ਮੈਡੀਕਲ ਸਹੂਲਤਾਂ ਵਧਣ ਕਾਰਨ, ਲੋਕਾਂ ਦੀ ਜੀਵਨ-ਸ਼ੈਲੀ ਵਿਚ ਆਏ ਸੁਧਾਰ ਕਾਰਨ ਅਤੇ ਨਿੱਜੀ ਸਫਾਈ/ਜਨਤਕ ਬਾਰੇ ਜਾਗਰੂਕਤਾ ਵਧਣ ਕਾਰਨ ਅੱਜ ਵਿਸ਼ਵ ਦੀ ਅਬਾਦੀ ਔਸਤ ਉਮਰ ਅਤੇ ਬਜ਼ੁਰਗਾਂ ਦੀ ਵਸੋਂ ਵਿਚ ਹੈਰਾਨੀਜਨਕ ਵਾਧਾ ਹੋ ਰਿਹਾ ਹੈ । 1901 ਈ ਵਿਚ ਵਿਸ਼ਵ ਦੀ ਆਬਾਦੀ 165 ਕਰੋੜ ਸੀ ਔਸਤ ਉਮਰ 32 ਸਾਲ ਅਤੇ ਬਜ਼ੁਰਗ ਕੁਲ ਵਸੋਂ ਦਾ 3 ਪ੍ਰਤੀਸ਼ਤ ਸਨ ਜੋ 2001 ਈ. ਵਿਚ ਆਬਾਦੀ 685 ਕਰੋੜ ਔਸਤ ਉਮਰ 65 ਸਾਲ ਅਤੇ ਬਜ਼ੁਰਗ ਕੁਲ ਵਸੋਂ ਦਾ ਲਗਭਗ 8 ਪ੍ਰਤੀਸ਼ਤ ਹੋ ਗਏ ਇਸੇ ਤਰ੍ਹਾਂ ਭਾਰਤ ਦੀ 1901 ਵਿਚ ਵਸੋਂ 24 ਕਰੋੜ, ਔਸਤ ਉਮਰ 23 ਸਾਲ ਅਤੇ ਬਜ਼ੁਰਗਾਂ ਦੀ ਗਿਣਤੀ 70 ਲੱਖ ਸੀ ਜੋ 2001 ਵਿਚ ਵਸੋਂ 100 ਕਰੋੜ ਦੇ ਲਗਭਗ, ਔਸਤ ਉਮਰ 63 ਸਾਲ ਅਤੇ ਬਜ਼ੁਰਗਾਂ ਦੀ ਗਿਣਤੀ ਲਗਭਗ 9 ਕਰੋੜ ਹੋ ਗਈ । ਬਜ਼ੁਰਗਾਂ ਦੀ ਵਧਦੀ ਗਿਣਤੀ ਕਾਰਨ ਕਈ ਸਮਾਜਕ, ਆਰਥਿਕ ਅਤੇ ਪਰਿਵਾਰਕ ਮੁਸ਼ਕਲਾਂ ਵਧ ਰਹੀਆਂ ਹਨ । ਬਹੁਤੇ ਮੁਲਕ ਇਸ ਚੁਣੌਤੀ ਦਾ ਸਾਹਮਣਾ ਕਰਨ ਪ੍ਰਤੀ ਤਿਆਰ ਅਤੇ ਗੰਭੀਰ ਨਹੀਂ ਹਨ । ਇਸ ਸਮੱਸਿਆ ਪ੍ਰਤੀ ਜਾਗਰੂਕ ਕਰਨ ਲਈ ਯੂ.ਐਨ.ਓ ਵੱਲੋਂ ਹਰ ਸਾਲ ਇਕ ਅਕਤੂਬਰ ਦਾ ਦਿਨ ਇੰਟਰਨੈਸ਼ਨਲ ਡੇ ਆਫ ਐਲਡਰਸ, ਵਜੋਂ ਮਨਾਇਆ ਜਾਂਦਾ ਹੈ ।
