਹਕੂਮਤਾਂ, ਇਥੋ ਦੀਆਂ ਅਦਾਲਤਾਂ, ਜੱਜ, ਕਾਨੂੰਨ ਸਿੱਖ ਕੌਮ ਨਾਲ ਅਣਮਨੁੱਖੀ ਅਤੇ ਵਿਤਕਰੇ ਭਰੀਆਂ ਕਾਰਵਾਈਆ ਕਰਦੇ ਹਨ ਤਾਂ ਇਥੇ ਵਿਚਰਣ ਵਾਲੀਆ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਜਥੇਬੰਦੀਆਂ ਵੱਲੋ ਇਸ ਬੇਇਨਸਾਫ਼ੀ ਵਿਰੁੱਧ ਆਵਾਜ਼ ਬੁਲੰਦ ਨਾ ਕਰਨਾ ਵੀ ਦੁੱਖਦਾਇਕ ਵਰਤਾਰਾ ਹੈ । ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਬਾਦਲ ਹਕੂਮਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਵੱਲੋ ਜਾਣਬੁੱਝ ਕੇ ਅਜਿਹੇ ਸੰਜ਼ੀਦਾਂ ਮਸਲਿਆ ਉਤੇ ਚੁੱਪੀ ਵੱਟੀ ਰੱਖਣਾ ਇਹਨਾਂ ਹੁਕਮਰਾਨਾਂ ਅਤੇ ਇਹਨਾਂ ਸਿੱਖੀ ਸੰਸਥਾਵਾਂ ਉਤੇ ਬੈਠੇ ਲੋਕਾਂ ਦੇ ਸਵਾਰਥੀ ਅਮਲਾਂ ਨੂੰ ਵੀ ਪ੍ਰਤੱਖ ਕਰਦੀ ਹੈ । ਜੋ ਸਭ ਕੁਝ ਦੇਖ ਕੇ ਵੀ ਅੱਖਾਂ ਮੀਟ ਲੈਣ ਉਤੇ ਅਮਲ ਕਰ ਰਹੇ ਹਨ । ਜਦੋਕਿ ਗੁਰੂ ਦਾ ਸਿੱਖ ਤਾਂ ਨਾ ਤਾਂ ਕਿਸੇ ਉਤੇ ਕਿਸੇ ਤਰ੍ਹਾਂ ਜ਼ਬਰ-ਜੁਲਮ ਵਧੀਕੀ ਕਰਦਾ ਹੈ ਅਤੇ ਨਾ ਹੀ ਕਿਸੇ ਉਤੇ ਅਜਿਹਾ ਹੁੰਦਾ ਵੇਖ ਸਕਦਾ ਹੈ । ਫਿਰ ਇਹਨਾਂ ਸੰਸਥਾਵਾਂ ਉਤੇ ਬੈਠੇ ਸਿੱਖਾਂ ਦੀਆਂ ਆਤਮਾਵਾਂ ਅਜਿਹੇ ਸਮੇਂ ਮਰ-ਮੁੱਕ ਕਿਉਂ ਜਾਂਦੀਆਂ ਹਨ ? ਉਹਨਾਂ ਕਿਹਾ ਕਿ ਸੈਟਰ ਦੀਆਂ ਸਿੱਖ ਵਿਰੋਧੀ ਹਕੂਮਤਾਂ ਜਾਂ ਉਹਨਾਂ ਦੇ ਭਾਈਵਾਲ ਸਿੱਖ ਕੌਮ ਉਤੇ ਕਿੰਨੇ ਵੀ ਗੈਰ ਕਾਨੂੰਨੀ ਅਤੇ ਗੈਰ ਇਨਸਾਨੀ ਅਮਲ ਕਿਉਂ ਨਾ ਕਰ ਲੈਣ, ਪਰ ਸਿੱਖ ਕੌਮ ਇਹਨਾਂ ਜ਼ਾਬਰ ਹੁਕਮਰਾਨਾਂ ਅਤੇ ਇਹਨਾਂ ਦੇ ਭਾਈਵਾਲ ਬਣੇ ਟੋਡੀਆ ਦੇ ਸਾਜ਼ਸੀ ਮਿਸਨਾਂ ਨੂੰ ਨਾਂ ਤਾਂ ਕਾਮਯਾਬ ਹੋਣ ਦੇਵੇਗੀ ਅਤੇ ਨਾ ਹੀ ਇਹ ਲੋਕ ਅਜਿਹਾ ਕਰਕੇ ਸਿੱਖ ਕੌਮ ਨੂੰ ਆਪਣੇ ਮਿੱਥੇ ਨਿਸ਼ਾਨੇ “ਖ਼ਾਲਿਸਤਾਨ” ਤੋ ਕਿਸੇ ਤਰ੍ਹਾਂ ਪਰ੍ਹਾ ਕਰ ਸਕਦੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਦੀ ਵੱਡਮੁੱਲੀ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੀ ਹੋਈ ਆਪਣੀ ਮੰਜਿ਼ਲ ਦੀ ਪ੍ਰਾਪਤੀ ਹਰ ਕੀਮਤ ਤੇ ਕਰੇਗੀ। ਉਹਨਾਂ ਸਿੱਖ ਯੋਧਿਆਂ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਦਾ ਸਖ਼ਤ ਨੋਟਿਸ ਲੈਦੇ ਹੋਏ ਸੈਟਰ ਦੀ ਬੀਜੇਪੀ, ਆਰ.ਐਸ.ਐਸ. ਦੀ ਹਕੂਮਤ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਉਹ ਸਿੱਖ ਕੌਮ ਦੇ ਅਕਸ ਨੂੰ ਧੁੰਦਲਾ ਕਰਨ ਅਤੇ ਅਜਿਹੇ ਅਣਮਨੁੱਖੀ ਅਮਲਾਂ ਤੋ ਤੋਬਾ ਕਰ ਲਵੇ ਤਾਂ ਬਹਿਤਰ ਹੋਵੇਗਾ । ਵਰਨਾ ਸਿੱਖ ਕੌਮ ਨੂੰ ਆਪਣੀਆਂ ਰਵਾਇਤਾ ਅਤੇ ਸੋਚ ਅਨੁਸਾਰ ਇਤਿਹਾਸਿਕ ਕਾਰਨਾਮੇ ਕਰਨ ਤੋ ਕੋਈ ਨਹੀਂ ਰੋਕ ਸਕੇਗਾਂ ।