ਵਿਸ਼ਵ ਦੀ ਸੰਸਥਾ ‘‘ਗਲੋਬਲ ਏਜ਼ ਵਾਚ ਇੰਨਡੈਕਸ਼ੂ ਵੱਲੋਂ ਬਜ਼ੁਰਗਾਂ ਸਬੰਧੀ 13 ਖੇਤਰਾਂ ਦੇ ਅਧਾਰ ਤੇ 100 ਅੰਕਾਂ ਦਾ ਚਾਰਟ ਬਣਾਇਆ ਗਿਆ ਹੈ ਹਰ ਮੁਲਕ ਵਿਚ ਬਜ਼ੁਰਗਾਂ ਦੀ ਹਾਲਤ ਨੂੰ ਵੇਖ ਕੇ ਅੰਕ ਪ੍ਰਦਾਨ ਕੀਤੇ ਜਾਂਦੇ ਹਨ । ਸਵੀਡਨ ਅਤੇ ਨਾਰਵੇ ਮੁਲਕਾਂ ਦੇ ਲਗਭਗ 90 ਅੰਕ ਹਨ ਅਤੇ ਵਿਸ਼ਵ ਵਿਚ ਬਜ਼ੁਰਗਾਂ ਦੇ ਸਵਰਗ ਮੰਨੇ ਜਾਂਦੇ ਕੈਨੇਡਾ ਦੇ 80 ਅੰਕ ਹਨ ਅਤੇ ਪੰਜਵੇਂ ਸਥਾਨ ਉੱਤੇ ਹੈ ਭਾਰਤ ਦੇ 35 ਅੰਕ, ਪਾਕਿਸਤਾਨ ਦੇ 8 ਅੰਕ ਅਤੇ ਅਫਗਾਨਿਸਤਾਨ ਦੇ 4 ਅੰਕ ਹਨ । ਅਫਗਾਨਿਸਤਾਨ ਵਿਸ਼ਵ ਵਿਚ ਬਜ਼ੁਰਗਾਂ ਲਈ ਨਰਕ ਹੈ । ਜਿਹੜੇ ਮੁਲਕਾਂ ਵਿਚ ਬਜ਼ੁਰਗ ਸੰਯੁਕਤ ਪਰਿਵਾਰਾਂ ਵਿਚ ਰਹਿੰਦੇ ਹਨ ਉਹਨਾਂ ਵਿਚੋਂ ਬਹੁਤਿਆਂ ਦੀ ਸੰਭਾਲ ਠੀਕ ਨਹੀਂ ਹੁੰਦੀ । ਜਿਸ ਦੇ ਹੇਠ ਲਿਖੇ ਕਾਰਨ ਹੋ ਸਕਦੇ ਹਨ :-
1. ਸਾਰੇ ਜੀਵਾਂ ਸਮੇਤ ਮਨੁੱਖੀ ਜੀਵਨ ਵਿਚ ਲਾਲਚ ਮੂਲ ਪਰਵਿਰਤੀਆਂ ਹੁੰਦੀਆਂ ਹਨ ਜਿਵੇਂ ਗ਼ਮ, ਲਾਲਚ, ਬਦਲਾ ਲੈਣਾ ਆਦਿ । ਮੂਲ ਪਰਵਿਰਤੀਆਂ ਵਿੱਚੋਂ ਆਪਣੇ ਵੰਸ਼ ਦਾ ਵਾਧਾ ਕਰਨਾ ਪ੍ਰਬਲ ਹੁੰਦੀ ਹੈ । ਮਾਪੇ ਆਪਣੀ ਔਲਾਦ ਦੇ ਪਾਲਣ-ਪੋਸ਼ਣ ਲਈ ਆਪਣਾ ਸਾਰਾ ਕੁਝ ਦਾਅ ਤੇ ਲਾ ਦਿੰਦੇ ਹਨ । ਮਾਪੇ ਆਪਣੀ ਔਲਾਦ ਨੂੰ ਬੁਢਾਪੇ ਦਾ ਸਹਾਰਾ ਮੰਨਦੇ ਹਨ ਪਰ ਦੂਜੇ ਪਾਸੇ ਔਲਾਦ ਵਿਚ ਮਾਪਿਆਂ ਦੇ ਦੇਖਭਾਲ ਕਰਨ ਦੀ ਕੁਦਰਤੀ ਪ੍ਰਵਿਰਤੀ ਨਹੀਂ ਹੁੰਦੀ ਜਿਸ ਕਾਰਨ ਕਈ ਬੱਚੇ ਆਪਣੇ ਮਾਪਿਆਂ ਦੀ ਸਹੀ ਸੰਭਾਲ ਨਹੀਂ ਕਰਦੇ ।
2. ਆਧੁਨਿਕ ਯੁੱਗ ਅਤੇ ਇਲੈਕਟ੍ਰੋਨਿਕ ਖੇਤਰ ਵਿਚ ਤੇਜ਼ ਰਫਤਾਰ ਨਾਲ ਤਰੱਕੀ ਹੋ ਰਹੀ ਹੈ । ਇਸ ਨੇ ਸਮਾਜ ਦੇ ਢਾਂਚੇ ਨੂੰ ਉਥਲ-ਪੁਥਲ ਕਰ ਦਿੱਤਾ ਹੈ । ਨਵੀਂ ਪਨੀਰੀ ਆਪਸੀ ਭਾਈਚਾਰੇ ਅਤੇ ਮਿਲਵਰਤਣ ਤੋਂ ਕੋਰੀ ਹੁੰਦੀ ਜਾ ਰਹੀ ਹੈ । ਇਕੱਲੇ ਰਹਿਣ ਵਿਚ ਵਿਸ਼ਵਾਸ ਕਰਦੀ ਹੈ । ਮਾਪਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਤੋਂ ਅਸਮਰੱਥ ਹੋ ਰਹੇ ਹਨ ।
3. ਨਵੀਂ ਪਨੀਰੀ ਵਿਚ ਸਹਿਨਸ਼ੀਲਤਾ ਗਾਇਬ ਹੋ ਰਹੀ ਹੈ । ਨਿੱਕੀ ਜਿਹੀ ਗੱਲ ਉਤੇ ਵੰਡੀਆਂ ਪਾਉਣ ਨੂੰ ਤਿਆਰ ਰਹਿੰਦੀ ਹੈ । ਯੂ.ਐਨ.ਓ ਇਸ ਮਾੜੀ ਰੁਚੀ ਬਾਰੇ ਜਾਗਰੂਕ ਕਰਨ ਲਈ ਹਰ ਸਾਲ 16 ਨਵੰਬਰ ਨੂੰ ਵਿਸ਼ਵ ਸਹਿਨਸ਼ੀਲਤਾ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ । ਮਾਪੇ ਇਸ ਰੁਚੀ ਦਾ ਸ਼ਿਕਾਰ ਹੋ ਰਹੇ ਹਨ ।
4. ਕਦੀ ਮਾਪਿਆਂ ਨੇ ਆਪਣੇ ਮਾਪਿਆਂ ਨਾਲ ਦੁਰਵਿਹਾਰ ਕੀਤਾ ਹੁੰਦਾ ਹੈ । ਉਹ ਮਾਪੇ ਉਹ ਹੀ ਵੱਢਦੇ ਹਨ ਜੋ ਬੀਜਿਆ ਹੁੰਦਾ ਹੈ ।
5. ਕੁਝ ਪਰਿਵਾਰਾਂ ਵਿਚ ਨਸ਼ਿਆਂ ਦਾ ਬੋਲਬਾਲਾ ਹੈ ਜਾਂ ਲੜਾਈ ਦਾ ਮਾਹੌਲ ਬਣਿਆ ਰਹਿੰਦਾ ਹੈ ਜਾਂ ਗੈਰਕਾਨੂੰਨੀ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ । ਇਹੋ ਜਿਹੇ ਪਰਿਵਾਰਾਂ ਵਿਚ ਬਜ਼ੁਰਗਾਂ ਦੀ ਠੀਕ ਸੰਭਾਲ ਦੀ ਉਮੀਦ ਨਹੀਂ ਹੋ ਸਕਦੀ ਹੈ । ਜਿੱਥੋਂ ਤਕ ਆਪਣੀ ਕਮਊਨਿਟੀ ਦਾ ਸਬੰਧ ਹੈ । ਪੰਜਾਬ ਵਿਚ ਰਹਿ ਰਹੇ ਬਜ਼ੁਰਗਾਂ ਅਤੇ ਵਿਦੇਸ਼ਾਂ ਵਿਚ ਰਹਿ ਰਹੇ ਬਜ਼ੁਰਗਾਂ ਦੀਆਂ ਪ੍ਰਸਥਿਤੀਆਂ ਵਿਚ ਅੰਤਰ ਹੈ ਇਸ ਵਿਚ ਕੋਈ ਸ਼ੱਕ ਨਹੀਂ ਕਿ ਵਿਦੇਸ਼ਾਂ ਵਿਚ ਵਾਤਾਵਰਨ ਮਾਹੌਲ ਅਤੇ ਵਧੀਆ ਜੀਵਨ ਬਤੀਤ ਹੁੰਦਾ ਹੈ ਪ੍ਰੰਤੂ ਬਜ਼ੁਰਗਾਂ ਦੀ ਘਰਾਂ ਵਿਚ ਸਹੀ ਸੰਭਾਲ ਨਹੀਂ ਹੁੰਦੀ ਬਜ਼ੁਰਗ ਪੰਜਾਬ ਜਾਣ ਲਈ ਕਾਹਲੇ ਰਹਿੰਦੇ ਹਨ ਸ਼ਾਇਦ ਇਸ ਦੇ ਹੇਠ ਲਿਖੇ ਕਾਰਨ ਹੋ ਸਕਦੇ ਹਨ ।
1. ਪੰਜਾਬ ਵਿਚ ਆਮ ਤੌਰ ਤੇ ਬੱਚੇ ਮਾਪਿਆਂ ਦੇ ਘਰ ਰਹਿੰਦੇ ਹਨ ਜਦੋਂ ਕਿ ਵਿਦੇਸ਼ਾਂ ਵਿਚ ਮਾਪੇ ਬੱਚਿਆਂ ਦੇ ਘਰ ਵਿਚ ਰਹਿੰਦੇ ਹਨ ।
2. ਪੰਜਾਬ ਦੇ ਬਜ਼ੁਰਗ ਅਾਪਣੀ ਉਸੇ ਜੀਵਨ ਸ਼ੈਲੀ ਵਿਚ ਜੀਅ ਸਕਦੇ ਹਨ ਜੋ ਉਹਨਾਂ ਨੇ ਬਚਪਨ ਤੋਂ ਅਪਨਾਈ ਹੋਈ ਹੈ । ਵਿਦੇਸ਼ਾਂ ਵਿਚ ਬਜ਼ੁਰਗਾਂ ਨੂੰ ਮੁਲਕ ਦੇ ਮਾਹੌਲ ਅਨੁਸਾਰ ਢਾਲਣਾ ਪੈਂਦਾ ਹੈ ।
3. ਪੰਜਾਬ ਦੇ ਬਜ਼ੁਰਗ ਆਪਣੀ ਮਰਜੀ ਨਾਲ ਕਿਤੇ ਵੀ ਜਾ ਸਕਦੇ ਹਨ ਪੰਤੂ ਵਿਦੇਸ਼ਾਂ ਵਿਚ ਨਿਰਭਰਤਾ ਹੁੰਦੀ ਹੈ ।
4. ਪੰਜਾਬ ਵਿਚ ਆਧੁਨਿਕਤਾ ਦਾ ਬਹੁਤਾ ਬੋਲਬਾਲਾ ਨਹੀਂ ਹੈ । ਅਜੇ ਵੀ ਮਾਪੇ ਬੱਚਿਆਂ ਨੂੰ ਅਗਵਾਈ ਦੇਣ ਦੇ ਸਮਰੱਥ ਹਨ ਜਦੋਂ ਕਿ ਵਿਦੇਸ਼ਾਂ ਵਿਚ ਅਗਵਾਈ ਦੇਣਾ ਸੰਭਵ ਨਹੀਂ ।
5. ਪੰਜਾਬ ਦਾ ਵਾਤਾਵਰਨ ਸਾਰਾ ਸਾਲ ਅਨੁਕੂਲ ਰਹਿੰਦਾ ਹੈ ਜਦੋਂ ਕਿ ਕੁਝ ਵਿਦੇਸ਼ਾਂ ਵਿਚ ਕਈ-ਕਈ ਮਹੀਨੇ ਬਰਫ ਪੈਂਦੀ ਹੈ ਅਤੇ ਬਜ਼ੁਰਗਾਂ ਨੂੰ ਘਰ ਦੇ ਅੰਦਰ ਹੀ ਰਹਿਣਾ ਪੈਂਦਾ ਹੈ ।
6. ਪੰਜਾਬ ਵਿਚ ਬਿਮਾਰੀ ਜਾਂ ਕਿਸੇ ਮਜ਼ਬੂਰੀ ਕਾਰਨ ਨੌਕਰ ਆਦਿ ਰੱਖ ਸਕਦੇ ਹਨ ।
7. ਆਮ ਤੌਰ ਤੇ ਪੰਜਾਬ ਦੇ ਬਜ਼ੁਰਗ ਪੈਸੇ ਪੱਖੋਂ ਵੀ ਸੌਖੇ ਹੁੰਦੇ ਹਨ ।
ਬਜ਼ੁਰਗ ਅਪਾਣੀ ਸੋਚ ਅਤੇ ਜੀਵਨ ਸ਼ੈਲੀ ਨੂੰ ਬਦਲ ਕੇ ਕੁਝ ਸੌਖੇ ਹੋ ਸਕਦੇ ਹਨ ਜਿਵੇਂ:
1. ਅੱਖ, ਕੰਨ ਅਤੇ ਮੂੰਹ ਬੰਦ ਰੱਖੋ ।
2. ਪਰਿਵਾਰ ਦੇ ਮਾਮਲਿਆਂ ਵਿਚ ਦਖਲ ਨਾਂ ਦੇਵੋ ।
3. ਪਰਵਾਰ ਦੇ ਮੈਂਬਰਾਂ ਦੀ ਨੁਕਤਾਚੀਨੀ ਨਾਂ ਕਰੋ ।
4. ਪਰਿਵਾਰ ਦੇ ਕਿਸੇ ਮਾਮਲੇ ਵਿਚ ਕਿਸੇ ਇਕ ਦੀ ਧਿਰ ਨਾਂ ਬਣੋ ।
5. ਬੱਚਿਆਂ ਦਾ ਪਾਲਣ-ਪੋਸ਼ਣ ਉਹਨਾਂ ਦੇ ਮਾਪਿਆਂ ਉੱਤੇ ਛੱਡੋ ।
6. ਜਿੱਥੋਂ ਤਕ ਹੋ ਸਕੇ ਆਪਣੇ ਕੰਮ ਦੀ ਜੁੰਮੇਵਾਰੀ ਆਪ ਲਵੋ।
7. ਪਰਿਵਾਰ ਦੇ ਮੈਂਬਰਾਂ ਦੇ ਇਕਾਂਤ ਦਾ ਧਿਆਨ ਰੱਖੋ ।
8. ਬਿਨਾਂ ਮੰਗੇ ਸਲਾਹ ਨਾਂ ਦੇਵੋ ।
9. ਆਪਣੀ ਬਿਮਾਰੀ ਜਾਂ ਲੋੜਾਂ ਦੀ ਗੱਲ ਹਰ ਸਮੇਂ ਨਾਂ ਕਰੋ ।
10. ਜੇ ਸਿਹਤ ਆਗਿਆ ਦੇਵੇ ਤਾਂ ਪਰਿਵਾਰ ਦੇ ਕੰਮਾਂ ਵਿਚ ਹੱਥ ਵਟਾਓ ।
11. ਜੇ ਤੁਹਾਡੇ ਕੋਲ ਵੱਖਰਾ ਕਮਰਾ ਹੈ ਤਾਂ ਉਸ ਦੀ ਸਫਾਈ ਅਤੇ ਦੇਖਭਾਲ ਆਪ ਕਰੋ ।
12. ਪਰਿਵਾਰ ਦੇ ਮੈਂਬਰਾਂ/ਬੱਚਿਆਂ ਦੇ ਜਨਮ ਦਿਨ ਸਮੇਂ ਤੋਹਫੇ ਦੇਵੋ ।
13. ਪਰਿਵਾਰ ਦੇ ਮੈਂਬਰਾਂ ਦੇ ਮਹਿਮਾਨਾਂ ਨੂੰ ਬਿਨਾਂ ਲੋੜ ਨਾਂ ਮਿਲੋ ।
14. ਜੇ ਪਰਿਵਾਰ ਜਾਂ ਬੱਚਿਆਂ ਵੱਲੋਂ ਤੋਹਫੇ ਦਿੱਤੇ ਜਾਣ ਤਾਂ ਖਿੜੇ ਮੱਥੇ ਪ੍ਰਵਾਨ ਕਰੋ ।
15. ਜੇ ਪਰਿਵਾਰ ਦੇ ਕਿਸੇ ਮੈਂਬਰ ਦੀ ਕਿਸੇ ਕੰਮ ਲਈ ਲੋੜ ਹੈ ਤਾਂ ਉਤਾਵਲੇ ਨਾਂ ਹੋਵੋ, ਸਗੋਂ ਉਸ ਦੀ ਸੁਵਿਧਾ ਦੇਖੋ ।
16. ਸਮੇਂ-ਸਮੇਂ ਪਰਿਵਾਰ ਦੇ ਮੈਂਬਰਾਂ ਵੱਲੋਂ ਕੀਤੇ ਵਧੀਆ ਕੰਮਾਂ ਦੀ ਬਣਦੀ ਪ੍ਰਸ਼ੰਸ਼ਾ ਕਰਨਾ ਨਾਂ ਭੁੱਲੋ ।
17. ਪਰਿਵਾਰ ਦੇ ਮੈਂਬਰ ਜਦੋਂ ਕੰਮ-ਕਾਜਾਂ ਤੋਂ ਘਰ ਪਰਤਦੇ ਹਨ ਤਾਂ ਤੁਰੰਤ ਕੋਈ ਅਣਸੁਖਾਵੀ ਗੱਲ ਨਾਂ ਕਰੋ ।
18. ਪਰਿਵਾਰ ਦੇ ਕਿਸੇ ਮੈਂਬਰ ਦੀ ਦੂਜੇ ਮੈਂਬਰ ਕੋਲ ਜਾਂ ਕਿਸੇ ਬਾਹਰਲਿਆਂ ਕੋਲ ਚੁਗਲੀ ਨਾਂ ਕਰੋ ।
19. ਪਰਿਵਾਰ ਦੇ ਮੈਂਬਰਾਂ ਦੀ ਰਿਸ਼ਤੇਦਾਰਾਂ, ਗਵਾਂਢੀਆਂ ਆਦਿ ਕੋਲ ਕੇਵਲ ਪ੍ਰਸ਼ੰਸ਼ਾ ਹੀ ਕਰੋ ।
ਮਹਿੰਦਰ ਸਿੰਘ ਵਾਲੀਆ,
ਜਿਲ੍ਹਾ ਸਿੱਖਿਆ ਅਫਸਰ (ਸੇਵਾ-ਮੁਕਤ)